ਫਿਰੋਜ਼ਪੁਰ, 22 ਅਪ੍ਰੈਲ 2020 - ਕੋਰੋਨਾ ਵਰਗੀ ਮਹਾਂਮਾਰੀ ਨਾਲ ਲੜਨ ਵਾਸਤੇ ਤਨਦੇਹੀ ਨਾਲ ਡਿਊਟੀ ਨਿਭਾ ਰਹੇ ਪੁਲਿਸ ਨੌਜੁਆਨਾਂ ਦੀ ਸਿਹਤ ਦਾ ਖਾਸ ਖਿਆਲ ਰੱਖਦਿਆਂ ਸਿਪਾਹੀ ਨੌਜੁਆਨਾਂ ਨੂੰ ਲਾਲ ਝਾਲਰ ਵਾਲੀ ਪੱਗ ਬੰਨਣ ਤੋਂ ਛੋਟ ਦਿਤੀ ਜਾਵੇ। ਇਸ ਪਿੱਛੇ ਮੈਡੀਕਲ ਮਾਹਿਰਾਂ ਦੀ ਰਾਇ ਦਾ ਹਵਾਲਾ ਦਿੰਦਿਆਂ ਚਰਨਜੀਤ ਸਿੰਘ ਬਰਾੜ ਬੁਲਾਰੇ ਸ਼੍ਰੋਮਣੀ ਅਕਾਲੀ ਦਲ ਅਤੇ ਸਿਆਸੀ ਸਕੱਤਰ ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਡਾਕਟਰਾਂ ਵੱਲੋਂ ਇਸ ਬਿਮਾਰੀ ਤੋਂ ਬਚੇ ਰਹਿਣ ਲਈ ਸਲਾਹ ਹੈ ਕਿ ਹਰ ਰੋਜ ਪਾਏ ਕੱਪੜਿਆਂ ਨੂੰ ਬਦਲਣਾ ਜਰੂਰੀ ਹੈ ਪਰ ਸਿਪਾਹੀ ਨੌਜੁਆਨਾਂ ਨੂੰ ਚੱਲ ਰਹੀ 24 ਘੰਟੇ ਐਮਰਜੈਂਸੀ ਡਿਉਟੀ 'ਚ ਲਾਲ ਝਾਲਰ ਵਾਲੀ ਪੱਗ ਬੰਨਣ 'ਚ ਬਹੁਤ ਮੁਸ਼ਕਲ ਆਉਦੀ ਹੈ।
ਇਸਨੂੰ ਇਕੱਲਾ ਬੰਦਾ ਨਹੀਂ ਬੰਨ੍ਹ ਸਕਦਾ, ਇਸ ਝਾਲਰ ਵਾਲੀ ਪੱਗ ਨੂੰ ਬੰਨਣ ਲਈ ਸਾਥੀ ਨੌਜੁਆਨਾਂ ਦੀ ਸਹਾਇਤਾ ਲੈਣੀ ਪੈਂਦੀ ਹੈ, ਤੇ ਇਸ ਕਰਕੇ ਝਾਲਰ ਵਾਲੀ ਪੱਗ ਨੂੰ ਅਕਸਰ ਹੀ ਸਾਰੇ ਨੌਜੁਆਨ ਕਈ-ਕਈ ਦਿਨ ਬੰਨ੍ਹੀ ਰੱਖਦੇ ਹਨ ਜਿਸ ਨਾਲ ਬਿਮਾਰੀ ਦਾ ਖਤਰਾ ਵੱਧ ਜਾਂਦਾ ਹੈ। ਬਰਾੜ ਨੇ ਕਿਹਾ ਕਿ ਇਹ ਨੌਜੁਆਨ ਵੀਰ ਪੌਜਟਿਵ ਕੇਸਾਂ ਦੀ ਵੀ ਸਿਹਤ ਵਿਭਾਗ ਨਾਲ ਰਲ ਕੇ ਪੂਰੀ ਪੈਰਵਾਈ ਕਰ ਰਹੇ ਹਨ।
ਉਹਨਾਂ ਨੇ ਮੁੱਖ-ਮੰਤਰੀ ਪੰਜਾਬ ਤੇ ਡੀ ਜੀ ਪੀ ਪੰਜਾਬ ਨੂੰ ਬੇਨਤੀ ਕਰਦਿਆਂ ਕਿਹਾ ਕਿ ਤਰੁੰਤ ਇਸ ਵੱਲ ਧਿਆਨ ਦਿੰਦਿਆਂ ਹੁਕਮ ਜਾਰੀ ਕੀਤੇ ਜਾਣ। ਬਰਾੜ ਨੇ ਮੰਗ ਕੀਤੀ ਕਿ ਕਰਫ਼ਿਊ ਦੌਰਾਨ ਘਰ ਤੋਂ ਦੂਰ ਰਹਿ ਰਹੇ ਇਹਨਾਂ ਜਵਾਨਾਂ ਨੂੰ ਖਾਕੀ ਰੰਗ ਦੀ ਪੱਗ ਜਾਂ ਕਮਾਡੋ ਪੱਟਕਾ ਬੰਨਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਉਹਨਾਂ ਨੂੰ ਹਰ ਰੋਜ਼ ਬਦਲਿਆ ਜਾ ਸਕੇ ਅਤੇ ਇਸ ਭਿਆਨਕ ਬਿਮਾਰੀ ਦੇ ਖ਼ਤਰੇ ਨੂੰ ਟਾਲਿਆ ਜਾ ਸਕੇ।