ਅਸ਼ੋਕ ਵਰਮਾ
ਬਠਿੰਡਾ, 31 ਮਾਰਚ 2020 - ਬਠਿੰਡਾ ਪੁਲਿਸ ਰੇਂਜ ਦੇ ਆਈ.ਜੀ. ਅਰੁਣ ਕੁਮਾਰ ਮਿੱਤਲ ਨੇ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤੀ ਦੇ ਸੰਕੇਤ ਦਿੱਤੇ ਹਨ। ਕੁੱਝ ਦਿਨ ਪਹਿਲਾਂ ਪੁਲਿਸ ਵੱਲੋਂ ਕੀਤੀ ਕੁੱਟਮਾਰ ਦੀਆਂ ਘਟਨਾਵਾਂ ਤੋਂ ਬਾਅਦ ਪੁਲਿਸ ਨੇ ਕੁੱਝ ਨਰਮੀ ਦਿਖਾਈ ਸੀ। ਅੱਜ ਆਈ ਜੀ ਨੇ ਸਪੱਸ਼ਟ ਕੀਤਾ ਕਿ ਜੋ ਲੋਕ ਕਰਫਿਊ ਦੀਆਂ ਪਾਬੰਦੀਆਂ ਦੀ ਪਾਲਣਾ ਨਹੀਂ ਕਰਨਗੇ ਉਨਾਂ ਖਿਲਾਫ ਪੁਲਿਸ ਕਾਰਵਾਈ ਕੀਤੀ ਜਾਏਗੀ।
ਅੱਜ ਇੱਥੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ, ਐਸ.ਐਸ.ਪੀ. ਬਠਿੰਡਾ ਡਾ: ਨਾਨਕ ਸਿੰਘ, ਸ੍ਰੀ ਮੁਕਤਸਰ ਸਾਹਿਬ ਦੇ ਐਸ.ਐਸ.ਪੀ. ਸ: ਰਾਜਬਚਨ ਸਿੰਘ ਸੰਧੂ, ਮਾਨਸਾ ਦੇ ਐਸਐਸਪੀ ਨਰਿੰਦਰ ਭਾਰਗਵ ਦੀ ਹਾਜਰੀ ’ਚ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਸ੍ਰੀ ਮਿੱਤਲ ਨੇ ਆਪਣਾ ਏਜੰਡਾ ਰੱਖਿਆ। ਪੰਜਾਬ ’ਚ ਕਰਫਿਊ 14 ਅਪਰੈਲ ਤੱਕ ਵਧਾਉਣ ਤੋਂ ਬਾਅਦ ਆਈਜੀ ਦੀ ਇਹ ਪਹਿਲੀ ਪ੍ਰੈਸ ਕਾਨਫਰੰਸ ਸੀ। ਉਨਾਂ ਦੱਸਿਆ ਕਿ ਸੂਬੇ ਦੀਆਂ ਅੰਤਰਰਾਜੀ ਸਰਹੱਦਾਂ ਸੀਲ ਕਰ ਦਿੱਤੀਆਂ ਗਈਆਂ ਹਨ ਅਤੇ ਕੋਈ ਵੀ ਕੋਤਾਹੀ ਬਰਦਾਸ਼ਤ ਨਹੀਂ ਕੀਤੀ ਜਾਏਗੀ। ਉਨਾਂ ਨੇ ਦੱਸਿਆ ਕਿ ਰੇਂਜ ਅਧੀਨ ਪੈਂਦੇ ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਅਤੇ ਮਾਨਸਾ ਵਿਚ ਜਰੂਰੀ ਵਸਤਾਂ ਦੀ ਸਪਲਾਈ ਚੇਨ ਆਮ ਵਾਂਗ ਚੱਲ ਰਹੀ ਹੈ ਪਰ ਜੇਕਰ ਕੋਈ ਵੀ ਕਰਫਿਊ ਦਾ ਉਲੰਘਣ ਕਰੇਗਾ ਤਾਂ ਉਸ ਖਿਲਾਫ ਸਖ਼ਤ ਕਾਰਵਾਈ ਪੁਲਿਸ ਵੱਲੋਂ ਕੀਤੀ ਜਾਵੇਗੀ।
ਇਸ ਮੌਕੇ ਏਕੇ ਮਿੱਤਲ ਨੇ ਕਿਹਾ ਕਿ ਲੋਕਾਂ ਵੱਲੋਂ ਕਰਫਿਊ ਵਿਚ ਸਹਿਯੋਗ ਕੀਤਾ ਜਾ ਰਿਹਾ ਹੈ। ਪਰ ਜੋ ਲੋਕ ਕਰਫਿਊ ਦਾ ਉਲੰਘਣ ਕਰਕੇ ਘਰਾਂ ਤੋਂ ਬਾਹਰ ਆ ਰਹੇ ਹਨ ਉਹ ਸਮਾਜ ਲਈ ਖਤਰਾ ਪੈਦਾ ਕਰ ਰਹੇ ਹਨ ਅਤੇ ਪੁਲਿਸ ਵੱਲੋਂ ਅਜਿਹੇ ਲੋਕਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਏਗਾ
ਆਈ.ਜੀ. ਸ੍ਰੀ ਮਿੱਤਲ ਨੇ ਇਸ ਮੌਕੇ ਜਨ ਸੇਵਾ ਵਿਚ ਲੱਗੇ ਸਮੂਹ ਵਿਭਾਗਾਂ, ਸਮਾਜ ਸੇਵੀ ਸੰਸਥਾਵਾਂ ਦਾ ਧੰਨਵਾਦ ਕਰਦਿਆ ਅਪੀਲ ਕੀਤੀ ਕਿ ਫੈਕਟਰੀਆਂ ਵਾਲੇ ਆਪਣੇ ਕਾਮਿਆਂ ਦੀ ਇਸ ਮੌਕੇ ਸਹਾਇਤਾ ਕਰਦਿਆਂ ਉਨਾਂ ਨੂੰ ਖਾਣਾ ਮੁਹਈਆ ਕਰਵਾਉਣ।
ਇਸੇ ਤਰਾਂ ਉਨਾਂ ਨੇ ਮਕਾਨ ਮਾਲਕਾਂ ਨੂੰ ਵੀ ਅਪੀਲ ਕੀਤੀ ਕਿ ਇਸ ਮੁਸਕਿਲ ਦੌਰ ਵਿਚ ਆਪਣੇ ਕਿਰਾਏਦਾਰਾਂ ਨਾਲ ਸਹਿਯੋਗ ਕਰਨ। ਇਸ ਮੌਕੇ ਉਨਾਂ ਨੇ ਲੋਕਾਂ ਨੂੰ ਕਿਹਾ ਕਿ ਉਹ ਘਰਾਂ ਦੇ ਅੰਦਰ ਹੀ ਰਹਿਣ ਅਤੇ ਘਰ ਦੇ ਅੰਦਰ ਵੀ ਸਾਫ ਸਫਾਈ ਦਾ ਪੂਰਾ ਧਿਆਨ ਦੇਣ ਅਤੇ ਚੰਗੀ ਖੁਰਾਕ ਖਾਣ।
ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ ਨੇ ਕਿਹਾ ਕਿ ਰਾਸ਼ਨ ਸਮੇਤ ਬਾਕੀ ਜਰੂਰੀ ਵਸਤਾਂ ਦੀ ਸਪਲਾਈ ਹੁਣ ਬਹਾਲ ਹੋ ਚੁੱਕੀ ਹੈ। ਉਨਾਂ ਨੇ ਕਿਹਾ ਕਿ ਰਾਸ਼ਨ ਜਾਂ ਕਿਸੇ ਹੋਰ ਸਮਾਨ ਦਾ ਸਹਿਯੋਗ ਕਰਨ ਦੇ ਇੱਛੁਕ ਨਗਰ ਨਿਗਮ ਕਮਿਸ਼ਨਰ ਦਫ਼ਤਰ ਨਾਲ ਰਾਬਤਾ ਕਰ ਸਕਦੇ ਹਨ।