ਅਸ਼ੋਕ ਵਰਮਾ
- 14 ਅਪ੍ਰੈਲ ਤੋਂ ਪਹਿਲਾਂ ਨਹੀਂ ਚੱਲਣਗੀਆਂ ਕੰਬਾਇਨਾਂ
ਬਠਿੰਡਾ, 8 ਅਪ੍ਰੈਲ 2020 - ਜ਼ਿਲ੍ਹਾ ਮੈਜਿਸਟੇ੍ਰਟ ਬੀ. ਸ੍ਰੀਨਿਵਾਸਨ ਨੇ ਕਰੋਨਾ ਦੇ ਮੱਦੇਨਜ਼ਰ ਜਨ ਸੁਰੱਖਿਆ ਲਈ ਲਗਾਏ ਕਰਫ਼ਿਊ ਵਿਚੋਂ ਕਿਸਾਨਾਂ ਨੂੰ ਖੇਤੀ ਕਾਰਜਾਂ ਲਈ ਕੁਝ ਛੋਟਾਂ ਦਾ ਹੁਕਮ ਜਾਰੀ ਕੀਤਾ ਹੈ ਤਾਂ ਜੋ ਕਿਸਾਨ ਹਾੜੀ ਦੀ ਵਾਢੀ ਤੇ ਸਾਉਣੀ ਦੀ ਬਿਜਾਈ ਦੇ ਸਾਰੇ ਜ਼ਰੂਰੀ ਕੰਮ ਕਰ ਸਕਣ ਅਤੇ ਇਸ ਦੌਰਾਨ ਸਮਾਜਿਕ ਦੂਰੀ ਵੀ ਬਣੀ ਰਹੇ ਤਾਂ ਜੋ ਕਰੋਨਾ ਵਾਇਰਸ ਨਾਲ ਫੈਲਣ ਵਾਲੀ ਕੋਵਿਡ-19 ਬਿਮਾਰੀ ਦੇ ਪਸਾਰ ਨੂੰ ਰੋਕਿਆ ਜਾ ਸਕੇ।
ਜ਼ਿਲ੍ਹਾ ਮੈਜਿਸਟੇ੍ਰਟ ਦੇ ਹੁਕਮਾਂ ਅਨੁਸਾਰ ਕਿਸਾਨ ਖੇਤੀ ਕਾਰਜਾਂ ਲਈ ਸਵੇਰੇ 6 ਤੋਂ ਸਵੇਰੇ 9 ਵਜੇ ਤੱਕ ਘਰ ਤੋਂ ਖੇਤ ਅਤੇ ਸ਼ਾਮ ਨੂੰ 7 ਤੋਂ ਰਾਤ 9 ਵਜੇ ਤੱਕ ਖੇਤ ਤੋਂ ਘਰ ਆ ਸਕਣਗੇ। ਕਿਸਾਨ ਸਵੇਰੇ 9 ਵਜੇ ਤੋਂ ਸ਼ਾਮ 7 ਵਜੇ ਤੱਕ ਖੇਤਾਂ ਵਿਚ ਹੀ ਰਹਿਣਗੇ ਅਤੇ ਖੇਤੀ ਨਾਲ ਸਬੰਧਤ ਕਾਰਜ ਹੀ ਕਰਨਗੇ। ਇਸ ਸਮੇਂ ਦੌਰਾਨ ਉਨ੍ਹਾਂ ਨੂੰ ਕਿਸੇ ਹੋਰ ਗਤੀਵਿਧੀ ਜਾਂ ਆਵਾਜਾਈ ਦੀ ਆਗਿਆ ਨਹੀਂ ਹੋਵੇਗੀ।
ਕਿਸਾਨਾਂ ਨੂੰ ਫ਼ਸਲ ਦੀ ਕਟਾਈ, ਬਿਜਾਈ ਅਤੇ ਢੋਆ-ਢੁਆਈ ਲਈ ਵਰਤੀ ਜਾਣ ਵਾਲੀ ਮਸ਼ੀਨਰੀ ਜਿਵੇਂ ਕਿ ਟਰੈਕਟਰ, ਟਰਾਲੀ, ਕੰਬਾਇਨ, ਤੂੜੀ ਵਾਲੀ ਮਸ਼ੀਨ ਆਦਿ ਦੀ ਆਵਾਜਾਈ ’ਤੇ ਮੁਕੰਮਲ ਛੋਟ ਹੋਵੇਗੀ ਪ੍ਰੰਤੂ ਕੰਬਾਇਨ ਦੇ ਖੇਤ ਵਿਚ ਚੱਲਣ ਦਾ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 7 ਵਜੇ ਤੱਕ ਹੀ ਹੋਵੇਗਾ। ਕੰਬਾਇਨਾਂ 14 ਅਪ੍ਰੈਲ ਤੋਂ ਪਹਿਲਾਂ ਨਹੀਂ ਚੱਣਗੀਆਂ ਸਬੰਧਤ ਮਸ਼ੀਨਰੀ ’ਤੇ 4 ਤੋਂ ਵੱਧ ਵਿਅਕਤੀ ਮੌਜੂਦ ਨਹੀਂ ਹੋਣੇ ਚਾਹੀਦੇ ਤੇ ਆਪਸੀ ਦੂਰੀ 2 ਮੀਟਰ ਦੀ ਬਣਾਈ ਰੱਖਣਗੇ।
ਬੀਜ ਖ਼ਾਦ ਅਤੇ ਕੀਟਨਾਸ਼ਕ ਦਵਾਈਆਂ ਵਾਲੀਆਂ ਦੁਕਾਨਾਂ ਸਵੇਰੇ 5 ਵਜੇ ਤੋਂ ਸਵੇਰੇ 8 ਵਜੇ ਤੱਕ ਸਮਾਨ ਦੀ ਗਾਹਕਾਂ ਤੱਕ ਘਰ ਘਰ ਸਪਲਾਈ ਕਰਨਗੀਆਂ। ਖ਼ਾਦ ਬੀਜ ਅਤੇ ਦਵਾਈਆਂ ਨਾਲ ਸਬੰਧਤ ਕੰਪਨੀਆਂ ਆਪਣੇ ਉਤਪਾਦ ਜ਼ਿਲ੍ਹੇ ਅਤੇ ਜ਼ਿਲ੍ਹੇ ਤੋਂ ਬਾਹਰ ਡਿਸਟ੍ਰੀਬਿਊਟਰਾਂ ਨੂੰ ਸਵੇਰੇ 5 ਤੋਂ 8 ਵਜੇ ਤੱਕ ਹੀ ਸਪਲਾਈ ਕਰਨਗੀਆਂ। ਕਿਸਾਨਾਂ ਦੇ ਟਰੈਕਟਰਾਂ ਲਈ ਵਰਕਸ਼ਾਪ ਅਤੇ ਏਜੰਸੀਆਂ ਸਵੇਰੇ 5 ਵਜੇ ਤੋਂ ਸਵੇਰੇ 8 ਵਜੇ ਤੱਕ ਹੀ ਸਬੰਧਤ ਕਿਸਾਨ ਨੂੰ ਸੇਵਾਵਾਂ ਦੇਣਗੀਆਂ।
ਸਮੂਹ ਕਿਸਾਨਾਂ ਤੇ ਖੇਤ ਮਜ਼ਦੂਰਾਂ ਵਲੋਂ ਜੇਕਰ ਖੇਤਾਂ ਵਿਚ ਹੱਥੀ ਕਟਾਈ, ਬਿਜਾਈ ਆਦਿ ਦਾ ਕੋਈ ਕੰਮ ਕੀਤਾ ਜਾਵੇਗਾ ਤਾਂ ਉਸ ਸਮੇਂ 10 ਤੋਂ ਵੱਧ ਵਿਅਕਤੀ ਮੌਜੂਦ ਨਹੀਂ ਹੋਣਗੇ ਅਤੇ ਆਪਸੀ ਦੂਰੀ 2 ਮੀਟਰ ਦੀ ਬਣਾ ਕੇ ਰੱਖਣਗੇ ਅਤੇ ਮਾਸਕ ਅਤੇ ਸੈਨੀਟੇਜ਼ਰ ਦੀ ਵਰਤੋਂ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।