ਅਸ਼ੋਕ ਵਰਮਾ
ਬਠਿੰਡਾ, 25 ਮਾਰਚ 2020 - ਬਠਿੰਡਾ ਖ਼ਿੱਤੇ ’ਚ ਕਾਰੋਬਾਰ ਕਰਨ ਲਈ ਆਉਣ ਵਾਲੇ ਕਸ਼ਮੀਰੀ ਕਾਰੋਬਾਰੀ ਹੱਥ ਘੁੱਟ ਕੇ ਬੁੱਤਾ ਸਾਰ ਰਹੇ ਹਨ ਜਦੋਂ ਕਿ ਕਈਆਂ ਨੂੰ ਪੈਸੇ ਲਈ ਇੱਧਰੋਂ ਉੱਧਰੋਂ ਪ੍ਰਬੰਧ ਕਰਨੇ ਪੈ ਰਹੇ ਹਨ। ਪਿਛਲੇ ਕਾਫੀ ਸਾਲਾਂ ਤੋਂ ਪੱਕੇ ਤੌਰ ਤੇ ਗਰਮ ਸ਼ਾਲ ਅਤੇ ਹੋਰ ਕੱਪੜੇ ਆਦਿ ਵੇਚਣ ਵਾਲਿਆਂ ਨੂੰ ਉਧਾਰ ਲੈ ਕੇ ਦਿਨ ਕਟੀ ਕਰਨੇ ਪੈ ਰਹੇ ਹਨ। ਕਰੋਨਾ ਵਾਇਰਸ ਕਾਰਨ ਸਰਕਾਰਾਂ ਵੱਲੋਂ ਕੀਤੀਆਂ ਸਖਤ ਪੇਸ਼ਬੰਦੀਆਂ ਨੇ ਉਨਾਂ ਲਈ ਮੁਸ਼ਕਲਾਂ ਖੜੀਆਂ ਕਰ ਦਿੱਤੀਆਂ ਹਨ। ਪਤਾ ਲੱਗਿਆ ਹੈ ਕਿ ਬਠਿੰਡਾ ਜਿਲੇ ’ਚ ਪੱਕੇ ਤੌਰ ਤੇ ਆਉਣ ਵਾਲੇ ਕਸ਼ਮੀਰੀ ਕਾਰੋਬਾਰੀਆਂ ਦੀ ਗਿਣਤੀ ਪੰਜ ਦਰਜਨ ਦੇ ਕਰੀਬ ਹੈ ਜਦੋਂਕਿ ਮਾਲਵੇ ’ਚ ਇਹ ਅੰਕੜਾ ਕਾਫੀ ਉੱਚਾ ਹੈ।
ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੀ ਅਪੀਲ ਦੇ ਅਧਾਰ ਤੇ ਜਨਤਕ ਕਰਫਿਊ ਰਿਹਾ ਤਾਂ ਬਾਅਦ ’ਚ ਪੰਜਾਬ ਸਰਕਾਰ ਨੇ ਕਰਫਿਊ ਲਾ ਕੇ ਪੱਕੇ ਤੌਰ ਤੇ ਹੀ ਬੰਦ ਕਰ ਦਿੱਤਾ ਹੈ। ਹੁਣ ਦੁਬਾਰਾ ਪ੍ਰਧਾਨ ਮੰਤਰੀ ਵੱਲੋਂ ਕੀਤੇ ‘ਲਾਕਡਾਊਨ’ ਨੇ ਫਾਕਿਆਂ ਦੀ ਨੌਬਤ ਖੜੀ ਕਰ ਦਿੱਤੀ ਹੈ। ਵੇਰਵਿਆਂ ਅਨੁਸਾਰ ਠੰਢ ਦੇ ਆਖਰੀ ਦਿਨਾਂ ਦੌਰਾਨ ਇਹ ਲੋਕ ਆਪਣਾ ਕੰਮ ਧੰਦਾ ਅਤੇ ਪੈਸਿਆਂ ਦਾ ਲੈਣ ਦੇਣ ਸਮੇਟਣ ਉਪਰੰਤ ਘਰਾਂ ਨੂੰ ਪਰਤਣ ਦੀ ਤਿਆਰੀ ਕਰ ਰਹੇ ਸਨ ਕਿ ਪੰਜਾਬ ’ਚ ਕਰਫਿਊ ਲਗਾ ਦਿੱਤਾ ਗਿਆ ਹੈ। ਸਿਰਫ ਫੋਨ ਸੇਵਾ ਰਾਹੀਂ ਇੰਨ੍ਹਾਂ ਦੀ ਆਪਣੇ ਪ੍ਰੀਵਾਰਾਂ ਨਾਲ ਗੱਲਬਾਤ ਹੋ ਰਹੀ ਹੈ। ਬੱਸਾਂ ਬੰਦ ਹੋਣ ਕਰਕੇ ਇਹ ਨਾਂ ਤਾਂ ਘਰੀਂ ਜਾ ਸਕਦੇ ਹਨ ਅਤੇ ਨਾਂ ਹੀ ਬੈਂਕ ਸੇਵਾਵਾਂ ਠੱਪ ਹੋਣ ਕਾਰਨ ਘਰ ਤੋਂ ਪੈਸਾ ਟਕਾ ਮੰਗਵਾਇਆ ਜਾ ਸਕਦਾ ਹੈ। ਰਾਹਤ ਵਾਲੀ ਗੱਲ ਇਹੋ ਹੈ ਕਿ ਕਈ ਵਰ੍ਹਿਆਂ ਤੋਂ ਲਗਾਤਰ ਆਉਣ ਕਰਕੇ ਇੰਨਾਂ ਦਾ ਵਕਾਰ ਬਣਿਆ ਹੋਣ ਕਾਰਨ ਲੈਣ ਦੇਣ ਹੋ ਜਾਂਦਾ ਹੈ ਪਰ ਸਾਰੇ ਇਸ ਸ਼੍ਰੇਣੀ ’ਚ ਨਈਂ ਆਉਂਦੇ ਹਨ।
ਦੱਸਣਯੋਗ ਹੈ ਕਿ ਬਠਿੰਡਾ ਖਿੱਤੇ ’ਚ ਪਸ਼ਮੀਨੇ ਵਾਲੇ ਕਸ਼ਮੀਰੀ ਸ਼ਾਲ ਦੀ ਕਾਫੀ ਮੰਗ ਹੁੰਦੀ ਹੈ । ਇਹ ਲੋਕ ਕਸ਼ਮੀਰ ਵਾਦੀ ਦੀਆਂ ਵਸਤਾਂ ਦੇ ਨਾਲ ਨਾਂਲ ਹੌਜ਼ਰੀ ਦਾ ਹੋਰ ਵੀ ਸਮਾਨ ਵੇਚਣ ਲਈ ਆਉਂਦੇ ਹਨ। ਭਾਵੇਂ ਰਸੋਈ ਗੈਸ ਅਤੇ ਬਦਲਦੇ ਵਕਤ ਕਾਰਨ ਰੁਝਾਨ ਸੀਮਤ ਹੋ ਗਿਆ ਹੈ ਪਰ ਕੋਈ ਸਮਾਂ ਸੀ ਕੁਹਾੜਿਆਂ ਨਾਂਲ ਲੱਕੜਾਂ ਪਾੜਨ ਦੇ ਕੰਮ ’ਚ ਕਸ਼ਮੀਰੀਆਂ ਦਾ ਬੋਲਬਾਲਾ ਹੁੰਦਾ ਸੀ। ਦੱਸਿਆ ਜਾਂਦਾ ਹੈ ਕਿ ਪੇਂਡੂ ਖੇਤਰਾਂ ’ਚ ਅਜੇ ਵੀ ਕਈ ਕਸ਼ਮੀਰੀ ਲੱਕੜ ਪਾੜਨ ਦਾ ਕੰਮ ਕਰਨ ਜਾਂ ਹੋਰ ਮਜਦੂਰੀ ਲਈ ਆਉਂਦੇ ਹਨ। ਬਹੁਤੇ ਲੋਕ ਗਰੀਬ ਜਾਂ ਮੱਧਵਰਗੀ ਪ੍ਰੀਵਾਰਾਂ ਨਾਲ ਸਬੰਧਤ ਹਨ ਜਿੰਨਾਂ ਨੂੰ ਪ੍ਰਸ਼ਾਸ਼ਨ ਨਾਲ ਰਾਬਤਾ ਕਾਇਮ ਕਰਕੇ ਆਪਣੀਆਂ ਤਕਲੀਫ਼ਾਂ ਤੋਂ ਜਾਣੂ ਕਰਵਾਉਣਾ ਵੀ ਔਖਾ ਜਾਪ ਰਿਹਾ ਹੈ। ਖਾਸ ਤੌਰ ਤੇ ਧਾਰਾ 370 ਦੇ ਖਾਤਮੇ ਉਪਰੰਤ ਤਾਂ ਕਸ਼ਮੀਰੀ ਲੋਕਾਂ ਨੂੰ ਵਿਚਰਨ ’ਚ ਆਉਂਦੀਆਂ ਮੁਸ਼ਕਲਾਂ ਵੀ ਅੜਿੱਕਾ ਹਨ।
ਕਰਫਿਊ ਤੋਂ ਪਹਿਲਾਂ ਕਰਿਆਨਾ ਵਸਤਾਂ ਦੀ ਖਰੀਦ ਕਰ ਰਹੇ ਕਸ਼ਮੀਰੀ ਨੌਜਵਾਨ ਨੇ ਦੱਸਿਆ ਕਿ ਮਾਲਕਾਂ ਨੂੰ ਹਾਲੇ ਕਿਰਾਇਆ ਦੇਣਾ ਹੈ ਅਤੇ ਉਨ੍ਹਾਂ ਨੇ ਰੋਜ਼ਾਨਾ ਦੇ ਖਰਚ ਲਈ ਇੱਕ ਦੂਸਰੇ ਤੋਂ ਉਧਾਰ ਪੈਸੇ ਲੈ ਕੇ ਕੰਮ ਚਲਾਇਆ ਹੈ। ਇਹ ਵੀ ਪਤਾ ਲੱਗਾ ਹੈ ਕਿ ਮਕਾਨ ਮਾਲਕਾਂ ਨੇ ਇਨਾਂ ਕਸ਼ਮੀਰੀਆਂ ਦੇ ਪੁਰਾਣੇ ਵਕਾਰ ਅਤੇ ਤਾਜਾ ਮੁਸ਼ਕਲ ਨੂੰ ਦੇਖਦੇ ਹੋਏ ਕਿਰਾਏ ਵਿਚ ਮੋਹਲਤ ਦੇ ਦਿੱਤੀ ਹੈ। ਇਨਾਂ ਲੋਕਾਂ ਨੇ ਸ਼ਹਿਰ ਵਿਚ ਵੀ ਬਹੁਤਾ ਜਾਣਾ ਬੰਦ ਕੀਤਾ ਹੋਇਆ ਹੈ ਅਤੇ ਖਰਚੇ ਘਟਾ ਕੇ ਡੰਗ ਟਪਾ ਰਹੇ ਹਨ। ਉਨਾਂ ਦੱਸਿਆ ਕਿ ਇਸ ਨਾਲ ਥੋੜੀ ਰਾਹਤ ਮਿਲੀ ਹੈ ਅਤੇ ਪੰਜਾਬ ’ਚ ਰਹਿੰਦਿਆਂ ਸੁਰੱਖਿਆ ਦਾ ਵੀ ਕੋਈ ਮਸਲਾ ਨਹੀਂ ਹੈ। ਕਾਰੋਬਾਰੀ ਅਬਦੁਲ ਰਜਾਕ ਨੇ ਦੱਸਿਆ ਕਿ ਉਹ ਘਰ ਪਰਤ ਗਿਆ ਹੈ ਪਰ ਇਕੱਲੇ ਬਠਿੰਡਾ ਸ਼ਹਿਰ ’ਚ ਸੌ ਦੇ ਕਰੀਬ ਕਸ਼ਮੀਰੀ ਅਜੇ ਵੀ ਹਨ। ਉਨਾਂ ਆਖਿਆ ਕਿ ਬੰਦ ਕਾਰਨ ਕਾਰੋਬਾਰ ਵੀ ਠੱਪ ਹੈ ਅਤੇ ਜੇਬ ਚੋਂ ਖਰਚਾ ਕਰਨਾ ਸਮੱਸਿਆ ਖੜੀ ਕਰਦਾ ਹੈ।
ਸੁਸਾਇਟੀ ਸਹਾਇਤਾ ਲਈ ਤਿਆਰ
ਦੂਸਰੇ ਪਾਸੇ ਬਠਿੰਡਾ ਦੀਆਂ ਸਮਾਜਸੇਵੀ ਧਿਰਾਂ ਨੇ ਕਰਫਿਊ ਕਾਰਨ ਦਿੱਕਤਾਂ ਦਾ ਸਾਹਮਣਾ ਕਰ ਰਹੇ ਵਰਗਾਂ ਦੀ ਸਹਾਇਤਾ ਸ਼ੁਰੂ ਕਰ ਦਿੱਤੀ ਹੈ। ਸਮਾਜ ਸੇਵੀ ਆਗੂ ਬਕਾਇਦਾ ਸਵੇਰ ਸ਼ਾਮ ਅਜਿਹੇ ਲੋਕਾਂ ਨੂੰ ਲੰਗਰ ਤੇ ਚਾਹ ਪਾਣੀ ਆਦਿ ਪੁਹੰਚਾ ਰਹੇ ਹਨ। ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੇ ਦੱਸਿਆ ਕਿ ਕੁੱਝ ਕਸ਼ਮੀਰੀ ਕਾਰੋਬਾਰੀਆਂ ਬਾਰੇ ਉਨਾਂ ਦੀ ਸੰਸਥਾ ਨੂੰ ਜਾਣਕਾਰੀ ਮਿਲੀ ਸੀ ਜਿਸ ਪਿੱਛੋਂ ਉਹ ਦੋ ਵਕਤ ਦਾ ਖਾਣਾ ਭਿਜਵਾ ਰਹੇ ਹਨ। ਉਨਾਂ ਆਖਿਆ ਕਿ ਜੇਰ ਕੋਈ ਅਜਿਹਾ ਵਿਅਕਤਤੀ ਨਜ਼ਰ ਆਉਂਦਾ ਹੈ ਤਾਂ ਸੰਸਥਾ ਨਾਲ ਸੰਪਰਕ ਕੀਤਾ ਜਾਏ ਤਾਂ ਉਸ ਦੀ ਸਹਾਇਤਾ ਕੀਤੀ ਜਾਏਗੀ।
ਪ੍ਰਸ਼ਾਸ਼ਨ ਨਾਲ ਸੰਪਰਕ ਕਰਨ ਲੋੜਵੰਦ: ਡੀਸੀ
ਡਿਪਟੀ ਕਮਿਸ਼ਨਰ ਬਠਿੰਡਾ ਬੀ ਸ੍ਰੀ ਨਿਵਾਸਨ ਦਾ ਕਹਿਣਾ ਸੀ ਕਿ ਹਾਲੇ ਤੱਕ ਕਿਸੇ ਵੀ ਅਜਿਹੇ ਵਿਅਕਤੀ ਨੇ ਪ੍ਰਸ਼ਾਸ਼ਨ ਨਾਲ ਸੰਪਰਕ ਨਹੀਂ ਕੀਤਾ ਹੈ। ਉਨਾਂ ਦੱਸਿਆ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਸਮੱਸਿਆ ਆ ਰਹੀ ਹੈ ਤਾਂ ਉਹ ਅਧਿਕਾਰੀਆਂ ਨੂੰ ਜਾਣਕਾਰੀ ਦੇ ਸਕਦਾ ਹੈ, ਉਸ ਦੀ ਸਹਾਇਤਾ ਕੀਤੀ ਜਾਏਗੀ।