← ਪਿਛੇ ਪਰਤੋ
ਧਵਨ ਕਾਲੋਨੀ ਦੇ ਰਹਿਣ ਵਾਲੇ ਸਰਾਂ ਪਰਿਵਾਰ ਨੇ ਸਥਿਤੀ ਦੀ ਗੰਭੀਰਤਾ ਨੂੰ ਸਮਝਦੇ ਹੋਏ ਬੇਹੱਦ ਸ਼ਾਰਟ ਨੋਟਿਸ ਤੇ ਪਰਮਿਸ਼ਨ ਜਾਰੀ ਕਰਨ ਲਈ ਡਿਪਟੀ ਕਮਿਸ਼ਨਰ ਦਾ ਕੀਤਾ ਧੰਨਵਾਦ
ਫਿਰੋਜ਼ਪੁਰ 31 ਮਾਰਚ 2020: ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ੍ਰ. ਕੁਲਵੰਤ ਸਿੰਘ ਵੱਲੋਂ ਸਿਰਫ਼ ਇੱਕ ਫ਼ੋਨ ਕਾਲ ਤੇ ਗਰਭਵਤੀ ਮਹਿਲਾ ਨੂੰ ਡਲਿਵਰੀ ਲਈ ਕਰਫ਼ਿਊ ਦੌਰਾਨ ਬਠਿੰਡਾ ਲੈ ਕੇ ਜਾਣ ਲਈ ਜਾਰੀ ਕੀਤੀ ਪਰਮਿਸ਼ਨ ਫਿਰੋਜ਼ਪੁਰ ਦੇ ਸਰਾਂ ਪਰਿਵਾਰ ਲਈ ਵਰਦਾਨ ਸਾਬਤ ਹੋਈ। ਗਰਭਵਤੀ ਮਹਿਲਾ ਨੇ ਐਤਵਾਰ ਨੂੰ ਇੱਕ ਲੜਕੇ ਨੂੰ ਜਨਮ ਦਿੱਤਾ ਅਤੇ ਜੱਚਾ ਬੱਚਾ ਦੋਵੇਂ ਪੂਰੀ ਤਰ੍ਹਾਂ ਤੰਦਰੁਸਤ ਹਨ। ਪਰਿਵਾਰ ਨੇ ਇਹ ਖ਼ੁਸ਼ੀ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਨਾਲ ਸਾਂਝੀ ਕੀਤੀ ਅਤੇ ਨਵੇਂ ਜਨਮੇ ਬੱਚੇ ਦੀਆਂ ਤਸਵੀਰਾਂ ਵਟਸਐੱਪ ਤੇ ਭੇਜੀਆਂ ਤੇ ਨਾਲ ਹੀ ਮੈਸੇਜ ਕੀਤਾ ਕਿ ਧੰਨਵਾਦ ਡੀਸੀ ਸਾਹਿਬ। ਡਿਪਟੀ ਕਮਿਸ਼ਨਰ ਨੇ ਜਵਾਬ ਵਿੱਚ ਬੱਚੇ ਲਈ ਆਪਣਾ ਆਸ਼ੀਰਵਾਦ ਤੇ ਸ਼ੁੱਭਕਾਮਨਾਵਾਂ ਭੇਜੀਆਂ। ਧਵਨ ਕਾਲੋਨੀ ਦੇ ਰਹਿਣ ਵਾਲੇ ਕੁਲਦੀਪ ਸਿੰਘ ਸਰਾਂ ਨੇ ਦੱਸਿਆ ਕਿ ਉਸ ਦੀ ਪਤਨੀ ਮਨਪ੍ਰੀਤ ਕੌਰ ਗਰਭਵਤੀ ਸੀ ਅਤੇ ਉਸ ਦਾ ਇਲਾਜ ਬਠਿੰਡਾ ਦੇ ਕਪਿਲਾ ਹਸਪਤਾਲ ਵਿੱਚ ਚੱਲ ਰਿਹਾ ਸੀ। 27 ਮਾਰਚ ਨੂੰ ਉਨ੍ਹਾਂ ਦੀ ਪਤਨੀ ਮਨਪ੍ਰੀਤ ਕੌਰ ਨੂੰ ਹਸਪਤਾਲ ਲੈ ਕੇ ਜਾਣ ਦੀ ਜ਼ਰੂਰਤ ਪਈ ਪਰ ਕਰਫ਼ਿਊ ਕਰਕੇ ਉਹ ਜਾ ਨਹੀਂ ਪਾ ਰਹੇ ਸਨ ਅਤੇ ਪਾਸ ਬਣਵਾਉਣ ਦਾ ਵੀ ਸਮੇਂ ਨਹੀਂ ਸੀ। ਇਸ ਲਈ ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਫ਼ੋਨ ਤੇ ਸਾਰੀ ਗੱਲ ਦੱਸੀ। ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਬੜੇ ਹੈਰਾਨ ਹੋਏ ਜਦੋਂ ਕੁੱਝ ਸਮੇਂ ਬਾਅਦ ਡਿਪਟੀ ਕਮਿਸ਼ਨਰ ਦਫ਼ਤਰ ਵੱਲੋਂ ਵਟਸਐੱਪ ਤੇ ਉਨ੍ਹਾਂ ਨੂੰ ਪਰਮਿਸ਼ਨ ਲੈਟਰ ਭੇਜੀ ਗਈ ਜੋ ਕਿ ਡਿਪਟੀ ਕਮਿਸ਼ਨਰ ਵੱਲੋਂ ਉਨ੍ਹਾਂ ਦੇ ਲੈਟਰ ਹੈੱਡ ਤੇ ਸੀ। ਇਸ ਲੈਟਰ ਵਿੱਚ ਕੁਲਦੀਪ ਸਿੰਘ ਸਮੇਤ ਉਨ੍ਹਾਂ ਦੀ ਪਤਨੀ ਤੇ ਪਿਤਾ ਨੂੰ ਬਠਿੰਡਾ ਆਉਣ ਜਾਣ ਦੀ ਪਰਮਿਸ਼ਨ ਜਾਰੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪਰਮਿਸ਼ਨ ਲੈਟਰ ਨੂੰ ਮਿਲਦਿਆਂ ਹੀ ਉਹ ਤੁਰੰਤ ਆਪਣੀ ਪਤਨੀ ਨੂੰ ਲੈ ਕੇ ਬਠਿੰਡਾ ਲਈ ਰਵਾਨਾ ਹੋਏ ਜਿੱਥੇ 28 ਮਾਰਚ ਨੂੰ ਉਨ੍ਹਾਂ ਦਾ ਇਲਾਜ ਸ਼ੁਰੂ ਹੋਇਆ। ਅਗਲੇ ਦਿਨ 29 ਮਾਰਚ ਨੂੰ ਉਨ੍ਹਾਂ ਦੀ ਪਤਨੀ ਨੇ ਇੱਕ ਲੜਕੇ ਨੂੰ ਜਨਮ ਦਿੱਤਾ ਤੇ ਜੱਚਾ-ਬੱਚਾ ਦੋਵੇਂ ਤੰਦਰੁਸਤ ਹਨ। ਕੁਲਦੀਪ ਸਿੰਘ ਨੇ ਦੱਸਿਆ ਕਿ ਇਸ ਲਈ ਉਹ ਡਿਪਟੀ ਕਮਿਸ਼ਨਰ ਦੇ ਧੰਨਵਾਦੀ ਹਨ ਜਿਨ੍ਹਾਂ ਨੇ ਥੋੜ੍ਹੇ ਸਮੇਂ ਵਿੱਚ ਉਨ੍ਹਾਂ ਨੂੰ ਪਰਮਿਸ਼ਨ ਲੈਟਰ ਜਾਰੀ ਕਰਵਾਇਆ। ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਕਰਫ਼ਿਊ ਦੌਰਾਨ ਲੋਕਾਂ ਦੀ ਸਹਾਇਤਾ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹੋ ਜਿਹੇ ਹਾਲਾਤਾਂ ਵਿੱਚ ਲੋਕਾਂ ਤੱਕ ਮਦਦ ਪਹੁੰਚਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕ ਕਿਸੇ ਤਰ੍ਹਾਂ ਦੀ ਮੁਸ਼ਕਲ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਹੈਲਪਲਾਈਨ ਨੰਬਰਾਂ ਤੇ ਸੰਪਰਕ ਕਰ ਸਕਦੇ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕੋਵਿਡ-19 ਦੇ ਰਾਹਤ ਕੰਮਾਂ ਨੂੰ ਲੈ ਕੇ ਲੋਕਾਂ ਨੂੰ ਖੁੱਲ੍ਹ ਕੇ ਦਾਨ ਦੇਣ ਦੀ ਅਪੀਲ ਕੀਤੀ।
Total Responses : 267