-ਘਰ ਘਰ ਪਹੁੰਚ ਵੰਡਿਆ ਜਾ ਰਿਹੈ ਲੰਗਰ
ਫਿਰੋਜ਼ਪੁਰ, 31 ਮਾਰਚ 2020 - ਕੋਰੋਨਾ ਵਾਇਰਸ ਤੇ ਚੱਲਦਿਆਂ ਸਰਕਾਰ ਵੱਲੋਂ ਲੋਕਾਂ ਦੇ ਹਿੱਤ ਵਿਚ ਲਗਾਏ ਕਰਫਿਓ ਦੌਰਾਨ ਪ੍ਰਭਾਵਿਤ ਹੋਏ ਗਰੀਬ ਵਰਗ ਜੋ ਆਪਣੇ ਰੋਜ਼ਗਾਰ ਬੰਦ ਕਰ ਆਪਣੇ ਘਰਾਂ ਅੰਦਰ ਪੇਟ ਭਰਨ ਤੋਂ ਵੀ ਅਸਮਰੱਥ ਹੈ ਦੀ ਸੇਵਾ ਲਈ ਅਤੇ ਉਨ੍ਹਾਂ ਲਈ ਲੰਗਰ ਦਾ ਪ੍ਰਬੰਧ ਕਰਨ ਲਈ ਜਿੱਥੇ ਕਈ ਹੋਰ ਵੀ ਸਮਾਜ ਸੇਵੀ ਸੰਸਥਾਵਾਂ ਅੱਗੇ ਆ ਰਹੀਆਂ ਹਨ, ਉਥੇ ਸਮਾਜ ਸੇਵਾ ਦੇ ਖੇਤਰ ਵਿਚ ਹਮੇਸ਼ਾ ਮੋਹਰੀ ਰੋਲ ਅਦਾ ਕਰਦੀ ਆ ਰਹੀ ਉੱਘੀ ਧਾਰਮਿਕ ਅਤੇ ਸਮਾਜ ਸੇਵੀ ਸੰਸਥਾ ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਦੇ ਵਰਕਰ ਲਗਾਤਾਰ ਪਿਛਲੇ ਪੰਜ ਦਿਨ ਤੋਂ ਕਰਫਿਓ ਪ੍ਰਭਾਵਿਤ ਭੁੱਖੇ ਗਰੀਬ ਲੋਕਾਂ ਦੀ ਸੇਵਾ ਵਿਚ ਨਿੱਤਰ ਰਹੇ ਹਨ।
ਜਾਣਕਾਰੀ ਅਨੁਸਾਰ ਹੋਰ ਕੁਝ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਸਦਕਾ ਇਨ੍ਹਾਂ ਵਰਕਰਾਂ ਵੱਲੋਂ ਤਰ੍ਹਾਂ ਤਰ੍ਹਾਂ ਦੇ ਲੰਗਰ ਤਿਆਰ ਕਰ ਨਿੱਤ ਦਿਨ ਸ਼ਹਿਰਾਂ ਦੀਆਂ ਸਲੱਮ ਬਸਤੀਆਂ ਵਿਚ ਰਹਿੰਦੇ ਗਰੀਬ ਲੋਕਾਂ ਦੇ ਘਰ ਤੱਕ ਪਹੁੰਚਾਏ ਜਾ ਰਹੇ ਹਨ। ਲੰਗਰ ਪ੍ਰਾਪਤ ਕਰਨ ਵਾਲੇ ਗਰੀਬ ਲੋਕਾਂ ਵੱਲੋਂ ਜਿਥੇ ਇਨ੍ਹਾਂ ਫੈਡਰੇਸ਼ਨ ਵਰਕਰਾਂ ਵੱਲੋਂ ਕੀਤੀ ਜਾ ਰਹੀ ਸੇਵਾ ਦੀ ਸ਼ਲਾਘਾ ਕੀਤੀ ਜਾ ਰਹੀ ਹੈ, ਉਥੇ ਇਸ ਨੂੰ ਭਵਿੱਖ ਵਿਚ ਵੀ ਜਾਰੀ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਕੰਮ ਵਿਚ ਪੁਲਿਸ ਪ੍ਰਸ਼ਾਸਨ ਵੀ ਇਨ੍ਹਾਂ ਦਾ ਪੂਰਾ ਸਹਿਯੋਗ ਕਰ ਰਿਹਾ ਹੈ ਅਤੇ ਉਪ ਕਪਤਾਨ ਪੁਲਿਸ ਗੁਰਦੀਪ ਸਿੰਘ ਆਪਣੀ ਪੁਲਿਸ ਫੌਰਸ ਨਾਲ ਪ੍ਰਭਾਵਿਤ ਥਾਵਾਂ ਤੇ ਪਹੁੰਚ ਕੇ ਖੁਦ ਵੀ ਸੇਵਾ ਕਰ ਰਹੇ ਹਨ। ਇਸ ਟੀਮ ਵਿਚ ਭਾਈ ਜਸਪਾਲ ਸਿੰਘ, ਭਗਵਾਨ ਸਿੰਘ ਦੜਿਆਲਾ, ਸੁਖਦੇਵ ਸਿੰਘ ਲਾਡਾ, ਮਨਜੀਤ ਸਿੰਘ ਔਲਖ, ਕੁਲਦੀਪ ਸਿੰਘ ਨੰਢਾ, ਗਗਨਦੀਪ ਸਿੰਘ ਚਾਵਲਾ, ਲਾਭ ਸਿੰਘ ਸਿੱਧੂ, ਹਰਪਿੰਦਰ ਸਿੰਘ ਅਤੇ ਸੁਖਬੀਰ ਸਿੰਘ ਆਦਿ ਅਹਿਮ ਭੂਮਿਕਾ ਨਿਭਾਅ ਰਹੇ ਹਨ।