ਹਰੀਸ਼ ਕਾਲੜਾ
- ਮਲਟੀ ਬਰਾਂਡ ਤੇ ਸਿੰਗਲ ਬਰਾਂਡ ਮਾਲਜ਼, ਸ਼ਰਾਬ ਦੇ ਠੇਕੇ, ਸੈਲੂਨ, ਹਜ਼ਾਮਤ ਕਰਨ ਵਾਲੀਆਂ ਦੁਕਾਨਾਂ ਰਹਿਣਗੀਆਂ ਬੰਦ
- ਦੁਕਾਨਾਂ ਖੋਲ੍ਹਣ ਲਈ ਐਸ.ਡੀ.ਐਮਜ਼. ਨੂੰ ਅਪਲਾਈ ਕਰ ਸਕਦੇ ਹਨ ਦੁਕਾਨਦਾਰ
ਰੂਪਨਗਰ, 29 ਅਪ੍ਰੈਲ 2020:- ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਕਰਫਿਊ ਵਿੱਚ ਵਾਧੇ ਦਾ ਐਲਾਨ ਕਰਦਿਆਂ ਹੋਇਆ ਸੂਬੇ ਵਿੱਚ 3 ਮਈ ਤੋਂ ਬਾਅਦ ਦੋ ਹਫਤੇ ਲਈ ਹੋਰ ਕਰਫਿਊ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਦੱਸਿਆ ਕਿ ਲੌਕਡਾਊਨ ਦੀਆਂ ਥੋੜੀਆਂ ਬੰਦਸ਼ਾਂ ਜ਼ਰੂਰ ਹਟਾਈਆਂ ਜਾ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਕਰਫਿਊ/ਲੌਕਡਾਊਨ ਹੁਣ 17 ਮਈ ਤੱਕ ਜਾਰੀ ਰਹੇਗਾ ਪਰ ਇਸ ਦੇ ਨਾਲ ਹੀ ਰੋਜ਼ਾਨਾ ਸਵੇਰੇ 7 ਤੋਂ 11 ਵਜੇ ਤੱਕ ਥੋੜੀਆਂ ਛੋਟਾਂ ਜ਼ਰੂਰ ਮਿਲਣਗੀਆਂ।ਉਨ੍ਹਾਂ ਦੱਸਿਆ ਕਿ ਦੁਕਾਨਾ ਖੋਲਣ ਦੇ ਲਈ ਦੁਕਾਨਦਾਰ ਆਪਣੇ ਆਪਣੇ ਖੇਤਰ ਦੇ ਐਸ.ਡੀ.ਐਮਜ਼ ਨੂੰ ਅਪਲਾਈ ਕਰਨਗੇ। ਐਸ.ਡੀ.ਐਮਜ਼ ਦੀ ਪ੍ਰਵਾਨਗੀ ਤੋਂ ਬਾਅਦ ਰੋਸਟਰ ਵਾਇਜ਼ ਦੁਕਾਨਾਂ ਖੋਲਣ ਦੀ ਆਗਿਆ ਦਿੱਤੀ ਜਾਵੇਗੀ। ਐਸ.ਡੀ.ਐਮਜ਼ ਪਰਮਿਸ਼ਨ ਤੋਂ ਬਾਅਦ ਇਹ ਦੁਕਾਨਾਂ ਰੋਜ਼ਾਨਾ ਸਵੇਰੇ 7 ਤੋਂ 11 ਵਜੇ ਤੱਕ 50 ਫੀਸਦੀ ਸਟਾਫ ਸਮਰੱਥਾ ਨਾਲ ਖੋਲੀਆਂ ਜਾ ਸਕਣਗੀਆਂ। ਉਨ੍ਹਾਂ ਦੱਸਿਆ ਕਿ ਐਸ.ਡੀ.ਐਮਜ਼ ਤੋਂ ਪ੍ਰਵਾਨਗੀ ਲੈਣ ਲਈ ਕੋਵਾ ਐਪ ਪੰਜਾਬ ਉੱਤੇ ਆਨ ਲਾਇਨ ਅਪਲਾਈ ਕੀਤਾ ਜਾ ਸਕਦਾ ਹੈ।
ਉਨ੍ਹਾਂ ਨੇ ਦੱਸਿਆ ਕਿ ਭਲਕ ਤੋਂ ਰੂਰਲ ਅਤੇ ਸ਼ਹਿਰੀ ਖੇਤਰਾਂ ਵਿੱਚ ਸਾਰੇ ਮਲਟੀ ਬਰਾਂਡ ਤੇ ਸਿੰਗਲ ਬਰਾਂਡ ਮਾਲਜ਼ ਬੰਦ ਰਹਿਣਗੇ ।ਇਸ ਤੋਂ ਇਲਾਵਾ ਰੂਰਲ ਖੇਤਰ ਵਿੱਚ ਸਾਰੀਆਂ ਰਜਿਸਟਰਡ ਦੁਕਾਨਾਂ ਨੂੰ ਵਰਕਰਾਂ ਦੀ 50 ਫੀਸਦੀ ਗਿਣਤੀ ਨਾਲ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਖੋਲਣ ਦੀ ਇਜਾਜ਼ਤ ਦਿੱਤੀ ਗਈ ਹੈ।ਉਨ੍ਹਾਂ ਦੱਸਿਆ ਕਿ ਸ਼ਹਿਰੀ ਇਲਾਕਿਆਂ ਵਿੱਚ ਸਾਰੀਆਂ ਇਕੱਲੀਆਂ ਦੁਕਾਨਾਂ, ਨੇਬਰਹੁੱਡ ਸ਼ਾਪਜ਼ (ਕਲੋਨੀ ਅੰਦਰ ਜਾਂ ਰਿਹਾਇਸ਼ੀ ਖੇਤਰ) ਅਤੇ ਰਿਹਾਇਸ਼ੀ ਕੰਪਲੈਕਸਾਂ ਵਿੱਚ ਦੁਕਾਨਾਂ ਨੂੰ ਖੋਲਣ ਦੀ ਵੀ ਆਗਿਆ ਦਿੱਤੀ ਗਈ ਹੈ।
ਇਨ੍ਹਾਂ ਹਦਾਇਤਾਂ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਸੈਲੂਨ, ਹਜ਼ਾਮਤ ਕਰਨ ਵਾਲੀਆਂ ਦੁਕਾਨਾਂ ਆਦਿ ਸੇਵਾਵਾਂ ਬੰਦ ਰਹਿਣਗੀਆਂ। ਇਸੇ ਤਰਾਂ ਲੌਕਡਾਊਨ ਦੇ ਸਮੇਂ ਦੌਰਾਨ ਈ-ਕਾਮਰਸ ਕੰਪਨੀਆਂ ਨੂੰ ਸਿਰਫ ਜ਼ਰੂਰੀ ਵਸਤਾਂ ਮੁਹੱਈਆ ਕਰਵਾਉਣ ਦੀ ਇਜਾਜ਼ਤ ਹੋਵੇਗੀ, ਉਹ ਸਿਰਫ ਐਸੇਂਸ਼ੀਅਲ ਗੁਡਜ਼ ਦੀ ਸਪਲਾਈ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਕੇਵਲ ਰੋਸਟਰ ਦੇ ਹਿਸਾਬ ਨਾਲ ਦੁਕਾਨਾਂ ਖੁਲਣ ਗਈਆਂ।ਇਸ ਸਬੰਧੀ ਐਸ.ਡੀ.ਐਮਜ਼ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਆਪਣੇ ਇਲਾਕਿਆਂ ਵਿੱਚ ਰੋਸਟਰ ਦੇ ਫਾਰਮੈਂਟ ਤਿਆਰ ਕਰਕੇ ਲਿਸਟ ਤਿਆਰ ਕਰਨ।ਉਨ੍ਹਾਂ ਦੱਸਿਆ ਕਿ ਕਰਫਿਊ ਦੌਰਾਨ ਆਪਣੀਆਂ ਦੁਕਾਨਾਂ ਖੋਲਣ ਦੇ ਲਈ ਦੁਕਾਨਦਾਰ ਐਸ.ਡੀ.ਐਮਜ਼ ਨੂੰ ਅਪਲਾਈ ਕਰ ਸਕਦੇ ਹਨ। ਪਰਮਿਸ਼ਨ ਤੋਂ ਬਿਨ੍ਹਾਂ ਕਿਸੇ ਵੀ ਦੁਕਾਨਦਾਰ ਨੂੰ ਦੁਕਾਨ ਖੋਲਣ ਦੀ ਇਜ਼ਾਜ਼ਤ ਨਹੀਂ ਹੋਵੇਗੀ। ਜੇਕਰ ਪਰਮਿਸ਼ਨ ਤੋਂ ਬਗੈਰ ਦੁਕਾਨਾਂ ਖੋਲੀਆਂ ਗਈਆਂ ਤਾਂ ਨਿਯਮਾਂ ਤਹਿਤ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਕੇਵਲ ਉਹ ਉਦਯੋਗ ਖੋਲੇ ਜਾ ਸਕਦੇ ਹਨ ਜ਼ੋ ਉਦਯੋਗ ਕਾਮਿਆਂ ਦੇ ਰਹਿਣ-ਸਹਿਣ ਦਾ ਬੰਦੋਬਸਤ ਅੰਦਰ ਹੀ ਕਰ ਸਕਦੇ ਹੋਣ ਜਾਂ ਫਿਰ ਕਾਮੇ ਨਾਲ ਲਗਦੇ ਇਲਾਕਿਆਂ ਤੋਂ ਆਉਂਦੇ ਹਨ, ਆਪਣੇ ਯੂਨਿਟ ਚਲਾ ਸਕਦੇ ਹਨ।ਉਨ੍ਹਾਂ ਦੱਸਿਆ ਕਿ ਸ਼ਰਾਬ ਤੇ ਠੇਕੇ/ਦੁਕਾਨਾਂ ਨੂੰ ਖੋਲਣ ਦੀ ਇਜ਼ਾਜਤ ਨਹੀ ਦਿੱਤੀ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ ਲੌਕਡਾਊਨ/ਕਰਫਿਊ ਸਵੇਰੇ 11 ਵਜੇ ਤੋਂ ਪਹਿਲਾਂ ਵਾਂਗ ਜਾਰੀ ਰਹੇਗਾ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਮਾਜਿਕ ਦੂਰੀ ਦੀ ਪਾਲਣਾ ਕਰਦੇ ਹੋਏ ਤੈਅ ਸਮੇਂ ਤੱਕ ਆਪਣੇ ਘਰਾਂ ਵਿੱਚ ਪਰਤ ਜਾਇਆ ਕਰਨ। ਛੋਟ ਵਾਲੇ ਸਮੇਂ ਦੌਰਾਨ ਬਾਹਰ ਨਿਕਲਣ ਵਾਲੇ ਵਿਅਕਤੀ ਨੂੰ ਮਾਸਕ ਪਹਿਨਣਾ ਅਤੇ ਦੂਜੇ ਵਿਅਕਤੀ ਤੋਂ 2 ਮੀਟਰ ਦੀ ਦੂਰੀ ਬਣਾਈ ਰੱਖਣੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਇਹ ਰਾਹਤ ਲੋਕਾਂ ਦੀ ਸਹੂਲਤ ਲਈ ਦਿੱਤੀ ਗਈ ਹੈ। ਉਹ ਇਸ ਰਾਹਤ ਦੇ ਸਮੇਂ ਦੌਰਾਨ ਦੋਸਤਾਂ ਜਾਂ ਹੋਰਨਾਂ ਨੂੰ ਨਾ ਮਿਲਣ।