ਹਰਿੰਦਰ ਨਿੱਕਾ
ਸੰਗਰੂਰ 21 ਅਪ੍ਰੈਲ 2020 - ਕਰਫਿਊ ਦੇ ਮੱਦੇਨਜ਼ਰ ਲੋਕਾਂ ਦੀ ਸੁਵਿਧਾ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅਤੇ ਸਬ ਡਵੀਜਨ ਪੱਧਰ 'ਤੇ ਸਥਾਪਤ ਕੀਤੇ ਕੰਟਰੋਲ ਰੂਮ ਨਾਗਰਿਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨ ਲਈ 24 ਘੰਟੇ ਕਾਰਜਸ਼ੀਲ ਹਨ। ਜਿਲ੍ਹਾ ਪ੍ਰਸਾਸ਼ਨ ਨੂੰ ਨਾਗਰਿਕਾਂ ਦੁਆਰਾ ਵੱਖ ਵੱਖ ਮੰਤਵ ਲਈ ਜਿਲ੍ਹਾ ਕੰਟਰੋਲ ਰੂਮ ਦੇ ਹੈਲਪਲਾਈਨ ਨੰਬਰ 01672-232304 'ਤੇ ਅਤੇ ਹਰੇਕ ਸਬ ਡਵੀਜ਼ਨ ਵਿੱਚ ਸਥਾਪਤ ਕੰਟਰੋਲ ਰੂਮ 'ਤੇ ਲਗਾਤਾਰ ਫੋਨ ਕਾਲਾਂ ਪ੍ਰਾਪਤ ਹੋ ਰਹੀਆਂ ਹਨ ਅਤੇ ਪ੍ਰਸ਼ਾਸਨ ਵੱਲੋਂ ਤਾਇਨਾਤ ਸਟਾਫ਼ ਵੱਲੋਂ ਤੁਰੰਤ ਵੱਖ ਵੱਖ ਨੋਡਲ ਅਧਿਕਾਰੀਆਂ ਨਾਲ ਤਾਲਮੇਲ ਕਰਦੇ ਹੋਏ ਇਹਨਾਂ ਸਾਰੀਆਂ ਹੀ ਸਮੱਸਿਆਵਾਂ ਦਾ ਨਿਰਧਾਰਿਤ ਸਮੇਂ ਅੰਦਰ ਨਿਪਟਾਰਾ ਕਰਵਾਇਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਾਰਜਸ਼ੀਲ ਇਨ੍ਹਾਂ ਹੈਲਪਲਾਈਨ ਸੇਵਾਵਾਂ ਦਾ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਤ੍ਰਿਪਾਠੀ ਅਤੇ ਜ਼ਿਲ੍ਹਾ ਮਾਲ ਅਫ਼ਸਰ ਸ਼੍ਰੀ ਗਗਨਦੀਪ ਸਿੰਘ ਵੱਲੋਂ ਲਗਾਤਾਰ ਜਾਇਜ਼ਾ ਲਿਆ ਜਾ ਰਿਹਾ ਹੈ ਅਤੇ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ਦਾ ਤੁਰੰਤ ਹੱਲ ਕਰਨ ਲਈ ਕੀਤੀ ਜਾ ਰਹੀ ਕਾਰਵਾਈ ਦੀ ਸਮੀਖਿਆ ਕੀਤੀ ਜਾ ਰਹੀ ਹੈ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਾਪਤ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਦੇ ਨੋਡਲ ਅਧਿਕਾਰੀ ਅਤੇ ਉਪ ਅਰਥ ਤੇ ਅੰਕੜਾ ਸਲਾਹਕਾਰ ਪਰਮਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਕਰਫਿਊ ਪਾਸ, ਦਵਾਈਆਂ, ਦੁੱਧ, ਰਾਸ਼ਨ, ਸਬਜ਼ੀਆਂ, ਪਸ਼ੂ ਚਾਰਾ, ਐਲ ਪੀ ਜੀ ਆਦਿ ਵਿਸ਼ਿਆਂ ਤੇ ਪ੍ਰਾਪਤ ਕਾਲਾਂ ਵਿਚੋਂ ਜਿਆਦਾਤਰ ਕਾਲਾਂ ਮੁਫ਼ਤ ਰਾਸ਼ਨ ਨਾਲ ਸਬੰਧਤ ਹੁੰਦੀਆਂ ਹਨ।
ਇਸ ਤੋਂ ਇਲਾਵਾ ਕਰਫਿਊ ਪਾਸ ਲਈ ਬਿਨੈ ਕਰਨ ਵਾਲਿਆਂ ਦੀਆਂ ਵੀ ਕਾਫ਼ੀ ਕਾਲਾਂ ਪ੍ਰਾਪਤ ਹੋ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਕੰਟਰੋਲ ਰੂਮ ਵਿਚ ਹੈਲਪ ਲਾਈਨ ਨੰਬਰ 'ਤੇ ਸੇਵਾਵਾਂ ਪ੍ਰਦਾਨ ਕਰ ਰਹੇ ਓਪਰੇਟਰਾਂ ਵੱਲੋਂ ਸ਼ਿਕਾਇਤਾਂ ਅਤੇ ਸੁਝਾਅ ਆਦਿ ਪ੍ਰਾਪਤ ਹੋਣ ਤੋਂ ਤੁਰੰਤ ਬਾਅਦ ਢੁੱਕਵੀਂ ਕਾਰਵਾਈ ਤਹਿਤ ਸਮੇਂ ਸਿਰ ਹੱਲ ਕੱਢਣ ਲਈ ਸਬੰਧਤ ਨੋਡਲ ਅਫ਼ਸਰ ਕੋਲ ਭੇਜ ਦਿੱਤਾ ਜਾਂਦਾ ਹੈ।
ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਤ੍ਰਿਪਾਠੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਸੁਰੱਖਿਆ ਦੇ ਨਾਲ ਨਾਲ ਲਾਜ਼ਮੀ ਸੇਵਾਵਾਂ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਲਈ ਯੋਜਨਾਬੱਧ ਢੰਗ ਨਾਲ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਸੰਕਟ ਦੀ ਇਸ ਘੜੀ ਵਿੱਚ ਪ੍ਰਸ਼ਾਸਨ ਅਤੇ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਅਤੇ ਆਪਣੇ ਘਰ ਵਿਚ ਹੀ ਰਿਹਾ ਜਾਵੇ, ਬਿਨਾ ਕਿਸੇ ਐਮਰਜੈਂਸੀ ਤੋਂ ਘਰੋਂ ਬਾਹਰ ਨਾ ਨਿਕਲਿਆ ਜਾਵੇ, ਸਮਾਜਿਕ ਵਿੱਥਤਾ ਦੇ ਨਿਯਮ ਦੀ ਪਾਲਣਾ ਕੀਤੀ ਜਾਵੇ ਅਤੇ ਮੂੰਹ ਨੂੰ ਮਾਸਕ ਜਾਂ ਦੂਹਰੀ ਤਹਿ ਵਾਲੇ ਕੱਪੜੇ ਨਾਲ ਢੱਕ ਕੇ ਰੱਖਿਆ ਜਾਵੇ।