ਨਿਰਵੈਰ ਸਿੰਘ ਸਿੰਧੀ
ਮਮਦੋਟ 17 ਅਪ੍ਰੈਲ 2020 :- ਬੇਸ਼ੱਕ ਪੰਜਾਬ ਵਿਚ ਮੋਜੂਦਾ ਸਮੇਂ ਕਰਫਿਊ ਲੱਗਾ ਹੋਇਆ ਹੈ ਪਰ ਅਜਿਹੀ ਸਥਿਤੀ ਵਿਚ ਵੀ ਲੋਕਾਂ ਦੀ ਜਾਨ, ਮਾਲ ਸੁਰੱਖਿਅਤ ਨਹੀਂ ਹੈ, ਜਿਥੇ ਇੱਕ ਪਾਸੇ ਪੰਜਾਬ ਪੁਲਿਸ ਕਰਫਿਊ ਦੀ ਉਲੰਘਣਾ ਕਰਨ ਵਾਲੇ ਲੋਕਾਂ ਦੀ ਡੰਡਾ ਪਰੇਡ ਕਰਨ ਤੋਂ ਲੈ ਕੇ ਉਨ੍ਹਾਂ ਦੇ ਪਰਚੇ ਵੀ ਕਰ ਰਹੀ ਹੈ ਉਥੇ ਦੂਜੇ ਪਾਸੇ ਚੋਰਾਂ ਦੇ ਹੋਸਲੇ ਇੰਨੇ ਬੁਲੰਦ ਹਨ ਕਿ ਪੁਲਿਸ ਨਾਕਾਬੰਦੀ ਦੇ ਬਾਵਜੂਦ ਬੇਖੌਫ ਹੋ ਕੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਦੱਸਣਯੋਗ ਹੈ ਕਿ ਫਿਰੋਜ਼ਪੁਰ ਫਾਜਿਲਕਾ ਮੁੱਖ ਮਾਰਗ ਤੇ ਸਥਿਤ ਅੱਡਾ ਜੰਗਾਂ ਵਾਲਾ ਮੋੜ ਵਿਖੇ ਇੱਕ ਡੇਅਰੀ ਸਮੇਤ ਤਿੰਨ ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦਿਆਂ ਪਿਛਲੇ ਹਫਤੇ ਅਗਿਆਤ ਚੋਰਾਂ ਵੱਲੋਂ ਸੀ ਸੀ ਟੀ ਵੀ ਕੈਮਰਾ, ਡੀ ਵੀ ਆਰ, ਨਗਦੀ ਤੇ ਹੋਰ ਸਾਮਾਨ ਚੋਰੀ ਕਰ ਲਿਆ ਗਿਆ ਸੀ ਜਿਸ ਦੀ ਸੂਚਨਾ ਦੁਕਾਨ ਮਾਲਕ ਗੁਰਮੇਲ ਸਿੰਘ ਪੁੱਤਰ ਵੀਰ ਸਿੰਘ ਪਿੰਡ ਸ਼ੇਖਾਂ ਵੱਲੋਂ ਥਾਣਾ ਮਮਦੋਟ ਵਿਖੇ ਦਿੱਤੇ ਜਾਣ ਦੇ ਬਾਵਜੂਦ ਵੀ ਪੁਲਿਸ ਵੱਲੋ ਕੋਈ ਕਾਰਵਾਈ ਨਹੀਂ ਕੀਤੀ ਜਾ ਸਕੀ ਤੇ ਅਗਲੀ ਰਾਤ ਫਿਰ ਚੋਰਾਂ ਨੇ ਉਕਤ ਡੇਅਰੀ ਦੀ ਦੁਕਾਨ ਦਾ ਸ਼ਟਰ ਤੋੜ ਕੇ ਚੋਰੀ ਦੀ ਇੱਕ ਹੋਰ ਵਾਰਦਾਤ ਨੂੰ ਅੰਜਾਮ ਦੇ ਦਿੰਦਿਆਂ ਪੁਲਿਸ ਕਾਰਵਾਈ ਨੂੰ ਸਿੱਧੇ ਤੌਰ ਤੇ ਚੈਲੇਂਜ ਕਰ ਦਿੱਤਾ ।ਹੱਦ ਉਦੋ ਹੋ ਗਈ ਜਦੋ ਬੀਤੀ 16 ਅਪ੍ਰੈਲ ਦੀ ਰਾਤ ਨੂੰ ਚੋਰਾਂ ਨੇ ਉਸੇ ਦੁਕਾਨ ਤੇ ਧਾਵਾ ਬੋਲਦਿਆਂ ਦੁਕਾਨ ਦੀ ਪਿਛਲੀ ਦੀਵਾਰ ਤੋੜ ਕੇ ਚੋਰੀ ਦੀ ਫਿਰ ਕੋਸ਼ਿਸ਼ ਕੀਤੀ। ਜੇਕਰ ਅਜਿਹੇ ਹਾਲਾਤਾਂ ਵਿਚ ਸ਼ਰਾਰਤੀ ਅਨਸਰਾਂ ਨੂੰ ਪੁਲਿਸ ਦਾ ਡਰ ਨਹੀਂ ਹੈ ਤਾਂ ਆਂਮ ਦਿਨਾਂ ਵਿਚ ਹਾਲਾਤ ਕੀ ਹੋਣਗੇ ਇਸ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ। ਜੇਕਰ ਕਰਫਿਊ ਦੋਰਾਨ ਚੋਰੀ ਦੀਆਂ ਘਟਨਾਵਾਂ ਹੋ ਰਹੀਆਂ ਹਨ ਤਾਂ ਪੁਲਿਸ ਦੀ ਕਾਰਗੁਜਾਰੀ ਸਵਾਲਾਂ ਦੇ ਘੇਰੇ ਚ ਆਉਣਾ ਸੁਭਾਵਿਕ ਹੀ ਹੈ।