ਰਜਨੀਸ਼ ਸਰੀਨ
- ਆਪਣੇ ਭੱਠੇ ’ਤੇ ਹੀ ਕਰ ਸਕਣਗੇ ਪਥਾਈ/ਪਕਾਈ
- ਭੱਠਾ ਮਾਲਕ ਉਨ੍ਹਾਂ ਦੇ ਹੋਰ ਥਾਂ ਨਾ ਜਾਣ ਨੂੰ ਬਣਾਉਣਗੇ ਯਕੀਨੀ
ਨਵਾਂਸ਼ਹਿਰ, 29 ਮਾਰਚ 2020 - ਜ਼ਿਲ੍ਹਾ ਮੈਜਿਸਟ੍ਰੇਟ ਵਿਨੈ ਬਬਲਾਨੀ ਨੇ ਜ਼ਿਲ੍ਹੇ ਦੇ ਭੱਠਿਆਂ ’ਤੇ ਬੈਠੀ ਲੇਬਰ ਨੂੰ ਵੱਡੀ ਰਾਹਤ ਦਿੰਦੇ ਹੋਏ, ਆਪੋ-ਆਪਣੇ ਭੱਠੇ ’ਤੇ ਹੀ ਕੰਮ ਕਰਨ ਦੀ ਰਾਹਤ ਪ੍ਰਦਾਨ ਕਰਦਿਆਂ, ਭੱਠਾ ਮਾਲਕਾਂ ਨੂੰ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਹੈ ਕਿ ਲੇਬਰ ਉੱਥੋਂ ਕਿਸੇ ਹੋਰ ਥਾਂ ਹਿਜਰਤ ਨਾ ਕਰੇ।
ਅੱਜ ਜਾਰੀ ਹੁਕਮਾਂ ’ਚ ਜ਼ਿਲ੍ਹਾ ਮੈਜਿਸਟ੍ਰੇਟ ਨੇ ਆਦੇਸ਼ ਦਿੱਤੇ ਹਨ ਕਿ ਭੱਠੇ ’ਤੇ ਪਥਾਈ/ਪਕਾਈ ਦਾ ਕੰਮ ਮੌਜੂਦਾ ਲੇਬਰ ਤੋਂ ਹੀ ਕਰਵਾਇਆ ਜਾਵੇ। ਭੱਠੇ ’ਤੇ ਕੰਮ ਕਰਦੇ ਸਮੇਂ ਇੱਕੋ-ਸਮੇਂ 10 ਤੋਂ ਵਧੇਰੇ ਮਜ਼ਦੂਰ ਇਕੱਠੇ ਨਾ ਕੀਤੇ ਜਾਣ ਅਤੇ ਉਨ੍ਹਾਂ ਵਿਚਕਾਰ 1 ਮੀਟਰ ਦਾ ਫ਼ਾਸਲਾ ਨਿਰਧਾਰਿਤ ਕੀਤਾ ਜਾਵੇ। ਇਸ ਦੇ ਨਾਲ ਹੀ ਕੰਮ ਕਰਦੀ ਲੇਬਰ ਨੂੰ ਨਿੱਤ ਵਰਤੋਂ ਦਾ ਰਾਸ਼ਨ, ਸੈਨੇਟਾਈਜ਼ਰ, ਮਾਸਕ ਆਦਿ ਮੁਹੱਈਆ ਕਰਵਾਉਣ ਦੀ ਜ਼ਿੰਮੇਂਵਾਰੀ ਭੱਠਾ ਮਾਲਕ ਦੀ ਹੋਵੇਗੀ ਅਤੇ ਭੱਠਾ ਖੇਤਰ ਨੂੰ ਹੀ ਉੱਥੇ ਕੰਮ ਕਰਦੀ ਲੇਬਰ ਦਾ ਕੁਆਰਨਟਾਈਨ ਸਥਾਨ ਮੰਨਿਆ ਜਾਵੇਗਾ। ਉਨ੍ਹਾਂ ਨਾਲ ਹੀ ਡੀ ਐਫ ਐਸ ਸੀ ਨੂੰ ਹਦਾਇਤ ਕੀਤੀ ਕਿ ਇਸ ਸਬੰਧੀ ਜੇਕਰ ਕੋਈ ਕਰਫ਼ਿਊ ਪਾਸ ਜਾਰੀ ਕੀਤਾ ਜਾਣਾ ਹੈ ਤਾਂ ਉਸ ਦੇ ਅਧਿਕਾਰ ਡੀ ਐਫ ਐਸ ਸੀ ਪਾਸ ਹੋਣਗੇ।