ਕਲੇਰ ਦੀ ਅਗਵਾਈ ਹੇਠ ਜਲੰਧਰ ਜ਼ਿਮਨੀ ਚੋਣ ਸਬੰਧੀ ਅਕਾਲੀ ਵਰਕਰਾਂ ਦੀ ਮੀਟਿੰਗ
- ਗੈਰ-ਹਾਜ਼ਰ ਰਹੇ ਕਈ ਸਰਕਲ ਜਥੇਦਾਰ ਅਤੇ ਹੋਰ ਅਹੁਦੇਦਾਰ
ਦੀਪਕ ਜੈਨ
ਜਗਰਾਉਂ, 13 ਅਪ੍ਰੈਲ 2023 -ਲੋਕਸਭਾ ਹਲਕਾ ਜਲੰਧਰ ਦੀ ਜ਼ਿਮਨੀ ਚੋਣ ਨੂੰ ਲੈ ਕੇ ਅਕਾਲੀ ਦਲ ਦੀ ਜਗਰਾਉਂ ਲੀਡਰਸ਼ਿਪ ਵਲੋਂ ਪਾਰਟੀ ਵਰਕਰਾਂ ਨਾਲ ਇਕ ਮੀਟਿੰਗ ਕੀਤੀ ਗਈ ਤੇ ਵਰਕਰਾਂ ਨੂੰ ਚੋਣ ਪ੍ਰਚਾਰ ਲਈ ਡਟ ਜਾਣ ਦਾ ਸੱਦਾ ਦਿੱਤਾ ਗਿਆ। ਹਲਕਾ ਇੰਚਾਰਜ ਸਾਬਕਾ ਵਿਧਾਇਕ ਐਸ ਆਰ ਕਲੇਰ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ-ਬਸਪਾ ਹਲਕਾ ਜਗਰਾਉਂ ਦੇ ਵਰਕਰਾਂ ਵਲੋਂ ਇਕਸੁਰਤਾ ਨਾਲ ਇਸ ਜ਼ਿਮਨੀ ਚੋਣ ਵਿੱਚ ਡਟਣ ਦਾ ਪ੍ਰਣ ਕੀਤਾ ਗਿਆ। ਇਸ ਮੌਕੇ ਐਸ ਆਰ ਕਲੇਰ ਨੇ ਵਰਕਰਾਂ ਤੇ ਅਹੁਦੇਦਾਰਾਂ ਨੂੰ ਦਿਸ਼ਾ ਨਿਰਦੇਸ਼ ਦਿੰਦਿਆਂ ਕਿਹਾ ਕਿ ਉਹ ਚੋਣ ਪ੍ਰਚਾਰ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਲ ਦੌਰਾਨ ਕੀਤੇ ਬੇਤਹਾਸ਼ਾ ਵਿਕਾਸ ਕਾਰਜਾਂ ਬਾਰੇ ਘਰ-ਘਰ ਜਾ ਕੇ ਦੱਸਣ।
ਇਸ ਮੌਕੇ ਉਨ੍ਹਾਂ ਕਿਹਾ ਕਿ ਮਾਨ ਸਰਕਾਰ ਦੀਆਂ ਨਾਂਕਾਮੀਆ ਨੂੰ ਵੀ ਸਾਹਮਣੇ ਲਿਆਂਦਾ ਜਾਵੇਗਾ ਤੇ ਵੋਟਰਾਂ ਨੂੰ ਸੱਚ ਝੂਠ ਦੀ ਪਛਾਣ ਕਰਵਾਈ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਸ਼੍ਰੋਮਣੀ ਕਮੇਟੀ ਜਨਰਲ ਸਕੱਤਰ ਸ.ਗੁਰਚਰਨ ਸਿੰਘ ਗਰੇਵਾਲ, ਸਾਬਕਾ ਚੇਅਰਮੈਨ ਸ.ਕਮਲਜੀਤ ਸਿੰਘ ਮੱਲਾ, ਸਾਬਕਾ ਚੇਅਰਮੈਨ ਸ.ਦੀਦਾਰ ਸਿੰਘ ਮਲਕ, ਸਾਬਕਾ ਚੇਅਰਮੈਨ ਚੰਦ ਸਿੰਘ ਡੱਲਾ, ਪ੍ਰਧਾਨ ਬਿੰਦਰ ਸਿੰਘ ਮਨੀਲਾ, ਹਲਕਾ ਇੰਚਾਰਜ ਬਸਪਾ ਸ.ਸਾਧੂ ਸਿੰਘ ਤੱਪੜ ਹਾਜਰ ਸਨ।
ਅਕਾਲੀ ਦਲ ਦੀ ਅੱਜ ਦੀ ਮੀਟਿੰਗ ਨੂੰ ਦੇਖਕੇ ਲਗਦਾ ਸੀ ਕਿ ਜਗਰਾਓਂ ਅੰਦਰ ਪਾਰਟੀ ਦਾ ਗਰਾਫ ਹੇਠਾਂ ਨੂੰ ਆ ਗਿਆ ਹੈ ਕਿਓਂ ਜੋ ਅੱਜ ਦੀ ਮੀਟਿੰਗ ਵਿਚ ਕਈ ਸਰਕਲ ਪ੍ਰਧਾਨ ਅਤੇ ਹੋਰ ਅਹੁਦੇਦਾਰ ਅਤੇ ਵਰਕਰ ਸ਼ਾਮਲ ਹੀ ਨਹੀਂ ਹੋਏ। ਅਕਾਲੀ ਦਲ(ਬ) ਦੇ ਪੰਜਾਬ ਦੇ ਜੋਇੰਟ ਸਕੱਤਰ ਸੁਮੀਤ ਸ਼ਾਸਤਰੀ , ਪਰਮਿੰਦਰ ਸਿੰਘ ਚੀਮਾ ,ਮਲਕੀਤ ਸਿੰਘ ਹਠੂਰ , ਸੁਖਦੇਵ ਸਿੰਘ ਗਿੱਦੜਵਿੰਡੀ , ਇੰਦਰਜੀਤ ਸਿੰਘ ਲਾਂਬਾ , ਸ਼ਿਵਰਾਜ ਸਿੰਘ ,ਮਨਦੀਪ ਸਿੰਘ ,ਵਰਿੰਦਰਪਾਲ ਸਿੰਘ ਪਾਲੀ , ਕੌਂਸਲਰ ਸਤੀਸ਼ ਕੁਮਾਰ ਪੱਪੂ ਅਤੇ ਹੋਰ ਕਈ ਅੱਜ ਦੀ ਮੀਟਿੰਗ ਵਿਚ ਮੌਜੂਦ ਨਹੀਂ ਸਨ। ਇਹ ਵਰਕਰ ਪਾਰਟੀ ਦੇ ਉਹ ਝੰਡਾ ਬਰਦਾਰ ਹਨ ਜਿੰਨਾ ਦੀ ਬਦੌਲਤ ਜਗਰਾਓਂ ਹਲਕੇ ਵਿਚੋਂ ਅਕਾਲੀ ਦਲ ਵੱਡੀ ਗਿਣਤੀ ਵਿਚ ਇਲੈਕਸ਼ਨ ਜਿੱਤਦਾ ਰਿਹਾ ਹੈ। ਇਸ ਬਾਰੇ ਜਦੋ ਐਸ ਆਰ ਕਲੇਰ ਨੂੰ ਉਪਰੋਕਤ ਵਰਕਰਾਂ ਦੇ ਮੀਟੀਂਗ ਵਿਚ ਸ਼ਾਮਲ ਨਾ ਹੋਣ ਬਾਰੇ ਪੁੱਛਿਆ ਤਾਂ ਓਨਾ ਕਿਹਾ ਕਿ ਇਹ ਸਾਰੇ ਮੇਰੇ ਸੰਪਰਕ ਵਿਚ ਹਨ ਪਰ ਇੰਨਾ ਵਿਚੋਂ ਕਈਆਂ ਦੀ ਤਬੀਯਤ ਨਾਸਾਜ਼ ਹੈ ਅਤੇ ਕਈ ਆਪਣੇ ਘਰੇਲੂ ਰੁਝੇਵੇਆਂ ਕਰਕੇ ਨਹੀਂ ਆ ਸਕੇ।