ਅਸ਼ੋਕ ਵਰਮਾ
- ਮ੍ਰਿਤਕ ਘਰ ਦਾ ਸੀ ਇਕਲੌਤਾ ਲੜਕਾ
ਬਠਿੰਡਾ, 3 ਅਪ੍ਰੈਲ 2020 - ਕੋਰੋਨਾ ਵਾਇਰਸ ਕਾਰਨ ਪੰਜਾਬ ’ਚ ਲੱਗੀਆਂ ਪਾਬੰਦੀਆਂ ਕਰਕੇ ਬਣੀ ਮਾੜੀ ਆਰਥਿਕ ਹਾਲਤ ਦੇ ਸਿੱਟੇ ਵਜੋਂ ਭਾਰੀ ਮਾਨਸਿਕ ਪ੍ਰੇਸ਼ਾਨੀ ’ਚ ਇੱਕ ਪਰਿਵਾਰ ਦੇ ਇਕਲੌਤੇ ਚਿਰਾਗ ਵੱਲੋਂ ਫਾਹਾ ਲੈਕੇ ਖੁਦਕਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਭਾਰਤੀ ਕਿਸਾਨ ਯੂਨੀਅਨ ਕਰਾਂਤੀਕਾਰੀ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਅਤੇ ਕਿਸਾਨ ਆਗੂ ਦਰਸ਼ਨ ਸਿੰਘ ਢਿਲੋਂ ਨੇ ਦੱਸਿਆ ਕਿ ਅੱਜ 22 ਸਾਲ ਦੇ ਨੌਜਵਾਨ ਰਣਜੀਤ ਸਿੰਘ ਪੁੱਤਰ ਮਲਕੀਤ ਸਿੰਘ ਚੀਮਾ ਨੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਰਣਜੀਤ ਸਿੰਘ ਅਤੀ ਗਰੀਬ ਕਿਸਾਨ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਜਿਸ ਦੀ ਇੱਕ ਭੈਣ ਹੈ ਜੋ ਵਿਆਹੀ ਹੋਈ ਹੈ। ਉਨ੍ਹਾਂ ਦੱਸਿਆ ਕਿ ਖੇਤੀ ਵਿੱਚ ਕੁੱਝ ਬਚਦਾ ਨਾ ਹੋਣ ਕਾਰਣ ਉਹ ਰਾਜ ਮਿਸਤਰੀਆਂ ਨਾਲ ਕੰਮ ਕਰਦਾ ਸੀ। ਜਦੋਂ ਕੋਈ ਕੰਮ ਨਾ ਮਿਲਦਾ ਤਾਂ ਟਰੱਕਾਂ ਦੀ ਢੋਆ-ਢੁਆਈ ਉੱਪਰ ਵੀ ਗੇੜਾ ਲਾ ਆਉਂਦਾ ਸੀ।
ਉਨ੍ਹਾਂ ਦੱਸਿਆ ਕਿ ਪਿਛਲੇ ਦੋ ਹਫਤਿਆਂ ਤੋਂ ਕੋਰੋਨਾ ਕਰਫਿਊ ਕਾਰਣ ਸਾਰੇ ਦੇ ਸਾਰੇ ਬਾਹਰਲੇ ਕੰਮ ਬੰਦ ਹੋਣ ਕਾਰਣ ਘਰੇ ਹੀ ਰਹਿ ਰਿਹਾ ਸੀ। ਜਦੋਂ ਕੋਈ ਰੁਜਗਾਰ ਨਾਂ ਮਿਲਿਆ ਤਾਂ ਆਰਥਿਕ ਤੰਗੀ ਦੇ ਚੱਲਦਿਆਂ ਉਦਾਸ ਰਹਿਣ ਲੱਗ ਪਿਆ ਸੀ। ਅੱਜ ਸਵੇਰ ਜਦੋਂ ਉਸ ਦਾ ਪਿਤਾ ਉਸ ਦੇ ਕਮਰੇ ਵਿੱਚ ਗਿਆ ਤਾਂ ਉਸਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ।
ਪਿੰਡ ਦੇ ਆਗੂਆਂ ਨੇ ਪਤਾ ਲਗਦਿਆਂ ਹੀ ਇਸਦੀ ਸੂਚਨਾ ਫੂਲ ਥਾਣੇ ਵਿੱਚ ਦਿੱਤੀ। ਥਾਣਾ ਫੂਲ ਪੁਲਿਸ ਨੇ ਮੌਕੇ ਪੋਸਟਮਾਰਟਮ ਕਰਵਾਇਆ ਅਤੇੇ ਧਾਰਾ 174 ਦੀ ਕਾਰਵਾਈ ਕਰਕੇ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮਿ੍ਰਤਕ ਦਾ ਅੱਜ ਅੰਤਮ ਸਸਕਾਰ ਕਰ ਦਿੱਤਾ ਗਿਆ ਹੈ।
ਕਿਸਾਨ ਆਗੂਆਂ ਨੇ ਦਸਿਆ ਕਿ ਪਰਿਵਾਰ ਕੋਲ ਮੁਸ਼ਕਿਲ ਨਾਲ ਡੇਢ ਏਕੜ ਦੇ ਲਗਭਗ ਜਮੀਨ ਹੈ ਅਤੇ ਸਿਰ ਉਪਰ ਸਰਕਾਰੀ ਬੈਂਕ ਅਤੇ ਸੋਸਾਇਟੀ ਦਾ ਕਰਜਾ ਹੇ। ਕਿਸਾਨ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਦੀ ਤਹਿ ਹੋਈ ਪਾਲਿਸੀ ਮੁਤਾਬਿਕ ਖੁਦਕੁਸ਼ੀ ਪੀੜਤ ਪਰਿਵਾਰ ਦਾ ਸਾਰਾ ਕਰਜਾ ਮੁਆਫ ਅਤੇ ਢਾਈ ਲੱਖ ਦਾ ਮੁਆਵਜਾ ਦਿੱਤਾ ਜਾਵੇ।