ਫਿਰੋਜ਼ਪੁਰ, 2 ਮਈ 2020 : ਫਿਰੋਜ਼ਪੁਰ ਦੇ ਕਸਬੇ ਤਲਵੰਡੀ ਭਾਈ ਦੇ ਰੇਲਵੇ ਰੋਡ ਦੇ ਵਸਨੀਕ ਇਕ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਸਬੰਧ ਵਿਚ ਪੁਲਿਸ ਥਾਣਾ ਤਲਵੰਡੀ ਭਾਈ ਦੇ ਇੰਚਾਰਜ਼ ਹਰਦੇਵਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਵਿਅਕਤੀ ਸ਼ਾਮੂ ਰਾਮ ਪੁੱਤਰ ਮਾਮੂ ਰਾਮ ਵਾਸੀ ਰੇਲਵੇ ਰੋਡ ਤਲਵੰਡੀ ਭਾਈ ਜੋ ਕਿ ਬੂਟ ਪਾਲਿਸ਼ ਵਗੈਰਾ ਕਰਨ ਦਾ ਕੰਮ ਕਰਦਾ ਸੀ ਜੋ ਹਰ ਸਾਲ ਗਰਮੀਆਂ ਦੇ ਸੀਜਨ ਦੌਰਾਨ ਆਪਣੀ ਮਿਹਨਤ ਮਜ਼ਦੂਰੀ ਕਰਨ ਲਈ ਜੰਮੂ ਕਸ਼ਮੀਰ ਜਾਇਆ ਕਰਦਾ ਸੀ ਅਤੇ ਇਸ ਵਾਰ ਵੀ ਕੁਝ ਮਹੀਨੇ ਪਹਿਲਾ ਇਹ ਆਪਣਾ ਗਰਮੀਆਂ ਦਾ ਸੀਜਨ ਲਾਉਣ ਲਈ ਜੰਮੂ ਕਸ਼ਮੀਰ ਦੀਆਂ ਵਾਦੀਆਂ ਵਿਚ ਗਿਆ ਹੋਇਆ ਸੀ, ਪਰ 22 ਮਾਰਚ ਤੋਂ ਅਚਾਨਕ ਦੇਸ਼ ਭਰ ਵਿਚ ਹੋਈ ਤਾਲਾਬੰਦੀ ਕਾਰਨ ਉਥੇ ਇਸ ਦਾ ਕੋਈ ਕੰਮ ਵਗੈਰਾ ਨਾ ਚੱਲਣ ਕਰਕੇ ਇਸ ਨੇ ਵਾਪਸ ਆਉਣਾ ਹੀ ਬੇਹਤਰ ਸਮਝਿਆ ਅਤੇ ਉਥੋਂ ਇਹ ਵੱਖ ਵੱਖ ਟਰੱਕਾਂ ਵਾਹਨਾਂ ਤੋਂ ਲਿਫਟ ਲੈਂਦੇ ਹੋਏ ਕਿਸੇ ਤਰੀਕੇ ਕੱਲ੍ਹ ਹੀ ਆਪਣੇ ਘਰ ਤਲਵੰਡੀ ਭਾਈ ਵਿਖੇ ਪਹੁੰਚਿਆ ਸੀ।
ਜਿਥੇ ਇਸ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਇਕ ਤਾਂ ਸ਼ਾਮੂ ਪਹਿਲਾ ਹੀ ਦਿਲ ਦਾ ਮਰੀਜ਼ ਸੀ ਅਤੇ ਹੁਣ ਲੰਮੇ ਸਫਰ ਤੋਂ ਆਉਣ ਕਾਰਨ ਉਸ ਦੀ ਸਿਹਤ ਕੁਝ ਠੀਕ ਨਹੀਂ ਲੱਗ ਰਹੀ ਸੀ। ਜਿਸ ਕਰਕੇ ਅਸੀਂ ਸਿਹਤ ਕਰਮਚਾਰੀਆਂ ਨੂੰ ਸੂਚਿਤ ਕੀਤਾ ਤਾਂ ਉਨ੍ਹਾਂ ਨੇ ਇਸ ਦੇ ਟੈਸਟ ਕਰਵਾਉਣ ਲਈ ਸਾਨੂੰ ਇਥੋਂ ਥੋੜ੍ਹੀ ਦੂਰ ਪੈਂਦੇ ਫਿਰੋਜ਼ਸ਼ਾਹ ਹਸਪਤਾਲ ਵਿਖੇ ਜਾਣ ਲਈ ਭੇਜ ਦਿੱਤਾ। ਉਨ੍ਹਾਂ ਦੱਸਿਆ ਕਿ ਜਦੋਂ ਅਸੀਂ ਇਸ ਨੂੰ ਉਕਤ ਹਸਪਤਾਲ ਲਈ ਲੈ ਕੇ ਜਾ ਰਹੇ ਸੀ ਤਾਂ ਰਸਤੇ ਵਿਚ ਹੀ ਉਸ ਨੂੰ ਇਕ ਵਾਰ ਫਿਰ ਦਿਲ ਦਾ ਦੌਰਾ ਪੈ ਗਿਆ।
ਜੋ ਉਸ ਲਈ ਜਾਨਲੇਵਾ ਸਾਬਤ ਹੋਇਆ। ਮ੍ਰਿਤਕ ਸ਼ਾਮੂ ਰਾਮ ਦੇ ਵਾਰਸਾਂ ਨੇ ਦੱਸਿਆ ਕਿ ਉਸ ਤੋਂ ਉਪਰੰਤ ਅਸੀਂ ਇਸ ਦਾ ਪੋਸਟ ਮਾਰਟਮ ਕਰਵਾਉਣ ਲਈ ਫਿਰੋਜ਼ਪੁਰ ਦੇ ਸਰਕਾਰੀ ਹਸਪਤਾਲ ਲੈ ਗਏ, ਜਿਥੇ ਡਾਕਟਰਾਂ ਵੱਲੋਂ ਮ੍ਰਿਤਕ ਸ਼ਾਮੂ ਰਾਮ ਦੇ ਕੋਵਿਡ ਆਦਿ ਦੇ ਸੈਂਪਲ ਵੀ ਲਏ ਗਏ ਹਨ ਅਤੇ ਉਸ ਦੀ ਮ੍ਰਿਤਕ ਦੇਹ ਮੋਰਚਰੀ ਖਾਨੇ ਵਿਚ ਰਖਵਾ ਦਿੱਤੀ ਹੈ। ਖਬਰ ਲਿਖੇ ਜਾਣ ਤੱਕ ਮ੍ਰਿਤਕ ਵਿਅਕਤੀ ਦੀ ਕੋਵਿਡ ਰਿਪੋਰਟ ਨਹੀਂ ਆਈ ਸੀ।