ਅਨਾਜ ਮੰਡੀਆਂ ਲਈ 10 ਹਜ਼ਾਰ ਮਾਸਕ ਕਰਾਏ ਮੁਹੱਈਆ,
ਕਿਸਾਨਾਂ ਤੇ ਮਜ਼ਦੂਰਾਂ ਨੂੰ ਮਾਸਕ ਵੰਡਣ ਦੀ ਮੁਹਿੰਮ ਜ਼ੋਰਾਂ ’ਤੇ
ਹੱਥ ਧੋਣ ਲਈ 87 ਪੈਡਲ ਮਸ਼ੀਨਾਂ ਦਾ ਪ੍ਰਬੰਧ; ਮਾਰਕੀਟ ਕਮੇਟੀਆਂ ਨੂੰ ਮੁਹੱਈਆ ਕਰਾਏ ਗਏ ਸੈਨੇਟਾਈਜ਼ਰ
ਸਬੰਧਤ ਅਮਲਾ ਅਤੇ ਵਲੰਟੀਅਰ ਸਮਾਜਿਕ ਦੂਰੀ ਬਾਰੇ ਲਗਾਤਾਰ ਕਰ ਰਹੇ ਹਨ ਜਾਗਰੂਕ
ਹਰਿੰਦਰ ਨਿੱਕਾ
ਬਰਨਾਲਾ, 20 ਅਪਰੈਲ 2020: ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਕਣਕ ਦੀ ਸਰਕਾਰੀ ਖਰੀਦ 15 ਅਪਰੈਲ ਤੋਂ ਜਾਰੀ ਹੈ। ਇਸੇ ਤਹਿਤ ਜ਼ਿਲ੍ਹਾ ਬਰਨਾਲਾ ਦੀਆਂ ਮੰਡੀਆਂ ਵਿੱਚ ਵੀ ਕਣਕ ਦੀ ਆਮਦ ਅਤੇ ਖਰੀਦ ਜ਼ੋਰਾਂ ’ਤੇ ਹੈ। ਕਰੋਨਾ ਵਾਇਰਸ ਦੇ ਮੱਦਨਜ਼ਰ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਆਦੇਸ਼ਾਂ ’ਤੇ ਮੰਡੀਆਂ ਵਿਚ ਜਿੱਥੇ ਸਮਾਜਿਕ ਦੂਰੀ ਦਾ ਖਾਸ ਖਿਆਲ ਰੱਖਿਆ ਜਾ ਰਿਹਾ ਹੈ, ਉਥੇ ਬਿਜਲੀ, ਪਾਣੀ, ਮਾਸਕ, ਸੈਨੇਟਾਈਜ਼ਰ ਜਿਹੀਆਂ ਸਹੂਲਤਾਂ ਤੋਂ ਇਲਾਵਾ ਸਕਰੀਨਿੰਗ ਮੁਹਿੰਮ ਜ਼ੋਰਾਂ ਉਤੇ ਹੈ।
ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਜ਼ਿਲ੍ਹੇ ਵਿਚ 98 ਤੋਂ ਮੰਡੀਆਂ ਤੋਂ ਇਲਾਵਾ 107 ਸ਼ੈਲਰਾਂ ਦਾ ਪ੍ਰਬੰਧ ਕੀਤਾ ਹੋਇਆ ਹੈ ਤਾਂ ਜੋ ਮੰਡੀਆਂ ਵਿਚ ਭੀੜ ਨਾ ਹੋਵੇ। ਉਨ੍ਹਾਂ ਦੱਸਿਆ ਕਿ ਇਸ ਸੀਜ਼ਨ ਵਿਚ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਅੰਦਾਜ਼ਨ 5 ਲੱਖ ਟਨ ਕਣਕ ਦੀ ਆਮਦ ਦੀ ਉਮੀਦ ਹੈ ਤੇ ਸਾਰੀਆਂ ਮੰਡੀਆਂ ਵਿਚ ਖਰੀਦ ਪ੍ਰਕਿਰਿਆ ਜਾਰੀ ਹੈ। ਉਨ੍ਹਾਂ ਦੱਸਿਆ ਕਿ 19 ਅਪ੍ਰੈਲ ਸ਼ਾਮ ਤੱਕ ਜ਼ਿਲ੍ਹੇ ਦੀਆਂ ਮੰਡੀਆਂ ਵਿਚ 66,727 ਮੀਟ੍ਰਿਕ ਟਨ ਕਣਕ ਦੀ ਆਮਦ ਤੇ 51,116 ਮੀਟ੍ਰਿਕ ਟਨ ਕਣਕ ਦੀ ਖਰੀਦ ਹੋ ਚੁੱਕੀ ਹੈ ਤੇ ਲਿਫਟਿੰਗ ਪ੍ਰਕਿਰਿਆ ਵੀ ਨਾਲੋ-ਨਾਲ ਜਾਰੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਰੋਨਾ ਵਾਇਰਸ ਦੇ ਮੱਦੇਨਜ਼ਰ ਮੰਡੀਆਂ ਵਿਚ ਸਮਾਜਿਕ ਦੂਰੀ ਅਤੇ ਹੋਰ ਸਹੂਲਤਾਂ ਦਾ ਖਾਸ ਖਿਆਲ ਰੱਖਿਆ ਜਾ ਰਿਹਾ ਹੈ ਅਤੇ ਮੰਡੀ ਬੋਰਡ ਤੇ ਸਬੰਧਤ ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਵਾਉਣ ਦੀਆਂ ਹਦਾਇਤਾਂ ਦਿੱਤੀਆਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 10 ਹਜ਼ਾਰ ਮਾਸਕ ਮੰਡੀਆਂ ਲਈ ਮੁਹੱਈਆ ਕਰਾਏ ਜਾ ਚੁੱਕੇ ਹਨ ਅਤੇ ਇਹ ਉਪਰਾਲਾ ਜਾਰੀ ਰਹੇਗਾ।
ਇਸ ਮੌਕੇ ਜ਼ਿਲ੍ਹਾ ਮੰਡੀ ਅਫਸਰ ਜਸਪਾਲ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ’ਤੇ ਜ਼ਿਲ੍ਹਾ ਬਰਨਾਲਾ ਦੀਆਂ ਮੰਡੀਆਂ ਵਿਚ ਪੈਰਾਂ ਨਾਲ ਚੱਲਣ ਵਾਲੀਆਂ 87 ਮਸ਼ੀਨਾਂ ਹੱਥ ਧੋਣ ਲਈ ਲਾਈਆਂ ਗਈਆਂ ਹਨ। ਇਸ ਤੋਂ ਇਲਾਵਾ ਮਾਰਕੀਟ ਕਮੇਟੀ ਬਰਨਾਲਾ ਵਿਚ 11 ਵਾਟਰ ਕੂਲਰ ਅਤੇ ਜ਼ਿਲ੍ਹੇ ਵਿਚ 33 ਸਟੈਂਡਿੰਗ ਪੋਸਟਾਂ ਲਾਈਆਂ ਗਈਆਂ ਹਨ। ਮਾਰਕੀਟ ਕਮੇਟੀ ਬਰਨਾਲਾ ਅਤੇ ਧਨੌਲਾ ਦੇ ਮੁੱਖ ਯਾਰਡਾਂ ਵਿਚ ਕੈਂਪਰਾਂ ਦੇ ਪ੍ਰਬੰਧ ਹਨ। ਇਸ ਤੋਂ ਇਲਾਵਾ ਸਮੂਹ ਖਰੀਦ ਕੇਂਦਰਾਂ ਵਿਚ ਸਮਰਸੀਬਲ ਮੋਟਰਾਂ, ਘੜੇ, ਪੀਣ ਵਾਲੇ ਪਾਣੀ ਦੀਆਂ ਟੈਂਕੀਆਂ ਦੇ ਪ੍ਰਬੰਧ ਹਨ ਅਤੇ ਮੰਡੀਆਂ ਵਿਚ ਬਿਜਲੀ ਅਤੇ ਛਾਂ ਦੇ ਢੁਕਵੇਂ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅਧੀਨ ਮੁੱਖ ਯਾਰਡਾਂ ਵਿਚ ਲੈਬਾਰੇਟਰੀ ਬਲਾਕ ਬਣੇ ਹੋਏ ਹਨ, ਜਿਨ੍ਹਾਂ ਦੀ ਗਿਣਤੀ 10 ਹੈ। ਇਸ ਤੋਂ ਇਲਾਵਾ ਮੰਡੀਆਂ ਵਿਚ ਆਰਜ਼ੀ ਪਖਾਨਿਆਂ ਦਾ ਪ੍ਰਬੰਧ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੰਡੀਆਂ ਲਈ ਲਗਭਗ 10 ਹਜ਼ਾਰ ਮਾਸਕ ਮੁਹੱਈਆ ਕਰਾਏ ਜਾ ਚੁੱਕੇ ਹਨ, ਜਿਨ੍ਹਾਂ ਨੂੰ ਵੰਡਣ ਦੀ ਮੁਹਿੰਮ ਜਾਰੀ ਹੈ। ਇਸ ਤੋਂ ਇਲਾਵਾ ਵਲੰਟੀਅਰਾਂ ਤੇ ਮਾਰਕੀਟ ਕਮੇਟੀ ਅਮਲੇ ਵੱਲੋਂ ਕਿਸਾਨਾਂ ਤੇ ਮਜ਼ਦੂਰਾਂ ਨੂੰ ਸਮਾਜਿਕ ਦੂਰੀ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਸਮੂਹ ਮਾਰਕੀਟ ਕਮੇਟੀਆਂ ਨੂੰ ਸੈਨੇਟਾਈਜ਼ਰ ਮੁਹੱਈਆ ਕਰਾਏ ਗਏ ਹਨ, ਜਿਨ੍ਹਾਂ ਨਾਲ ਕਿਸਾਨਾਂ, ਮਜ਼ਦੂਰਾਂ ਦੇ ਹੱਥ ਸੈਨੇਟਾਈਜ਼ ਕਰਵਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਅੱਜ ਨਵੀਂ ਅਨਾਜ ਮੰਡੀ, ਖੁੱਡੀ ਖੁਰਦ, ਠੀਕਰੀਵਾਲਾ, ਧੌਲਾ, ਕਾਹਨਕੇ ਕਈ ਸਣੇ ਕਈ ਮੰਡੀਆਂ ਵਿਚ ਮਜ਼ਦੂਰਾਂ ਨੂੰ ਮਾਸਕ ਵੰਡੇ ਗਏ।