ਪਰਵਿੰਦਰ ਸਿੰਘ ਕੰਧਾਰੀ
-ਕਰਫਿਊ ਸਬੰਧੀ ਪਹਿਲਾਂ ਦਿੱਤੀਆਂ ਗਈਆਂ ਇਜ਼ਾਜਤਾਂ/ਹੁਕਮ ਜਾਰੀ ਰਹਿਣਗੇ
ਫਰੀਦਕੋਟ, 20 ਅਪ੍ਰੈਲ 2020 : ਕਰੋਨਾ ਵਾਇਰਸ ਕਾਰਨ ਹੋਣ ਵਾਲੀ ਕੋਵਿਡ 19 ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਜ਼ਿਲਾ ਫਰੀਦਕੋਟ ਵਿਚ ਲਗਾਏ ਗਏ ਕਰਫਿਊ ਅਤੇ ਪਾਬੰਦੀਆਂ ਦੇ ਮੱਦੇਨਜ਼ਰ ਜ਼ਿਲੇ ਵਿਚ ਹਾਲ ਦੀ ਘੜੀ ਕੋਈ ਨਵੀਂ ਢਿੱਲ ਨਹੀਂ ਦਿੱਤੀ ਗਈ ਹੈ। ਇਹ ਜਾਣਕਾਰੀ ਜ਼ਿਲਾ ਮੈਜਿਸਟ੍ਰੇਟ ਸ੍ਰੀ ਕੁਮਾਰ ਸੌਰਭ ਰਾਜ ਆਈ.ਏ.ਐਸ. ਨੇ ਦਿੱਤੀ ਹੈ। ਉਨਾਂ ਕਿਹਾ ਕਿ ਸਥਾਨਕ ਹਲਾਤਾਂ ਦੀ ਸਮੀਖਿਆ ਤੋਂ ਬਾਅਦ ਸਹੀ ਸਮੇਂ ਤੇ ਇਸ ਸਬੰਧੀ ਯੋਗ ਫੈਸਲਾ ਕੀਤਾ ਜਾਵੇਗਾ, ਪਰ ਫਿਲਹਾਲ ਜਿਹੜੀਆਂ ਬੰਦਸਾਂ ਪਹਿਲਾਂ ਤੋਂ ਚੱਲ ਰਹੀਆਂ ਹਨ ਉਹ ਉਸੇ ਤਰਾਂ ਲਾਗੂ ਰਹਿਣਗੀਆਂ। ਉਨਾਂ ਕਿਹਾ ਕਿ ਜੋ ਦੁਕਾਨਾਂ, ਅਦਾਰੇ, ਇੰਡਸਟਰੀ ਆਦਿ ਇਸ ਸਮੇਂ ਬੰਦ ਹਨ ਉਹ ਅਗਲੇ ਹੁਕਮਾਂ ਤੱਕ ਵੀ ਬੰਦ ਹੀ ਰਹਿਣਗੇ।
ਜ਼ਿਲਾ ਮੈਜਿਸਟ੍ਰੇਟ ਸ੍ਰੀ ਕੁਮਾਰ ਸੌਰਭ ਰਾਜ ਨੇ ਜ਼ਿਲਾ ਵਾਸੀਆਂ ਨੂੰ ਸੱਪਸ਼ਟ ਕੀਤਾ ਕਿ ਉਹ ਦੇਸ਼ ਦੇ ਦੁਸਰੇ ਜ਼ਿਲਿਆਂ ਸਬੰਧੀ ਆ ਰਹੀਆਂ ਮੀਡੀਆ ਰਿਪੋਟਾਂ ਦੇ ਅਧਾਰ ਤੇ ਫਰੀਦਕੋਟ ਜ਼ਿਲੇ ਵਿਚ ਵੀ ਅਜਿਹੀਆਂ ਕੋਈ ਛੋਟਾਂ ਹੋਣ ਦਾ ਗਲਤ ਅਰਥ ਨਾ ਲਗਾ ਲੈਣ। ਉਨਾਂ ਨੇ ਕਿਹਾ ਕਿ ਫਰੀਦਕੋਟ ਜ਼ਿਲੇ ਵਿਚ ਜੇਕਰ ਕੋਈ ਛੋਟ ਦਿੱਤੀ ਤਾਂ ਇਸ ਸਬੰਧੀ ਬਕਾਇਦਾ ਹੁਕਮ ਜਾਰੀ ਕਰਕੇ ਮੀਡੀਆ ਰਾਹੀਂ ਲੋਕਾਂ ਨੂੰ ਦੱਸਿਆ ਜਾਵੇਗਾ।ਉਨਾਂ ਕਿਹਾ ਕਿ ਜਿਨਾਂ ਕੋਲ ਕਰਫਿਊ ਪਾਸ ਹਨ ਉਹ ਆਪਣਾ ਕੰਮ ਉਸੇ ਤਰੀਕੇ ਨਾਲ ਕਰਦੇ ਰਹਿਣਗੇ।ਉਨਾਂ ਇਹ ਵੀ ਕਿਹਾ ਕਿ ਕਣਕ ਦੀ ਕਟਾਈ ਆਦਿ ਲਈ ਸ਼ਰਤਾਂ ਸਹਿਤ ਦਿੱਤੀਆਂ ਛੋਟਾਂ ਪਹਿਲਾਂ ਵਾਂਗ ਹੀ ਜਾਰੀ ਰਹਿਣਗੀਆਂ। ਉਨਾਂ ਕਿਹਾ ਕਿ ਸਿਰਫ ਸਰਕਾਰੀ ਕੰਮ ਜੇਕਰ ਨਹਿਰ ਆਦਿ ਦੀ ਸਫਾਈ ਹੋਣੀ ਹੈ ਤਾਂ ਉਹ ਹੀ ਕੀਤਾ ਜਾਵੇਗਾ ਕੋਈ ਵੀ ਪ੍ਰਾਈਵੇਟ ਕੰਮ ਜਾਂ ਕੋਈ ਫੈਕਟਰੀ ਆਦਿ ਨੂੰ ਇਸ ਕਰਫਿਊ ਤੋਂ ਕੋਈ ਛੋਟ ਨਹੀਂ ਦਿੱਤੀ ਗਈ ਹੈ।
ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਮਾਜਿਕ ਦੂਰੀ ਬਣਾ ਕੇ ਰੱਖਣ ਅਤੇ ਆਪਣੇ ਘਰਾਂ ਵਿਚ ਹੀ ਰਹਿਣ ਅਤੇ ਆਪਣੇ ਹੱਥ ਸਮੇਂ ਸਮੇਂ ਧੋਂਦੇ ਰਹਿਣ ਅਤੇ ਸੈਨੇਟਾਈਜ਼ਰ ਦੀ ਵਰਤੋਂ ਕਰਨ। ਉਨਾਂ ਇਹ ਵੀ ਕਿਹਾ ਕਿ ਜੇਕਰ ਕੋਈ ਬਿਨਾਂ ਪਾਸ ਤੋਂ ਘਰੋਂ ਬਾਹਰ ਜਾਵੇਗਾ ਤਾਂ ਉਸ ਤੇ ਸਖਤ ਕਾਰਵਾਈ ਕੀਤੀ ਜਾਵੇਗੀ।ਜ਼ਿਲਾ ਮੈਜਿਸਟ੍ਰੇਟ ਨੇ ਸਮੂਹ ਜ਼ਿਲਾ ਵਾਸੀਆਂ ਅਤੇ ਸਮੂਹ ਵਿਭਾਗਾਂ ਦੇ ਡਿਊਟੀ ਤੇ ਤਾਇਨਾਤ ਅਮਲੇ ਦਾ ਧੰਨਵਾਦ ਵੀ ਕੀਤਾ ਜੋ ਇਸ ਬਿਮਾਰੀ ਦੇ ਜ਼ਿਲੇ ਵਿਚ ਦਾਖਲੇ ਨੂੰ ਰੋਕਣ ਲਈ ਕੰਮ ਕਰ ਰਹੇ ਹਨ।