ਬੈਂਕਾਂ ਵਿਚ ਭੀੜ ਨੂੰ ਰੋਕਣ ਲਈ ਜ਼ਿਲ੍ਹੇ ਦੇ 44 ਕਾਮਨ ਸਰਵਿਸ ਸੈਂਟਰਾਂ ਨੂੰ ਖੋਲ੍ਹਣ ਦੀ ਦਿੱਤੀ ਪਰਮਿਸ਼ਨ
ਫ਼ਿਰੋਜ਼ਪੁਰ 11 ਅਪ੍ਰੈਲ 2020: ਡਿਪਟੀ ਕਮਿਸ਼ਨਰ ਸ੍ਰ: ਕੁਲਵੰਤ ਸਿੰਘ ਨੇ ਦੱਸਿਆ ਕਿ ਲੋਕ ਪੈਨਸ਼ਨਾਂ ਦੇ ਪੈਸੇ ਕਢਵਾਉਣ ਲਈ ਲਗਾਤਾਰ ਬੈਂਕਾਂ ਵਿਚ ਆ ਰਹੇ ਹਨ, ਇਸ ਨਾਲ ਇੱਕ ਤਾਂ ਜਿੱਥੇ ਬੈਂਕਾਂ ਵਿਚ ਭੀੜ ਪੈਣ ਦਾ ਡਰ ਹੈ ਉੱਥੇ ਹੀ ਲੋਕਾਂ ਨੂੰ ਆਪਣੇ ਪਿੰਡਾਂ ਤੋਂ ਦੂਰ ਸ਼ਹਿਰ ਵਿਚ ਆਉਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਲਈ ਲਗਾਏ ਕਰਫ਼ਿਊ ਦੌਰਾਨ ਲੋਕ ਪਿੰਡਾਂ ਵਿਚ ਸਥਾਪਿਤ ਕਾਮਨ ਸਰਵਿਸ ਸੈਂਟਰਾਂ ਤੋਂ ਹੀ ਪੈਨਸ਼ਨ ਕਢਵਾ ਸਕਣਗੇ। ਉਨ੍ਹਾਂ ਦੱਸਿਆ ਕਿ ਇਹ ਕਾਮਨ ਸਰਵਿਸ ਸੈਂਟਰ ਸਵੇਰੇ 9.00 ਵਜੇ ਤੋਂ ਦੁਪਹਿਰ 2.00 ਵਜੇ ਤੱਕ ਖੋਲੇ ਜਾਣਗੇ ਅਤੇ ਜਿਸ ਲਾਭਪਾਤਰੀ ਨੇ ਵੀ ਆਪਣੀ ਪੈਨਸ਼ਨ ਦੇ ਪੈਸੇ ਕਢਵਾਉਣੇ ਹਨ ਤਾਂ ਉਹ ਆਪਣੇ ਨਜ਼ਦੀਕੀ ਕਾਮਨ ਸਰਵਿਸ ਸੈਂਟਰ ਵਿਚ ਜਾ ਕੇ ਪੈਨਸ਼ਨ ਦੇ ਪੈਸੇ ਲੈ ਸਕਦਾ ਹੈ।
ਜ਼ਿਲ੍ਹਾ ਮੈਨੇਜਰ ਕਾਮਨ ਸਰਵਿਸ ਸੈਂਟਰ ਪਵਨ ਅਰੋੜਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਦੇ ਸਮੂਹ ਕਾਮਨ ਸਰਵਿਸ ਸੈਂਟਰਾਂ ਦੇ ਮਾਲਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਨਿਯਮਾਂ ਮੁਤਾਬਿਕ ਹੀ ਸੈਂਟਰਾਂ ਵਿਚ ਕੰਮ ਕਰਨਗੇ ਅਤੇ ਸੋਸ਼ਲ ਡਿਸਟੈਸਿੰਗ ਨੂੰ ਵੀ ਬਣਾਈ ਰੱਖਣਗੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਦੇ ਸੈਂਟਰ ਦਾ ਲਾਇਸੰਸ ਰੱਦ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਸ੍ਰ: ਕੁਲਵੰਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੈਨਸ਼ਨ ਕਢਵਾਉਂਦੇ ਸਮੇਂ ਸਰਕਾਰ ਵੱਲੋਂ ਜਾਰੀ ਨਿਯਮਾਂ ਅਤੇ ਸਾਵਧਾਨੀਆਂ ਦੀ ਪਾਲਨਾ ਕਰਨ, ਸੋਸ਼ਲ ਡਿਸਟੈਸਿੰਗ ਬਣਾ ਕੇ ਰੱਖਣ ਅਤੇ ਕੋਈ ਵੀ ਇਹੋ ਜਿਹਾ ਕੰਮ ਨਾ ਕਰਨ ਜਿਸ ਨਾਲ ਨਿਯਮਾਂ ਦੀ ਉਲੰਘਣਾ ਹੋਵੇ।