ਯਾਦਵਿੰਦਰ ਸਿੰਘ ਤੂਰ
ਲੁਧਿਆਣਾ, 27 ਅਪ੍ਰੈਲ 2020 - ਕੋਰੋਨਾਵਾਇਰਸ ਕਾਰਨ ਪੰਜਾਬ 'ਚ ਕਰਫਿਊ ਲੱਗੇ ਨੂੰ ਪੂਰਾ ਇੱਕ ਮਹੀਨੇ ਤੋਂ ਪਾਰ ਹੋ ਚੁੱਕਾ ਹੈ ਅਤੇ ਜਿਸ ਦੇ ਨਤੀਜੇ ਵਜੋਂ ਕੁਦਰਤ ਨੇ ਆਪਣੇ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ ਹਨ। ਲਾਕਡਾਊਨ ਕਾਰਨ ਤਮਾਮ ਫੈਕਟਰੀਆਂ, ਆਵਾਜਾਈ ਠੱਪ ਹੈ ਜਿਸ ਕਾਰਨ ਪਹਿਲਾਂ ਨਾਲੋਂ ਹਵਾ ਪ੍ਰਦੂਸ਼ਣ 'ਚ ਕਾਫੀ ਗਿਰਾਵਟ ਆਈ ਹੈ ਤੇ ਮੌਸਮ ਸਾਫ ਹੋ ਰਿਹਾ ਹੈ। ਇਸੇ ਤਰ੍ਹਾਂ ਧਰਤੀ ਹੇਠਲੇ ਪਾਣੀ 'ਚ ਵੀ ਪਹਿਲਾਂ ਨਾਲੋਂ ਬਦਲਾਅ ਦੇਖਣ ਨੂੰ ਮਿਲਿਆ ਹੈ। ਤਾਜ਼ਾ ਵੱਡੀ ਮਿਸਾਲ ਲੁਧਿਆਣਾ ਜ਼ਿਲ੍ਹੇ ਦੇ ਸ਼ਹਿਰ ਦੋਰਾਹਾ ਲਾਗੇ ਪੈਂਦੇ ਪਿੰਡ ਕੱਦੋਂ, ਬਰਮਾਲੀਪੁਰ, ਬਿਸ਼ਨਪੁਰਾ, ਕੋਟ ਸੇਖੋਂ, ਰਾਏਪੁਰ, ਜਸਪਾਲੋਂ ਤੋਂ ਮਿਲਦੀ ਹੈ ਜੋ ਕਿ "ਧਾਗਾ ਰੰਗਾਈ", "ਟਾਇਰਾਂ", ਕੋਕਾ-ਕੋਲਾ" ਆਦਿ ਅਜਿਹੀਆਂ ਫੈਕਟਰੀਆਂ ਦਾ ਗੜ੍ਹ ਬਣ ਚੁੱਕੇ ਹਨ। ਇੰਨ੍ਹਾਂ ਪਿੰਡਾਂ ਦੇ ਲੋਕਾਂ ਦੀ ਹਮੇਸ਼ਾਂ ਹੀ ਸਮੇਂ ਦੀਆਂ ਸਰਕਾਰਾਂ ਨੂੰ ਇਹੋ ਸ਼ਿਕਾਇਤ ਰਹਿੰਦੀ ਹੈ ਕਿ ਪੀਣ ਵਾਲਾ ਪਾਣੀ ਗੰਧਲਾ ਹੋ ਚੁੱਕਾ ਹੈ ਤੇ ਜਿਸ ਲਈ ਕੋਈ ਵੀ ਪੁਖਤਾ ਕਦਮ ਨਹੀਂ ਚੁੱਕੇ ਜਾ ਰਹੇ। ਇਸੇ ਤਰ੍ਹਾਂ ਪਿੰਡ ਬਰਮਾਲੀਪੁਰ ਦੇ ਲੋਕਾਂ ਦੇ ਇਲਜ਼ਾਮ ਹਨ ਕਿ ਉਨ੍ਹਾਂ ਦੇ ਪਿੰਡ ਦੀ ਜ਼ਮੀਨ 'ਚ ਲੱਗੀ ਨਾਮੀ ਕੱਪੜਾ ਬ੍ਰੈਂਡ ਦੀ ਫੈਕਟਰੀ ਲਗਾਤਾਰ ਦੂਸ਼ਿਤ ਪਾਣੀ ਨੂੰ ਧਰਤੀ ਹੇਠ ਗਰਕਾ ਰਹੀ ਹੈ ਜਿਸ ਕਾਰਨ ਉਨ੍ਹਾਂ ਦੇ ਪਿੰਡ ਦਾ ਪੀਣ ਵਾਲਾ ਪਾਣੀ ਬਿਲਕੁਲ ਵੀ ਪੀਣ ਯੋਗ ਨਹੀਂ ਰਿਹਾ ਅਤੇ ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਰਹੀਆਂ ਨੇ। ਪਿੰਡ ਦੇ ਨੌਜਵਾਨ ਪੰਚ ਜਸਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੁਆਰਾ ਸਾਲ 2020 ਦੇ ਮਾਰਚ ਮਹੀਨੇ 'ਚ ਫੇਸਬੁੱਕ 'ਤੇ ਏਸ ਫੈਕਟਰੀ 'ਚੋਂ ਨਿੱਕਲਦੇ ਗੰਦੇ ਪਾਣੀ ਕੋਲ ਖੜ੍ਹ ਕੇ ਵੀਡੀੳ ਪੋਸਟ ਕੀਤੀ ਗਈ ਸੀ ਜਿਸ ਤੋਂ ਬਾਅਦ ਤਕਰੀਬਨ ਹਫਤਾ ਬਾਅਦ ਸਰਕਾਰੀ ਦਰਬਾਰੇ ਪਹੁੰਚ ਰੱਖਣ ਵਾਲੇ ਆਪਣੇ ਜਾਣ ਪਹਿਚਾਣ ਦੇ ਬੰਦੇ ਰਾਹੀਂ ਪ੍ਰਦੂਸ਼ਣ ਕੰਟ੍ਰੋਲ ਬੋਰਡ ਕੋਲ ਪਹੁੰਚ ਕੀਤੀ ਸੀ ਅਤੇ ਜਿਸ 'ਤੇ ਤੁਰੰਤ ਐਕਸ਼ਨ ਲੈਂਦਿਆਂ ਲੁਧਿਆਣਾ ਤੋਂ ਬੋਰਡ ਦੇ ਅਧਿਕਾਰੀਆਂ ਦੁਆਰਾ 18 ਮਾਰਚ 2020 ਨੂੰ ਚਾਰ ਵੱਖ ਵੱਖ ਜਗ੍ਹਾ ਤੋਂ ਸੈਂਪਲ ਭਰੇ ਗਏ ਸਨ ਪਰ ਉਸ ਤੋਂ ਬਾਅਦ ਪੰਜਾਬ 23 ਮਾਰਚ ਦੀ ਰਾਤ ਤੋਂ ਕਰਫਿਊ ਲੱਗ ਗਿਆ ਤੇ ਜਿਸ ਕਾਰਨ ਉਨ੍ਹਾਂ ਨੂੰ ਸੈਂਪਲਾਂ ਦੇ ਨਤੀਜੇ ਨਹੀਂ ਮਿਲ ਰਹੇ। ਪਿੰਡ ਵਾਲਿਆਂ ਨੇ ਇਹ ਵੀ ਸਵਾਲ ਕੀਤੇ ਹਨ ਕਿ ਕੀ ਲਾਕਡਾਊਨ ਕਾਰਨ ਸਰਕਾਰੀ ਕੰਮਕਾਜ (ਲੈਬਾਂ) ਆਦਿ ਵੀ ਠੱਪ ਹੋ ਗਿਆ ਹੈ ? ਕੀ ਹੁਣ ਉਨ੍ਹਾਂ ਨੂੰ ਰਿਪੋਰਟਾਂ ਲੈਣ ਲਈ ਲਾਕਡਾਊਨ ਖੁੱਲ੍ਹਣ ਦਾ ਇੰਤਜ਼ਾਰ ਕਰਨਾ ਪਏਗਾ ? ਪਰ ਹੁਣ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਕਰਫਿਊ ਲੱਗੇ ਹੋਣ ਤੋਂ ਬਾਅਦ ਪੰਚ ਜਸਪ੍ਰੀਤ ਸਿੰਘ ਅਤੇ ਪਿੰਡ ਦੇ ਨੌਜਵਾਨ ਆਗੂ ਕਰਮਜੀਤ ਸਿੰਘ ਦਾ ਕਹਿਣਾ ਹੈ ਕਿ ਇਸ ਫੈਕਟਰੀ ਦੇ ਨਾਲ ਨਾਲ ਗਵਾਂਢੀ ਪਿੰਡ ਬਿਸ਼ਨਪੁਰਾ 'ਚ ਲੱਗੀ ਇੱਕ ਹੋਰ ਧਾਗਾ ਰੰਗਾਈ ਫੈਕਟਰੀ "ਲੌਂਗੋਵਾਲ ਮਿੱਲ੍ਹ", ਪਿੰਡ ਕੋਟ ਸੇਖੋਂ ਦੀ ਜ਼ਮੀਨ 'ਚ ਲੱਗੀ 'ਟਾਇਰਾਂ' ਵਾਲੀ ਫੈਕਟਰੀ, ਜਸਪਾਲੋਂ 'ਚ ਲੱਗੀਆਂ ਫੈਕਟਰੀਆਂ ਵੀ ਬੰਦ ਹਨ, ਜਿਸ ਕਾਰਨ ਅੱਜ ਉਨ੍ਹਾਂ ਨੂੰ ਪਾਣੀ ਪੀਣ 'ਚ ਕਾਫੀ ਸਾਫ ਅਤੇ ਮਿੱਠਾ ਲੱਗ ਰਿਹਾ ਹੈ, ਜਦਕਿ ਪਹਿਲੋਂ ਇਹੀ ਪਾਣੀ ਬਿਲਕੁਲ ਬੇਸੁਆਦਾ ਅਤੇ ਨਮਕੀਨ ਹੁੰਦਾ ਸੀ।
18 ਮਾਰਚ 2020 ਅਤੇ 27 ਅਪ੍ਰੈਲ 2020 ਦੀਆਂ ਵੱਖ ਤਸਵੀਰਾਂ - ਦੋਹਾਂ ਤਸਵੀਰਾਂ 'ਚ ਇੱਕੋ ਮੋਟਰ ਤੋਂ ਚੈੱਕ ਕੀਤਾ ਗਿਆ ਟੀ.ਡੀ.ਐਸ
ਪਿੰਡ ਵਾਲਿਆਂ ਦੇ ਇੰਨ੍ਹਾਂ ਬਿਆਨਾਂ ਦੀ ਪੁਸ਼ਟੀ ਕਰਨ ਲਈ ਅਸੀਂ ਟੀ.ਡੀ.ਐੱਸ ਮੀਟਰ ਨਾਲ ਪਾਣੀ ਚੈੱਕ ਕਰਨ ਦਾ ਫੈਸਲਾ ਲਿਆ ਜਿਸ ਤੋਂ ਬਾਅਦ ਪਿੰਡ ਬਰਮਾਲੀਪੁਰ ਦੇ ਇੱਕ ਘਰ 'ਚ ਲੱਗੇ ਟਿਊਬਵੈੱਲ ਬੋਰ ਦਾ ਪਾਣੀ ਚੈੱਕ ਕੀਤਾ ਗਿਆ ਤਾਂ ਉਸਦਾ ਟੀ.ਡੀ.ਐੱਸ 228 ਪੀ.ਪੀ.ਐਮ ਆਇਆ ਜਦਕਿ ਇਸੇ ਘਰ ਵਾਲਿਆਂ ਦੇ ਦੱਸਣ ਅਨੁਸਾਰ ਕਰਫਿਊ ਤੋਂ ਪਹਿਲਾਂ ਟੀ.ਡੀ.ਐੱਸ 500 ਪੀ.ਪੀ.ਐਮ ਤੋਂ ਪਾਰ ਸੀ। ਫੈਕਟਰੀ ਦੇ ਲਾਗੇ ਜਿਸ ਮੋਟਰ ਦਾ ਟੀ.ਡੀ.ਐੱਸ 18 ਮਾਰਚ 2020 ਨੂੰ 1012 ਪੀ.ਪੀ.ਐਮ ਆਇਆ ਸੀ, ਉਸੇ ਮੋਟਰ ਦਾ ਟੀ.ਡੀ.ਐੱਸ 27 ਅਪ੍ਰੈਲ 2020 ਨੂੰ 396 ਪੀ.ਪੀ.ਐਮ ਆਇਆ ਹੈ। ਇਸ ਦੀ ਪੁਸ਼ਟੀ ਲਈ ਹੇਠ ਤਸਵੀਰਾਂ ਦੇਖੀਆਂ ਜਾ ਸਕਦੀਆਂ ਨੇ। ਕਰਮਜੀਤ ਸਿੰਘ ਦੁਆਰਾ 18 ਮਾਰਚ ਦੇ ਦਿਨ ਦੀਆਂ ਲਈਆਂ ਤਸਵੀਰਾਂ ਵੀ ਸਾਡੇ ਨਾਲ ਸਾਂਝੀਆਂ ਕੀਤੀਆਂ।
ਪਿੰਡ ਬਰਮਾਲੀਪੁਰ ਦੇ ਇੱਕ ਘਰ 'ਚੋਂ ਲਏ ਬੋਰਵੈੱਲ ਪਾਣੀ ਦੇ ਲਏ ਟੀ.ਡੀ.ਐੱਸ ਦੀ ਤਸਵੀਰ
ਉਥੇ ਹੀ ਜਦੋਂ ਨਾਲ ਦੇ ਪਿੰਡ ਕੱਦੋਂ ਦੇ ਇੱਕ ਘਰ ਦਾ ਪਾਣੀ ਚੈੱਕ ਕੀਤਾ ਤਾਂ ਉਸਦਾ ਟੀ.ਡੀ.ਐੱਸ ਵੀ 124 ਪੀ.ਪੀ.ਐਮ ਆਇਆ, ਜਦਕਿ ਘਰਦਿਆਂ ਅਨੁਸਾਰ ਇਹ ਮਾਤਰਾ ਪਹਿਲੋਂ 400 ਪੀ.ਪੀ.ਐਮ ਤੋਂ ਪਾਰ ਸੀ। ਕੱਦੋਂ ਪਿੰਡ ਦੇ ਨੌਜਵਾਨ ਵਿੱਕੀ ਅਨੁਸਾਰ ਉਨ੍ਹਾਂ ਦੇ ਪਿੰਡ ਦੇ ਲਾਗੇ ਲੱਗੀ "ਰੇਗਮਾਰ" ਫੈਕਟਰੀ ਪਾਣੀ ਦੇ ਨਾਲ ਨਾਲ ਹਵਾ ਵੀ ਦੂਸ਼ਿਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਲਾਕਡਾਊਨ ਕਾਰਨ ਫੈਕਟਰੀਆਂ ਬੰਦ ਨੇ ਅਤੇ ਜਿਸ ਕਾਰਨ ਹੁਣ ਉਨ੍ਹਾਂ ਨੂੰ ਫਿਲਟਰ ਦਾ ਪਾਣੀ ਪੀਣ ਦੀ ਵੀ ਜ਼ਰੂਰਤ ਨਹੀਂ ਪੈਂਦੀ ਤੇ ਸਗੋਂ ਉਹ ਟਿਊਬਵੈੱਲ ਦਾ ਪਾਣੀ ਹੀ ਦੁਬਾਰਾ ਪੀਣ ਲੱਗ ਗਏ ਹਨ।
ਆਖ਼ਰ 'ਚ ਸਵਾਲ ਇਹੀ ਖੜ੍ਹਾ ਹੁੰਦਾ ਹੈ ਕਿ, ਕੀ ਇੰਨ੍ਹਾਂ ਫੈਕਟਰੀਆਂ ਦੁਆਰਾ ਜਾਰੀ ਸਰਕਾਰੀ ਹਦਾਇਤਾਂ ਅਨੁਸਾਰ ਸਹੀ ਫਿਲਟਰ ਸਿਸਟਮ ਆਦਿ ਵਗੈਰਾ ਦੀ ਵਰਤੋਂ ਨਹੀਂ ਕੀਤੀ ਜਾਂਦੀ ? ਜਦਕਿ ਫੈਕਟਰੀਆਂ ਦੇ ਮਾਲਕਾਂ ਵੱਲੋਂ ਇਹ ਕਹਿ ਕੇ ਪਿੰਡ ਵਾਲਿਆਂ ਨੂੰ ਚੁੱਪ ਕਰਾ ਦਿੱਤਾ ਜਾਂਦਾ ਰਿਹਾ ਹੈ ਕਿ ਉਨ੍ਹਾਂ ਦੁਆਰਾ ਸਰਕਾਰ ਪ੍ਰਮਾਣਿਤ ਫਿਲਟਰ ਸਿਸਟਮਾਂ ਦੀ ਵਰਤੋਂ ਕੀਤੀ ਜਾਂਦੀ ਹੈ। ਪਰ, ਜੇਕਰ ਇਹ ਫੈਕਟਰੀਆਂ ਉਂਨ੍ਹਾਂ ਸਿਸਟਮਾਂ ਦੀ ਵਰਤੋਂ ਕਰਦੇ ਰਹੇ ਨੇ ਤਾਂ ਹੁਣ ਲਾਕਡਾਊਨ ਦੇ ਇੰਨੇ ਦਿਨਾਂ ਬਾਅਦ ਪਾਣੀ ਆਪਣੇ ਆਪ ਸਾਫ ਕਿਉਂ ਹੋ ਰਿਹਾ ਹੈ ? ਕੀ ਫੈਕਟਰੀ ਦੇ ਧਨਾਢ ਮਾਲਕ ਪਿੰਡ ਦੇ ਗਰੀਬ ਲੋਕਾਂ ਨੂੰ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਗੁੰਮਰਾਹ ਕਰ ਰਹੇ ਹਨ ? ਅੱਜ ਜਿੱਥੇ ਕਰਫਿਊ ਕਾਰਨ ਸਾਰੀਆਂ ਫੈਕਟਰੀਆਂ ਬੰਦ ਹਨ, ਤਾਂ ਧਰਤੀ ਹੇਠਲਾ ਪਾਣੀ ਮੁੜ ਤੋਂ ਸਾਫ ਹੋਣਾ ਸ਼ੁਰੂ ਹੋਇਆ ਹੈ। ਪਰ ਪਿੰਡਾਂ ਦੇ ਲੋਕਾਂ ਦਾ ਸਵਾਲ ਹੈ ਕਿ ਕਿੰਨਾ ਸਮਾਂ ਇਹ ਸਾਫ ਰਹੇਗਾ ? ਕਿਉਂਕਿ ਜਿਸ ਦਿਨ ਕਰਫਿਊ ਖੁੱਲ੍ਹ ਗਿਆ, ਮੁੜ ਤੋਂ ਫੈਕਟਰੀਆਂ ਦਾ ਕੰਮ ਚਾਲੂ ਹੋ ਜਾਏਗਾ ਅਤੇ ਫੇਰ ਦੁਬਾਰਾ ਉਹ ਜ਼ਹਿਰੀਲਾ ਪਾਣੀ ਪੀਣ ਲਈ ਮਜਬੂਰ ਹੋ ਜਾਣਗੇ। ਪਿੰਡ ਵਾਸੀਆਂ ਨੇ ਕਿਹਾ ਕਿ ਇਹ ਫੈਕਟਰੀਆਂ ਹਮੇਸ਼ਾਂ ਹੀ ਬੰਦ ਰਹਿਣ ਅਤੇ ਸਰਕਾਰ ਨੂੰ ਅਪੀਲ ਵੀ ਕੀਤੀ ਕਿ ਇੰਨ੍ਹਾਂ ਫੈਕਟਰੀਆਂ ਦੀ ਬੜੀ ਗੰਭੀਰਤਾ ਨਾਲ ਜਾਂਚ ਕੀਤੀ ਜਾਏ ਤਾਂ ਜੋ ਵਾਤਾਵਰਨ 'ਚ ਫੈਲ ਰਹੇ ਪ੍ਰਦੂਸ਼ਣ ਨੂੰ ਰੋਕਿਆ ਜਾ ਸਕੇ।
18 ਮਾਰਚ 2020 ਨੂੰ ਪ੍ਰਦੂਸ਼ਣ ਕੰਟ੍ਰੋਲ ਬੋਰਡ, ਲੁਧਿਆਣਾ ਦੇ ਅਧਿਕਾਰੀ ਪਿੰਡ ਬਰਮਾਲੀਪੁਰ ਦੇ ਪਾਣੀ ਦੇ ਲਏ ਸੈਂਪਲਾਂ ਨੂੰ ਸੀਲ ਕਰਦੇ ਹੋਏ
18 ਮਾਰਚ 2020 ਨੂੰ ਪ੍ਰਦੂਸ਼ਣ ਕੰਟਰੋਲ ਵਿਭਾਗ, ਲੁਧਿਆਣਾ ਦੇ ਅਧਿਕਾਰੀ ਵੱਲੋਂ ਪਾਣੀ ਦੇ ਸੈਂਂਪਲ ਲੈਣ ਉਪਰੰਤ ਲਿਖੀ ਗਈ ਫਾਈਨਲ ਰਿਪੋਰਟ, ਜਿਸ 'ਚ ਟੀ.ਡੀ.ਐੱਸ ਦਾ ਵੀ ਖ਼ਾਸ ਜ਼ਿਕਰ ਕੀਤਾ ਗਿਆ ਹੈ।
ਪਿੰਡ ਬਰਮਾਲੀਪੁਰ ਦੀ ਧਾਗਾ ਫੈਕਟਰੀ ਦਾ ਬੰਦ ਪਿਆ ਗੰਦੇ ਪਾਣੀ ਦਾ ਨਿਕਾਸੀ ਪਾਈਪ - 27 ਅਪ੍ਰੈਲ 2020
ਧਾਗਾ ਫੈਕਟਰੀ, ਪਿੰਡ ਬਰਮਾਲੀਪੁਰ