5 ਆਰ.ਟੀ.ਪੀ.ਸੀ.ਆਰ ਮਸ਼ੀਨਾਂ ਅਤੇ 4 ਆਰ.ਐਨ.ਏ. ਐਕਸਟਰੇਕਸ਼ਨ ਮਸ਼ੀਨਾਂ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਅਤੇ ਅੰਮ੍ਰਿਤਸਰ ਵਿਖੇ ਸਥਾਪਤ
ਸਰਕਾਰੀ ਮੈਡੀਕਲ ਕਾਲਜ ਪਟਿਆਲਾ ਅਤੇ ਅੰਮ੍ਰਿਤਸਰ ਦੀ ਟੈਸਟ ਸਮਰੱਥਾ 40-40 ਤੋਂ ਵੱਧ ਕੇ ਹੋੲੀ 400-400 ਟੈਸਟ ਰੋਜ਼ਾਨਾ
ਚੰਡੀਗੜ੍ਹ, 9 ਅਪ੍ਰੈਲ 2020: ਦੁਨੀਆਂ ਭਰ ਵਿੱਚ ਚਿੰਤਾ ਦਾ ਵਿਸ਼ਾ ਬਣੇ ਹੋਏ ਕੋਵਿਡ 19 ਨੂੰ ਮਾਤ ਪਾਉਣ ਲਈ ਪੰਜਾਬ ਸਰਕਾਰ ਨੇ ਕੋਰੋਨਾ ਦੇ ਸ਼ੱਕੀ ਮਰੀਜ਼ਾਂ ਦੇ ਟੈਸਟ ਕਰਨ ਲਈ 5 ਆਰ.ਟੀ.ਪੀ.ਸੀ.ਆਰ ਮਸ਼ੀਨਾਂ ਅਤੇ 4 ਆਰ.ਐਨ.ਏ. ਐਕਸਟਰੇਕਸ਼ਨ ਮਸ਼ੀਨਾਂ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਅਤੇ ਅੰਮ੍ਰਿਤਸਰ ਦੇ ਵਾਇਰਲ ਰਿਸਰਚ ਡਾਇਗਨੋਸਟਿਕ ਲੈਬ ਵਿਖੇ ਸਥਾਪਤ ਕਰ ਦਿੱਤੀਆਂ ਗਈਆਂ ਹਨ। ਇਸ ਨਾਲ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਅਤੇ ਅੰਮ੍ਰਿਤਸਰ ਵਿਚ ਹੁਣ ਰੋਜ਼ਾਨਾ 400-400 ਟੈਸਟ ਕੀਤੇ ਜਾ ਸਕਣਗੇ।
ਉਕਤ ਜਾਣਕਾਰੀ ਅੱਜ ਇਥੇ ਡਾਕਟਰੀ ਸਿੱਖਿਆ ਅਤੇ ਖੋਜ ਬਾਰੇ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਡੀ.ਕੇ. ਤਿਵਾੜੀ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕਰੋਨਾ ਵਾਇਰਸ ਦੇ ਟਾਕਰੇ ਲਈ ਜੰਗੀ ਪੱਧਰ ਤੇ ਤਿਆਰੀ ਕੀਤੀ ਗਈਆਂ ਹਨ ਜਿਸ ਤਹਿਤ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਅਤੇ ਅੰਮ੍ਰਿਤਸਰ ਲਈ 5 ਆਰ.ਟੀ.ਪੀ.ਸੀ.ਆਰ ਮਸ਼ੀਨਾਂ ਦੀ ਖਰੀਦ ਤਕਰੀਬਨ 1.6 ਕਰੋੜ ਦੀ ਲਾਗਤ ਨਾਲ ਖ੍ਰੀਦੀਆਂ ਗੲੀਆਂ ਹਨ ਇਸ ਤਰ੍ਹਾਂ ਹੁਣ ਰਾਜ ਵਿੱਚ ਕੁਲ 8 ਆਰ.ਟੀ.ਪੀ.ਸੀ.ਆਰ ਮਸ਼ੀਨਾਂ ਹੋ ਗਈਆਂ ਹਨ। ਇਸ ਤੋਂ ਇਲਾਵਾ 4 ਆਰ.ਐਨ.ਏ. ਐਕਸਟਰੇਕਸ਼ਨ ਮਸ਼ੀਨਾਂ ਵੀ ਤਕਰੀਬਨ 1.26 ਕਰੋੜ ਦੀ ਲਾਗਤ ਨਾਲ ਖ੍ਰੀਦੀਆਂ ਗੲੀਆਂ ਹਨ ਅਤੇ ਇਹ ਮਸ਼ੀਨਾਂ ਪਟਿਆਲਾ ਅਤੇ ਅੰਮ੍ਰਿਤਸਰ ਵਿਖੇ ਸਥਾਪਤ ਕਰ ਦਿੱਤੀਆਂ ਗਈਆਂ ਹਨ ਜਿਸ ਸਦਕੇ ਹੁਣ ਪੰਜਾਬ ਰਾਜ ਵਿੱਚ ਕੁਲ 800 ਟੈਸਟ ਰੋਜ਼ਾਨਾ ਹੋਣਗੇ।
ਸ੍ਰੀ ਤਿਵਾੜੀ ਨੇ ਦੱਸਿਆ ਕਿ ਹੁਣ ਤੱਕ ਅੰਮ੍ਰਿਤਸਰ ਅਤੇ ਪਟਿਆਲਾ ਦੀ ਲੈਬ ਵਿਚ ਹੁਣ ਤੱਕ ਕੁੱਲ 1958 ਟੈਸਟ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਮੈਡੀਕਲ ਕਾਲਜ ਫਰੀਦਕੋਟ ਵਿਖੇ ਟੈਸਟ ਸ਼ੁਰੂ ਕਰਨ ਲਈ ਆਈ.ਸੀ.ਐਮ.ਆਰ ਤੋਂ ਪ੍ਰਵਾਨਗੀ ਦੀ ਮੰਗ ਕੀਤੀ ਗਈ ਹੈ ਜੇਕਰ ਇਹ ਪ੍ਰਵਾਨਗੀ ਮਿਲ ਜਾਂਦੀ ਹੈ ਤਾਂ ਇਥੇ ਰੋਜ਼ਾਨਾ 40 ਟੈਸਟ ਕਰਨ ਨਾਲ ਸ਼ੁਰੂਆਤ ਕੀਤੀ ਜਾਵੇਗੀ।
ਪ੍ਰਮੁੱਖ ਸਕੱਤਰ ਨੇ ਆਸ ਪ੍ਰਗਟਾਈ ਕਿ ਇਸ ਸਹੂਲਤ ਨਾਲ ਅਸੀਂ ਕਰੋਨਾ ਤੇ ਪੀੜਤ ਮਰੀਜ਼ਾਂ ਦੀ ਜਲਦ ਪਹਿਚਾਣ ਕਰਨ ਵਿਚ ਕਾਮਯਾਬ ਹੋ ਸਕਾਂਗੇ ਅਤੇ ਲੋਕਾਂ ਨੂੰ ਸਹੀ ਇਲਾਜ ਜਲਦ ਮੁਹੱਈਆ ਕਰਵਾਉਣ ਵਿਚ ਸਫਲ ਹੋ ਸਕਾਂਗੇ।
ਸ੍ਰੀ ਤਿਵਾੜੀ ਨੇ ਮੈਡੀਕਲ ਕਾਲਜਾਂ ਦੇ ਡਾਕਟਰਾਂ ਅਤੇ ਪੈਰਾ ਮੈਡੀਕਲ ਅਮਲੇ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੁਸ਼ਕਿਲ ਸਮੇਂ ਵਿੱਚ ਹੀ ਮਨੁੱਖਤਾ ਦੀ ਸੇਵਾ ਹੀ ਅਸਲ ਸੇਵਾ ਹੈ।