ਫਿਰੋਜ਼ਪੁਰ 7 ਅਪ੍ਰੈਲ 2020 - ਕੋਰੋਨਾ ਵਾਇਰਸ 'ਦੇ ਮੱਦੇਨਜਰ ਲਗਾਏ ਗਏ ਕਰਫਿਊ ਦੌਰਾਨ, ਮੰਗਲਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੇ ਪਿੰਡ ਵਿੱਚ ਗਰੀਬਾਂ ਅਤੇ ਜ਼ਰੂਰਤਮੰਦ ਲੋਕਾਂ ਨੂੰ ਸੁੱਕੇ ਰਾਸ਼ਨ ਦੇ ਪੈਕੇਟ ਲੈ ਕੇ ਪਹੁੰਚੀ ਅਤੇ ਲਗਭਗ 100 ਪਰਿਵਾਰਾਂ ਨੂੰ ਰਾਸ਼ਨ ਵੰਡਿਆ। ਨਾਇਬ ਤਹਿਸੀਲਦਾਰ ਸੁਖਚਰਨ ਸਿੰਘ ਚੰਨੀ ਅਤੇ ਵੇਅ ਹੈਡ ਵੈਲਫੇਅਰ ਸੁਸਾਇਟੀ ਦੇ ਅਧਿਕਾਰੀ ਰਾਹੁਲ ਕੱਕੜ ਦੀ ਅਗਵਾਈ ਹੇਠ ਟੀਮ ਪਿੰਡ ਗੱਟੀ ਰਹੀਮੇ ਕੇ ਅਤੇ ਜੈਲੋਕੇ ਵਿਖੇ ਲੋਕਾਂ ਲਈ ਰਾਸ਼ਨ ਲੈ ਕੇ ਪਹੁੰਚੀ। ਇਹ ਦੋਵੇਂ ਪਿੰਡ ਜ਼ੀਰੋ ਲਾਈਨ ਦੇ ਬਹੁਤ ਨੇੜੇ ਹਨ ਅਤੇ ਸਤਲੁਜ ਦਰਿਆ ਦੇ ਨਾਲ ਲੱਗਦੇ ਹਨ।
ਵਿਸਥਾਰਤ ਜਾਣਕਾਰੀ ਦਿੰਦੇ ਹੋਏ ਨਾਇਬ ਤਹਿਸੀਲਦਾਰ ਸੁਖਚਰਨ ਸਿੰਘ ਚੰਨੀ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀ ਕੁਲਵੰਤ ਸਿੰਘ ਦੀਆਂ ਹਦਾਇਤਾਂ 'ਤੇ ਸਰਹੱਦੀ ਪਿੰਡਾਂ ਵਿਚ ਲੋਕਾਂ ਨੂੰ ਜ਼ਰੂਰੀ ਵਸਤਾਂ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਇਕ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ, ਜਿਸ ਤਹਿਤ ਇਹ ਸਾਰੇ ਪਿੰਡ ਇਕ-ਇਕ ਕਰਕੇ ਕਵਰ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਅੱਜ 100 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਜਾ ਚੁੱਕਾ ਹੈ। ਇਸ ਤੋਂ ਇਲਾਵਾ, ਸਾਡੀ ਟੀਮਾਂ ਦਿਨ ਭਰ ਸਖਤ ਮਿਹਨਤ ਕਰ ਰਹੀਆਂ ਹਨ ਅਤੇ ਸੰਕਟ ਦੀ ਇਸ ਸਥਿਤੀ ਤੋਂ, ਜਿਥੇ ਵੀ ਰਾਸ਼ਨਿੰਗ ਅਤੇ ਖਾਣ ਪੀਣ ਸਬੰਧੀ ਫੋਨ ਆਉਂਦੇ ਹਨ ਉਥੇ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ।
ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਨੂੰ ਰਾਸ਼ਨ ਅਤੇ ਭੋਜਨ ਮੁਹੱਈਆ ਕਰਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ। ਸਾਡਾ ਟੀਚਾ ਗਰੀਬਾਂ ਅਤੇ ਲੋੜਵੰਦਾਂ ਖ਼ਾਸਕਰ ਦਿਹਾੜੀਦਾਰਾਂ ਤੱਕ ਮਦਦ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਜ਼ਰੂਰੀ ਵਸਤਾਂ ਦੀ ਸਪਲਾਈ ਪਹਿਲੇ ਦਿਨ ਤੋਂ ਹੀ ਸ਼ੁਰੂ ਕੀਤੀ ਗਈ ਸੀ, ਜੋ ਕਿ ਹੁਣ ਕਿਤੇ ਬਿਹਤਰ ਹੋ ਗਈ ਹੈ। ਰੇਹੜੀ ਅਤੇ ਕਰਿਆਨੇ ਵਾਲੇ ਆਪਣਾ ਮਾਲ ਲੋਕਾਂ ਦੇ ਘਰਾਂ ਵਿੱਚ ਪਹੁੰਚਾ ਰਹੇ ਹਨ। ਉਥੇ ਹੀ ਸੁੱਕਾ ਰਾਸ਼ਨ ਅਤੇ ਭੋਜਨ ਗਰੀਬ ਅਤੇ ਲੋੜਵੰਦ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ, ਜਿਸ ਵਿੱਚ ਸਮਾਜ ਸੇਵੀ ਸੇਵਾਵਾਂ ਅਤੇ ਧਾਰਮਿਕ ਸੰਸਥਾਵਾਂ ਦਾ ਮਹੱਤਵਪੂਰਣ ਯੋਗਦਾਨ ਹੈ। ਇਸ ਕੰਮ ਵਿਚ 70 ਸਮਾਜ ਸੇਵੀ ਸੰਸਥਾਵਾਂ ਆਪਸ ਵਿਚ ਜੁੜੀਆਂ ਹੋਈਆਂ ਹਨ, ਜਿਨ੍ਹਾਂ ਨੇ ਹੁਣ ਤਕ ਹਜ਼ਾਰਾਂ ਵਿਚ ਰਾਸ਼ਨ ਅਤੇ ਖਾਣੇ ਦੇ ਪੈਕੇਟ ਵੰਡੇ ਹਨ।