ਹਰਿੰਦਰ ਨਿੱਕਾ
ਸੰਗਰੂਰ, 3 ਅਪ੍ਰੈਲ 2020 - ਕੋਰੋਨਾ ਵਾਇਰਸ ਨੂੰ ਫ਼ੈਲਣ ਤੋਂ ਰੋਕਣ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਕਰਫ਼ਿਊ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ ਅਤੇ ਉਲੰਘਣਾ ਕਰਨ ਵਾਲਿਆਂ ਨਾਲ ਨਜਿੱਠਣ ਲਈ ਜ਼ਿਲਾ ਮੈਜਿਸਟਰੇਟ ਸ਼੍ਰੀ ਘਨਸ਼ਿਆਮ ਥੋਰੀ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਜਖੇਪਲ ਰੋਡ, ਸੁਨਾਮ ਅਤੇ ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਨੇੜੇ ਰੇਲਵੇ ਰੋਡ, ਧੂਰੀ ਨੂੰ ਓਪਨ ਜੇਲ ਵਜੋਂ ਸਥਾਪਿਤ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਉਨਾਂ ਦੱਸਿਆ ਕਿ ਕਰਫਿਊ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਨੂੰ ਬੰਦ ਕਰਨ ਲਈ ਪੁਲਿਸ ਵੱਲੋਂ ਇਨਾਂ ਥਾਂਵਾਂ ਨੂੰ ਜੇਲ ਵਜੋਂ ਵਰਤਿਆ ਜਾ ਸਕੇਗਾ। ਉਨਾਂ ਕਿਹਾ ਕਿ ਇਸਦੇ ਨਾਲ ਹੀ ਸੰਗਰੂਰ ਤੇ ਮਲੇਰਕੋਟਲਾ ਵਿਖੇ ਸਥਿਤ ਜੇਲਾਂ ਨੂੰ ਵੀ ਪੁਲਿਸ ਵੱਲੋਂ ਇਸ ਕੰਮ ਲਈ ਵਰਤਿਆ ਜਾ ਸਕਦਾ ਹੈ। ਉਨਾਂ ਕਿਹਾ ਕਿ ਲੋੜੀਂਦੀਆਂ ਵਸਤਾਂ ਨੂੰ ਘਰ-ਘਰ ਪਹੁੰਚਾਉਣ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਅਤੇ ਦੁਕਾਨਦਾਰਾਂ ਨੂੰ ਜ਼ਰੂਰਤ ਦਾ ਸਾਮਾਨ ਲੋਕਾਂ ਦੇ ਘਰਾਂ ਤੱਕ ਪਹੰੁਚਾਉਣ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ।
ਇਸ ਮੌਕੇ ਜ਼ਿਲਾ ਮੈਜਿਸਟਰੇਟ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾਵਾਇਰਸ ਨੂੂੰ ਫੈਲਣ ਤੋਂ ਰੋਕਣ ਲਈ ਸਮਾਜਿਕ ਦੂਰੀ ਬਣਾ ਕੇ ਰੱਖਣਾ ਕਾਰਗਾਰ ਸਾਬਿਤ ਹੋ ਰਿਹਾ ਹੈ, ਇਸ ਲਈ ਲੋਕ ਘਰਾਂ ਵਿਚ ਹੀ ਰਹਿਣ ਕਿਉਂਕਿ ਕੋਰੋਨਾ ਵਾਇਰਸ ਸਿਰਫ਼ ਵਿਅਕਤੀ ਤੋਂ ਵਿਅਕਤੀ ਦੇ ਸੰਪਰਕ ਵਿਚ ਆਉਣ ’ਤੇ ਹੀ ਫੈਲਦਾ ਹੈ। ਉਨਾਂ ਕਿਹਾ ਕਿ ਕਰਫਿਊ ਲਾਗੂ ਕਰਨ ਦਾ ਮੰਤਵ ਸਮਾਜ ਦੀ ਭਲਾਈ ਹੀ ਹੈ ਤੇ ਮਨੁੱਖਤਾ ਦੇ ਭਲੇ ਲਈ ਹਰ ਜ਼ਿਲਾ ਵਾਸੀ ਨੂੰ ਸੱਚੇ ਦਿਲੋਂ ਸਹਿਯੋਗ ਦੇਣਾ ਚਾਹੀਦਾ ਹੈ।