ਅਸ਼ੋਕ ਵਰਮਾ
ਬਠਿੰਡਾ , 30 ਮਾਰਚ 2020 - ਕਰੋਨਾ ਵਾਇਰਸ ਦੇ ਖਤਰੇ ਨੂੰ ਦੇਖਦਿਆਂ ਦਾਨੀ ਲੋਕ ਸਹਾਇਤਾ ਲਈ ਅੱਗੇ ਆ ਰਹੇ ਹਨ। ਕਾਂਗਰਸੀ ਆਗੂ ਪਵਨ ਮਾਨੀ ਦਦੇ ਯਤਨਾਂ ਸਦਕਾ ਬਠਿੰਡਾ ਕੋਵਿਡ ਰਾਹਤ ਫੰਡ ’ਚ ਸੂਟਸ ਐਂਡ ਸਟਿੱਚ ਵਾਲੇ ਸੰਤੋਸ਼ ਬਾਂਸਲ ਨੇ 31 ਹਜਾਰ ਰੁਪਏ, ਭਾਰਤ ਬਾਥ ਗੈਲਰੀ ਦੇ ਰਮੇਸ਼ ਸਿੰਗਲ ਨੇ 21 ਹਜਾਰ ਰੁਪਏ ਅਤੇ ਆਰ.ਕੇ ਸੇਲਜ਼ ਦੇ ਰਕੇਸ਼ ਅੱਗਰਵਾਲ ਨੇ 11 ਹਜਾਰ ਰੁਪਏ ਦੀ ਰਾਸ਼ੀ ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੂੰ ਸੌਂਪੀ। ਕਾਂਗਰਸੀ ਆਗੂ ਨੇ ਦੱਸਿਆ ਕਿ ਆਪਣੀ ਸਮਾਜ ਪ੍ਰਤੀ ਜਿੰਮੇਵਾਰੀ ਨੂੰ ਮਹਿਸੂਸ ਕਰਦਿਆਂ ਇਹ ਲੋਕ ਅੱਗੇ ਆਏ ਹਨ ਜਿਸ ਦੀ ਉਹ ਸ਼ਲਾਘਾ ਕਰਦੇ ਹਨ।
ਓਧਰ ਪਵਨ ਮਾਨੀ ਦੀ ਅਗਵਾਈ ਹੇਠ ਲੋੜਵੰਦ ਪ੍ਰੀਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਕਾਂਗਰਸੀ ਆਗੂ ਨੇ ਦੱਸਿਆ ਕਿ ਕਰਫਿਊ ਵਿਚ ਸਭ ਤੋਂ ਮੁਸ਼ਕਿਲ ਘੜੀ ਦੇ ਦੌਰ ’ਚੋਂ ਗਰੀਬ ਪਰਿਵਾਰ ਗੁਜ਼ਰ ਰਹੇ ਹਨ। ਇਸ ਦੇ ਮੱਦੇਨਜ਼ਰ ਹੀ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਕੀਤੀ ਗਈ ਹੈ। ਉਨਾਂ ਮੀਡੀਆ ਨੂੰ ਦੱਸਿਆ ਕਿ ਸ਼ਹਿਰ ਦੇ ਇਹ ਉਹ ਗਰੀਬ ਪਰਿਵਾਰ ਹਨ ਜੋ ਕਰਫਿਊ ਦੌਰਾਨ ਬੇਸਹਾਰਾ ਹੋ ਗਏ ਹਨ। ਉਨਾਂ ਵੱਲੋਂ ਇੰਨਾਂ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਜਾਣਾ ਹੈ। ਪਵਨ ਮਾਨੀ ਨੇ ਕਿਹਾ ਕਿ ਉਨਾਂ ਦਾ ਫ਼ਰਜ਼ ਹੈ ਕਿ ਕੋਈ ਵੀ ਪਰਿਵਾਰ ਇਸ ਮੁਸ਼ਕਿਲ ਦੌਰ ’ਚ ਭੁੱਖਾ ਨਾ ਰਹੇ। ਇਸ ਲਈ ਉਨਾਂ ਵਧੈਰੇ ਮੱਦਦ ਲਈ ਪ੍ਰਸਾਸ਼ਨਿਕ ਅਧਿਕਾਰੀਆਂ ਨਾਲ ਵੀ ਰਾਬਤਾ ਕਾਇਮ ਕੀਤਾ ਹੈ।