ਅਸ਼ੋਕ ਵਰਮਾ
ਬਠਿੰਡਾ, 28 ਅਪਰੈਲ 2020 - ਕਰੋੜਾਂ ਵਾਇਰਸ ਕਾਰਨ ਲਾਏ ਕਰਫਿਊ ਨੇ ਪੰਜਾਬੀਆਂ ਨੂੰ ਰਵਾਇਤੀ ਰਸਮਾਂ ਨਾਲ ਹੁੰਦੇ ਅਜਿਹੇ ਸਾਦ-ਮੁਰਾਦੇ ਵਿਆਹਾਂ ਦੇ ਰਾਹ ਤੋਰ ਦਿੱਤਾ ਹੈ ਜੋ ਕਿ ਸ਼ੋਸ਼ੇਬਾਜੀ ਬਣ ਕੇ ਰਹਿ ਗਏ ਸਨ। ਹਾਲਾਂਕਿ ਲੌਕਡਾਊਨ ਖਤਮ ਹੋਣ ਤੋਂ ਬਾਅਦ ਇਹ ਸਿਲਸਿਲਾ ਕਿਸ ਤਰਫ ਜਾਂਦਾ ਹੈ ਇਹ ਤਾਂ ਵਕਤ ਹੀ ਦੱਸੇਗਾ ਪਰ ਕਰਫਿਊ ਦੇ ਡੰਡੇ ਕਾਰਨ ਹੀ ਸਹੀ ਪੰੰੰੰਜਾਬ ’ਚ ਪਈ ਇਸ ਪਿਰਤ ਨੂੰ ਸਿਹਤਮੰਦ ਮੰਨਿਆ ਜਾ ਰਿਹਾ ਹੈ। ਪੰੰੰਜਾਬ ਭਰ ਚੋਂ ਹਾਸਲ ਵੇਰਵਿਆਂ ਅਨੁਸਾਰ ਕਰਫਿਊ ਦੌਰਾਨ ਦੋ ਦਰਜਨ ਦੇ ਕਰੀਬ ਸ਼ਾਦੀਆਂ ਹੋਈਆਂ ਹਨ ਜਿੰਨਾਂ ’ਚ ਲੋਕਾਂ ਨੇ ਵਿਆਹ ਦੌਰਾਨ ਹੁੰਦੇ ਲੋਕ ਦਿਖਾਵੇ ਨੂੰ ਭਾਨੀ ਮਾਰਨ ’ਚ ਪਹਿਲ ਕੀਤੀ ਹੈ। ਸਮਾਜਿਕ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਦਿਖਾਵਾ ਦੋਹਾਂ ਪਰਿਵਾਰਾਂ ਨੂੰ ਆਰਥਿਕ ਸੰਕਟ ਵੱਲ ਲੈ ਜਾਂਦਾ ਹੈ ਫਿਰ ਵੀ ਪੰਜਾਬੀ ਵਿਆਹਾਂ ਵਿੱਚ ਰਵਾਇਤੀ ਰਸਮਾਂ ਨੂੰ ਪਰਾਂ ਧੱਕ ਪ੍ਰੀ-ਵੈਡਿੰਗ ਸ਼ੂਟ, ਸਿਨੇਮੈਟਿਕ ਫਲਿਮਾਂ, ਡਰੋਨਾਂ ਤੇ ਕਰੇਨਾਂ ਵਾਲੀ ਵੀਡੀਓਗ੍ਰਾਫੀ ਕਰਨ ਤੋਂ ਗੁਰੇਜ਼ ਨਹੀਂ ਕਰਦੇ ਹਨ।
ਬਠਿੰਡਾ ਦੇ ਇੱਕ ਫੋਟੋਗਰਾਫਰ ਨੇ ਦੱਸਿਆ ਕਿ ਪ੍ਰੀ-ਵੈਡਿੰਗ ਸ਼ੂਟ ਦਾ ਰੁਝਾਨ ਸਿਰਫ ਪਰਵਾਸੀ ਪੰਜਾਬੀਆਂ ’ਚ ਸੀ ਜਿਸ ਨੂੰ ਮੱਧਵਰਗੀ ਪਰਿਵਾਰਾਂ ਨੇ ਵੀ ਸਹੇੜ ਲਿਆ ਹੈ। ਉਨਾਂ ਦੱਸਿਆ ਕਿ ਪ੍ਰੀ-ਵੈਡਿੰਗ ਫੋਟੋਗ੍ਰਾਫੀ ਐੱਲਈਡੀ ਸਕਰੀਨਾਂ ’ਤੇ ਚਲਾਈ ਜਾਂਦੀ ਹੈ, ਜਿਸ ਦੇ ਪੈਲੇਸ ਮਾਲਕਾਂ ਵੱਲੋਂ ਵੱਖਰੇ ਪੈਸੇ ਵਸੂਲੇ ਜਾਂਦੇ ਹਨ। ਉਨਾਂ ਦੱਸਿਆ ਕਿ ਵਿਆਹਾਂ ਵਿੱਚ ਕੀਤੀ ਜਾਂਦੀ ਫੋਟੋਗ੍ਰਾਫੀ ਤੇ ਵੀਡੀਓਗ੍ਰਾਫੀ ’ਤੇ ਵੀ 50 ਹਜਾਰ ਤੋਂ ਲੈ ਕੇ ਇੱਕ ਲੱਖ ਰੁਪਏ ਤੋਂ ਵੱਧ ਦਾ ਖਰਚ ਆਉਂਦਾ ਹੈ ਜਦੋਂਕਿ ਦੋ ਦਿਨਾਂ ਦੇ ਵਿਆਹ ’ਤੇ ਦੋ-ਢਾਈ ਲੱਖ ਰੁਪਏ ਲਾ ਦਿੱਤੇ ਜਾਂਦੇ ਹਨ।
ਦੂਜੇ ਪਾਸੇ ਕੋਰੋਨਾ ਦੇ ਖੌਫ ਦੌਰਾਨ ਬਠਿੰਡਾ ’ਚ ਮਲੋਟ ਦੇ ਅਧਿਆਪਕ ਲੜਕੇ ਸੀਤਾ ਰਾਮ ਦੇ ਵਿਆਹ ’ਚ ਨਾਂ ਕੋਈ ਬੈਂਡ ਵਾਜਾ ਤੇ ਨਾਂ ਹੀ ਕੋਈ ਤੜਕ ਭੜਕ ਸੀ। ਦੋਵਾਂ ਪ੍ਰੀਵਾਰਾਂ ਦੇ ਛੇ ਜਣਿਆਂ ਦੀ ਹਾਜਰੀ ’ਚ ਬਿਲਕੁਲ ਸਾਦਾ ਵਿਆਹ ਹੋਇਆ ਜੋਕਿ ਆਪਣੇ ਆਪ ’ਚ ਮਿਸਾਲ ਹੈ।ਬੰਗਾ ਦੇ ਹਨੀਸ਼ ਨੇ ਬਿਲਕੁਲ ਸਾਦਾ ਵਿਆਹ ਕਰਵਾ ਕੇ ਨਿਵੇਲੀ ਪਹਿਲਕਦਮੀ ਕੀਤੀ ਹੈ। ਪ੍ਰੀਵਾਰ ਨੇ ਤਾਂ ਗਲੀ ਮੁਹੱਲੇ ’ਚ ਲੱਡੂ ਵੰਡਣ ਦੀ ਬਜਾਏ ਮਾਸਕ ਅਤੇ ਸੈਨੀਟਾਇਜ਼ਰ ਵੰਡਿਆ। ਇਸੇ ਤਰਾਂ ਹੀ ਪਠਾਨਕੋਟ ਦਾ ਰਵਿੰਦਰ ਕਾਲੀਆ ਆਪਣੇ ਪਰਿਵਾਰ ਦੇ ਪੰਜ ਮੈਂਬਰਾਂ ਨਾਲ ਗਿਆ ਅਤੇ ਲੜਕੀ ਨਾਲ ਫੇਰੇ ਲੈਣ ਉਪਰੰਤ ਉਸ ਨੂੰ ਸਕੂਟੀ ’ਤੇ ਘਰ ਲੈ ਆਇਆ। ਸਾਹਨੇਵਾਲ ਦੇ ਪਿੰਡ ਮੱਲੇਵਾਲ ਵਾਸੀ ਨੌਜਵਾਨ ਬਲਦੇਵ ਸਿੰਘ ਨੇ ਪ੍ਰਸ਼ਾਸ਼ਨ ਤੋਂ ਪ੍ਰਵਾਨਗੀ ਲੈ ਕੇ ਆਪਣੇ ਮਾਤਾ-ਪਿਤਾ ਤੇ ਇੱਕ ਡਰਾਇਵਰ ਨਾਲ ਵਿਆਹੁਣ ਗਿਆ। ਸ੍ਰੀ ਮੁਕਤਸਰ ਸਾਹਿਬ ਜਿਲੇ ਦੇ ਪਿੰਡ ਵੜਿੰਗਖੇੜਾ ਵਿਚ ਦਲਿਤ ਪਰਿਵਾਰ ਦੀ ਧੀ ਦੇ ਵਿਆਹ ਦੇ ਪ੍ਰਬੰਧ ਇੰਨੇ ਸਾਦੇ ਸਨ ਕਿ ਮਠਿਆਈ ਦੇ ਨਾਂ ’ਤੇ ਸਿਰਫ ਲੱਡੂਆਂ ਦਾ ਇੱਕ ਡੱਬਾ ਸੀ ਅਤੇ ਚਾਹ ਦਿੱਤੀ ਗਈ ਸੀ।
ਫਗਵਾੜਾ ਇਲਾਕੇ ’ਚ ਤਾਂ ਦੋ ਪਰਿਵਾਰਾਂ ਨੇ ਸਿਰਫ਼ ਦਸ ਆਦਮੀਆਂ ਦੀ ਹਾਜ਼ਰੀ ’ਚ ਵਿਆਹ ਦੀਆ ਰਸਮਾਂ ਸੰਪਨ ਕੀਤੀਆਂ ਅਤੇ ਲਾੜਾ ਲਾੜੀ ਨੂੰ ਗੱਡੀ ’ਚ ਬਿਠਾ ਕੇ ਘਰ ਲੈ ਆਇਆ। ਇਸ ਤਰਾਂ ਦੇ ਵਿਆਹਾਂ ਨੂੰ ਉਤਸ਼ਾਹਿਤ ਕਰਨ ਲਈ ਪੁਲਿਸ ਨੇ ਨਾਕੇ ਤੇ ਨਵੀਂ ਵਿਆਹੀ ਜੋੜੀ ਨੂੰ ਕੇਕ ਕੱਟਵਾ ਕੇ ਵਿਆਹ ਦੀਆ ਮੁਬਾਰਕਾਂ ਦਿੱਤੀਆਂ।ਪਾਤੜਾਂ ਦੇ ਇੱਕ ਵਿਆਹ ’ਚ ਸਿਰਫ਼ ਸੱਤ ਪਰਿਵਾਰਕ ਮੈਂਬਰ ਸਨ। ਲਾੜਾ ਲੜਕੀ ਨੂੰ ਮੋਟਰਸਾਈਕਲ ’ਤੇ ਵਿਆਹ ਕੇ ਲਿਆਇਆ । ਲੜਕੇ ਅਤੇ ਲੜਕੀ ਦੇ ਪਰਿਵਾਰਾਂ ਨੇ ਗਿਆਰਾਂ ਗਿਆਰਾਂ ਹਜ਼ਾਰ ਰੁਪਏ ਗਰੀਬ ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਦਾਨ ਦੇ ਰੂਪ ਵਿੱਚ ਦਿੱਤੇ। ਪਿੰਡ ਚੀਮਾਂ ’ਚ ਤਾਂ ਵਿਆਹ ’ਚ ਲਾੜੇ ਅਤੇ ਲਾੜੀ ਦੇ ਪ੍ਰੀਵਾਰਕ ਮੈਂਬਰ ਹੀ ਸ਼ਾਮਲ ਹੋਏ ਹਨ।ਇਹ ਕੁੱਝ ਮਿਸਾਲਾਂ ਹਨ ਹੋਰ ਵੀ ਕਈ ਪ੍ਰ੍ਰੀਵਾਰਾਂ ਨੇ ਚਾਹੇ ਕਰਫਿਊ ਕਾਰਨ ਹੀ ਸਹੀ ਸਾਦਗੀ ਵੱਲ ਪੈਰ ਧਰਿਆ ਹੈ।
ਸਮਾਜਿਕ ਕਾਰਕੁੰਨ ਸਾਧੂ ਰਾਮ ਕੁਸਲਾ ਦਾ ਕਹਿਣਾ ਸੀ ਕਿ ਸ਼ਾਹੀ ਵਿਆਹਾਂ ਨੇ ਲੋਕਾਂ ਨੂੰ ਕਰਜ਼ੇ ਹੇਠ ਦੱਬ ਦਿੱਤਾ ਹੈ ਅਤੇ ਲੋਕ ‘ਨੱਕ ਬਚਾਉਣ’ ਲਈ ਗਰਦਨ ਵਢਾਉਣ ਨੂੰ ਤਿਆਰ ਹਨ। ਉਨਾਂ ਆਖਿਆ ਕਿ ਦੇਖਾ-ਦੇਖੀ ਵਿਆਹਾਂ ’ਤੇ ਕੀਤੀ ਜਾ ਰਹੀ ਫ਼ਜ਼ੂਲਖਰਚੀ ‘ਅੱਡੀਆਂ ਚੁੱਕ ਕੇ ਫਾਹਾ ਲੈਣ’ ਵਾਂਗ ਹੋ ਨਿੱਬੜਦੀ ਹੈ। ਉਨਾਂ ਆਖਿਆ ਕਿ ਇਸ ’ਚ ਕੋਈ ਦੋ ਰਾਵਾਂ ਨਹੀਂ ਕਿ ਮਹਿੰਗਾਈ ਵਧਣ ਨਾਲ ਵਿਆਹਾਂ ’ਤੇ ਖਰਚੇ ਵਧੇ ਹਨ ਪਰ ਬਹੁਤਾ ਖਰਚਾ ਦਿਖਾਵੇ ਨੇ ਵਧਾਇਆ ਹੈ। ਉਨਾਂ ਆਖਿਆ ਕਿ ਅੱਜ ਦੇ ਨਾਜੁਕ ਦੌਰ ਵਿੱਚ ਸੋਚਣ ਦੀ ਲੋੜ ਹੈ ਕਿ ਵਿਆਹ ਮੌਕੇ ਖਰਚ ਤੋਂ ਬਚਿਆ ਜਾਵੇ ਜੋ ਦੋ ਪ੍ਰੀਵਾਰਾਂ ਲਈ ਸ਼ੁਭ ਸ਼ਗਨ ਬਣ ਸਕਦਾ ਹੈੇ।
ਲੱਖਾਂ ਲੁਟਾਉਣਾ ਸਿਆਣਪ ਨਹੀਂ
ਪੰਜਾਬੀ ਯੂਨੀਵਰਿਸਟੀ ਪਟਿਆਲਾ ਦੇ ਖੇਤਰੀ ਕੇਂਦਰ ਦੇ ਸਾਬਕਾ ਮੁਖੀ ਪ੍ਰੋਫੈਸਰ ਡਾ ਜੀਤ ਸਿੰਘ ਜੋਸ਼ੀ ਦਾ ਕਹਿਣਾ ਸੀ ਕਿ ਪੰਜਾਬੀਆਂ ’ਚ ਦਿਖਾਵੇ ਦੀ ਆਦਤ ਬਿਮਾਰੀ ਦੀ ਹੱਦ ਤੱਕ ਵਧ ਗਈ ਹੈ ਜਿਸ ਦਾ ਲਾਹਾ ਬਜ਼ਾਰਵਾਦ ਲੈ ਰਿਹਾ ਹੈ। ਉਨਾਂ ਕਿਹਾ ਕਿ ਇਸ ਰੁਝਾਨਾਂ ਲਈ ਐੱਨਆਰਆਈਜ਼ ਵੱਲੋਂ ਕੀਤੇ ਜਾਂਦੇ ਮਹਿੰਗੇ ਵਿਆਹ,ਅਜੋਕੀਆਂ ਫਿਲਮਾਂ ਵੀ ਜਿੰਮੇਵਾਰ ਹਨ ਜੋਕਿ ਪੰਜਾਬੀਆਂ ਨੂੰ ਵਿਆਹਾਂ ’ਤੇ ਫਜੂਲਖਰਚੀ ਕਰਨ ਵੱਲ ਧੱਕ ਰਿਹਾ ਹੈ। ਉਨਾਂ: ਆਖਿਆ ਚਾਰ ਘੰਟੇ ਵਿੱਚ ਲੱਖਾਂ ਲੁਟਾ ਕੇ ਘਰ ਮੁੜਨਾ ਸਿਆਣਪ ਨਹੀਂ ਹੈ। ਉਨਾਂ ਆਖਿਆ ਕਿ ਓਹੀ ਪੈਸਾ ਮੁੰਡੇ-ਕੁੜੀ ਦੀ ਨਵੀਂ ਜ਼ਿੰਦਗੀ ਦਾ ਸਫ਼ਰ ਸੁਹਾਣਾ ਬਣਾ ਸਕਦਾ ਹੈ।