- ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਵੱਲੋਂ ਆਨਲਾਈਨ ਸਿੱਖਿਆ ਦੀ ਕੀਤੀ ਗਈ ਸ਼ੁਰੂਆਤ
ਫਿਰੋਜ਼ਪੁਰ, 30 ਅਪ੍ਰੈਲ 2020 - ਕੋਵਿਡ 19 ਦੀ ਮਹਾਂਮਾਰੀ ਕਾਰਨ ਕੀਤੇ ਲਗਾਏ ਕਰਫ਼ਿਊ ਕਾਰਨ ਵਿਦਿਆਰਥੀ ਵਰਗ ਦੀ ਪੜ੍ਹਾਈ ਉੱਪਰ ਪੈ ਰਹੇ ਅਸਰ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਵੱਲੋਂ ਡਿਪਟੀ ਕਮਿਸ਼ਨਰ ਸ੍ਰੀ ਕੁਲਵੰਤ ਸਿੰਘ ਦੀ ਰਹਿਨੁਮਾਈ ਵਿੱਚ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਆਨਲਾਈਨ ਸਿੱਖਿਆ ਪ੍ਰਦਾਨ ਕਰਨ ਲਈ 'ਨਵੀਂ ਉਡਾਣ' ਪ੍ਰੋਜੈਕਟ ਦੀ ਸ਼ੁਰੂਆਤ ਐਸਡੀਐਮ ਫਿਰੋਜ਼ਪੁਰ ਸ੍ਰੀ ਅਮਿਤ ਗੁਪਤਾ ਵੱਲੋਂ ਰਸਮੀ ਤੌਰ ਤੇ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਡੀਐਮ ਅਮਿੱਤ ਗੁਪਤਾ ਨੇ ਦੱਸਿਆ ਕਿ ਇਸ ਪ੍ਰਾਜੈਕਟ ਦੇ ਤਹਿਤ ਸਿੱਖਿਆ ਵਿਭਾਗ ਦੇ ਵਿਸ਼ਾ ਮਾਹਿਰਾਂ ਵੱਲੋਂ ਵੱਖ ਵੱਖ ਵਿਸ਼ਿਆਂ ਤੇ ਲੈਕਚਰ ਰਿਕਾਰਡ ਕਰਕੇ ਸੋਸ਼ਲ ਮੀਡੀਆ ਰਾਹੀਂ ਵਿਦਿਆਰਥੀਆਂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਜਾਵੇਗਾ। ਇਸ ਰਾਹੀਂ ਕਿਤਾਬੀ ਗਿਆਨ ਦੇ ਨਾਲ ਨਾਲ ਕਰਫ਼ਿਊ ਦੀ ਸਥਿਤੀ ਨੂੰ ਦੇਖਦੇ ਹੋਏ ਨੈਤਿਕ ਕਦਰਾਂ ਕੀਮਤਾਂ, ਸਮਾਂ ਪ੍ਰਬੰਧਨ, ਤਣਾਅ ਮੁਕਤ ਵਿਦਿਆਰਥੀ ਜੀਵਨ, ਸਿਹਤ ਸਮੱਸਿਆਵਾਂ ਅਤੇ ਪੌਸ਼ਟਿਕ ਖ਼ੁਰਾਕ ਦੀ ਮਹੱਤਤਾ ਦਰਸਾਉਂਦੇ ਲੈਕਚਰ ਮਾਹਿਰਾਂ ਵੱਲੋਂ ਦਿੱਤੇ ਜਾਣਗੇ। ਉਨ੍ਹਾਂ ਨੇ ਵਿਸ਼ਾ ਮਾਹਿਰਾਂ ਦੀ ਇਸ ਕੰਮ ਵਿਚ ਸਹਿਯੋਗ ਕਰਨ ਲਈ ਵਿਸ਼ੇਸ਼ ਤੌਰ 'ਤੇ ਪ੍ਰਸ਼ੰਸਾ ਵੀ ਕੀਤੀ ਅਤੇ ਕਿਹਾ ਕਿ ਇਹ ਪ੍ਰੋਜੈਕਟ ਵਿਦਿਆਰਥੀਆਂ ਲਈ ਬੇਹੱਦ ਲਾਹੇਵੰਦ ਸਾਬਤ ਹੋਵੇਗਾ।
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.) ਸ੍ਰੀਮਤੀ ਕੁਲਵਿੰਦਰ ਕੌਰ, ਸਕੱਤਰ ਰੈੱਡ ਕਰਾਸ ਸ਼ੀ੍ਰ ਅਸ਼ੋਕ ਬਹਿਲ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰਸ੍ਰੀ ਕੋਮਲ ਅਰੋੜਾ ਨੇ ਵੀ ਪ੍ਰੋਜੈਕਟ ਦੀ ਸਫਲਤਾ ਲਈ ਆਪਣੀਆਂ ਸ਼ੁੱਭ ਕਾਮਨਾਵਾਂ ਦਿੰਦਿਆਂ ਵਿਦਿਆਰਥੀਆਂ ਨੂੰ ਇਸ ਪ੍ਰੋਜੈਕਟ ਦਾ ਵੱਧ ਤੋਂ ਵੱਧ ਫ਼ਾਇਦਾ ਲੈਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਸ੍ਰੀ ਰਾਜੇਸ਼ ਮਹਿਤਾ ਪ੍ਰਿੰਸੀਪਲ, ਰਵੀ ਗੁਪਤਾ ਜ਼ਿਲ੍ਹਾ ਮੈਂਟਰ ਗਣਿਤ, ਡਾ ਸਤਿੰਦਰ ਸਿੰਘ ਨੈਸ਼ਨਲ ਐਵਾਰਡੀ ਪ੍ਰਿੰਸੀਪਲ, ਦੀਪਕ ਸ਼ਰਮਾ ਕੋਆਰਡੀਨੇਟਰ, ਹਰਿੰਦਰ ਭੁੱਲਰ, ਸ੍ਰੀ ਗੁਰਪ੍ਰੀਤ ਸਿੰਘ, ਸ੍ਰੀਮਤੀ ਨੰਦਨੀ ਗੁਪਤਾ, ਸ੍ਰੀ ਰਾਜੇਸ਼ ਕੁਮਾਰ ਹਾਜ਼ਰ ਸਨ।