← ਪਿਛੇ ਪਰਤੋ
ਹੁਣ ਤੱਕ ਭੇਜੇ ਗਏ ਪੰਜ ਸੈਂਪਲ ਆਏ ਨੈਗੇਟਿਵ ਫਿਰੋਜ਼ਪੁਰ, 02 ਅਪ੍ਰੈਲ 2020: ਸਿਹਤ ਵਿਭਾਗ ਅਤੇ ਸਮੁੱਚੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਸ੍ਰ: ਕੁਲਵੰਤ ਸਿੰਘ ਦੀ ਅਗਵਾਈ ਹੇਠ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਕਰੋਨਾ ਵਾਇਰਸ ਰੋਗ ਨੂੰ ਕਾਬੂ ਕਰਨ ਹਿੱਤ ਮੁਕੰਮਲ ਚੌਕਸੀ ਰੱਖੀ ਜਾ ਰਹੀ ਹੈ।ਇਹ ਜਾਣਕਾਰੀ ਫਿਰੋਜ਼ਪੁਰ ਦੇ ਸਿਵਲ ਸਰਜਨ ਡਾ:ਨਵਦੀਪ ਸਿੰਘ ਨੇ ਇੱਕ ਵਿਭਾਗੀ ਮੀਟਿੰਗ ਦੌਰਾਨ ਦਿੱਤੀ। ਸਿਵਲ ਸਰਜਨ ਡਾ. ਨਵਦੀਪ ਸਿੰਘ ਨੇ ਖੁਲਾਸਾ ਕੀਤਾ ਕਿ ਜ਼ਿਲ੍ਹੇ ਅੰਦਰ ਹੁਣ ਤੱਕ ਕਰੋਨਾ ਰੋਗ ਦੇ ਸ਼ੱਕੀ ਮਰੀਜ਼ਾਂ ਦੇ 5 ਸੈਂਪਲ ਟੈੱਸਟ ਲਈ ਭੇਜੇ ਗਏ ਹਨ ਅਤੇ ਇਹਨਾਂ ਪੰਜਾਂ ਦੇ ਹੀ ਰਿਜ਼ਲਟ ਨੈਗੇਟਿਵ ਆਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਅੰਦਰ ਮਰੀਜ਼ਾਂ ਦੀ ਕੁਆਰਨਟਾਈਨ ਅਤੇ ਆਈਸੋਲੇਸ਼ਨ ਲਈ ਢੁਕਵੇਂ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ ਵਿਦੇਸ਼ਾਂ ਅਤੇ ਬਾਹਰਲੇ ਸੂਬਿਆਂ ਤੋਂ ਆਏ ਵਿਅਕਤੀਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 14 ਦਿਨਾਂ ਲਈ ਘਰਾਂ ਅੰਦਰ ਹੀ ਏਕਾਂਤਵਾਸ ਲਈ ਕਿਹਾ ਜਾ ਰਿਹਾ ਹੈ। ਸਿਵਲ ਸਰਜਨ ਨੇ ਸਮੂਹ ਜ਼ਿਲ੍ਹਾ ਨਿਵਾਸੀਆਂ ਨੂੰ ਕੋਵਿਡ -19 ਸਬੰਧੀ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ ਹਿੱਤ ਆਪਣੇ ਘਰਾਂ ਅੰਦਰ ਹੀ ਰਹਿਣ ਦੀ ਅਪੀਲ ਕੀਤੀ ਤਾਂ ਜੋ ਕਰੋਨਾ ਵਾਇਰਸ ਦੀ ਲੜੀ ਨੂੰ ਤੋੜਿਆ ਜਾ ਸਕੇ। ਉਨ੍ਹਾਂ ਅੱਗੇ ਦੱਸਿਆ ਕਿ ਕਰੋਨਾ ਵਾਇਰਸ ਕਿਸੇ ਕਰੋਨਾ ਵਾਇਰਸ ਪੀੜਿਤ ਵਿਅਕਤੀ ਦੇ ਨਿੱਛ ਮਾਰਨ, ਖੰਘਣ ਨਾਲ ਵਿਸ਼ਾਣੂ ਯੁਕਤ ਡਰਾਪਲੈਟਸ ਤੰਦਰੁਸਤ ਵਿਅਕਤੀ ਤੱਕ ਜਾਣ ਨਾਲ ਫੈਲਦਾ ਹੈ ਇਸ ਲਈ ਇਸ ਰੋਗ ਨੂੰ ਰੋਕਣ ਲਈ ਆਪਸੀ ਦੂਰੀ ਬਣਾ ਕੇ ਰੱਖਣੀ ਬਹੁਤ ਮਹੱਤਵਪੂਰਨ ਹੈ। ਇਸ ਲਈ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਨੂੰ 2 ਮੀਟਰ ਦੀ ਦੂਰੀ ਰੱਖਣੀ ਚਾਹੀਦੀ ਹੈ। ਕਰੋਨਾ ਰੋਗ ਦੇ ਫੈਲਾਅ ਨੂੰ ਰੋਕਣ ਲਈ ਵਾਰ ਵਾਰ ਹੱਥ ਧੋਣੇ ਚਾਹੀਦੇ ਹਨ ਅਤੇ ਸੈਨੀਟਾਈਜ਼ਰ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਕਿਸੇ ਵੀ ਤੰਦਰੁਸਤ ਵਿਅਕਤੀ ਨੂੰ ਮਾਸਕ ਦੀ ਜ਼ਰੂਰਤ ਨਹੀਂ ਹੁੰਦੀ ਸਗੋਂ ਖੰਘ, ਜ਼ੁਕਾਮ ਅਤੇ ਬੁਖ਼ਾਰ ਵਾਲੇ ਵਿਅਕਤੀ ਨੂੰ ਇਸ ਦਾ ਇਸਤੇਮਾਲ ਜ਼ਰੂਰੀ ਕਰਨਾ ਚਾਹੀਦਾ ਹੈ।
Total Responses : 267