ਕਾਂਗਰਸ ਦੇ ਸਾਬਕਾ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ 'ਆਪ' ਵਿੱਚ ਹੋਏ ਸ਼ਾਮਲ
- ਪਹਿਲਾਂ ਮਾਲਵੇ ਨੂੰ ਮਿਲਿਆ ਇਹ ਮਾਣ, ਹੁਣ ਲੋਕਾਂ ਦੀ ਆਵਾਜ਼ ਨੂੰ ਪਾਰਲੀਮੈਂਟ ਤੱਕ ਪਹੁੰਚਾਉਣ ਦੀ ਵਾਰੀ ਦੋਆਬੇ ਦੀ ਹੈ : ਮੁੱਖ-ਮੰਤਰੀ ਭਗਵੰਤ ਮਾਨ
- ਭਗਵੰਤ ਮਾਨ ਸਰਕਾਰ ਨੇ ਇੱਕ ਸਾਲ ਵਿੱਚ ਬੇਮਿਸਾਲ ਕੰਮ ਕੀਤਾ ਹੈ, ਇਹ ਪੰਜਾਬ ਦੇ ਵਿਦਿਆਰਥੀਆਂ, ਕਿਸਾਨਾਂ ਅਤੇ ਨੌਜਵਾਨਾਂ ਦੀ ਸਰਕਾਰ ਹੈ: ਮੁੱਖ ਮੰਤਰੀ ਅਰਵਿੰਦ ਕੇਜਰੀਵਾਲ
- ਅਸੀਂ ਸਿੱਖਿਆ, ਸਿਹਤ, ਰੁਜ਼ਗਾਰ, ਬੁਨਿਆਦੀ ਢਾਂਚੇ ਅਤੇ ਵਿਕਾਸ ਲਈ ਰਾਜਨੀਤੀ ਕਰਦੇ ਹਾਂ, ਨਾਂ ਕਿ ਨਫ਼ਰਤ ਦੀ ਰਾਜਨੀਤੀ: ਭਗਵੰਤ ਮਾਨ
- ਅਸੀਂ ਚੋਣਾਂ ਕਿਸੇ ਨੂੰ ਹਰਾਉਣ ਲਈ ਨਹੀਂ, ਆਮ ਲੋਕਾਂ ਨੂੰ ਜਿਤਾਉਣ ਲਈ ਲੜ੍ਹਦੇ ਹਾਂ: ਭਗਵੰਤ ਮਾਨ
- ਪੰਜਾਬ ਵਿਕਾਸ ਦੇ ਰਾਹ 'ਤੇ ਹੈ, 'ਆਪ' ਸਰਕਾਰ ਹਰ ਰੋਜ਼ ਪੰਜਾਬ-ਪੱਖੀ ਅਤੇ ਲੋਕ-ਪੱਖੀ ਕਦਮ ਚੁੱਕ ਰਹੀ ਹੈ: ਅਰਵਿੰਦ ਕੇਜਰੀਵਾਲ
- ਵਿਰੋਧੀ ਧਿਰ ਦੀ ਏਕਤਾ ਮਹੱਤਵਪੂਰਨ ਨਹੀਂ, ਲੋਕਤੰਤਰ ਜਨਤਾ ਦੀ ਏਕਤਾ ਹੀ ਫੈਸਲਾਕੁੰਨ ਹੁੰਦੀ ਹੈ: ਅਰਵਿੰਦ ਕੇਜਰੀਵਾਲ
- ਸੁਸ਼ੀਲ ਕੁਮਾਰ ਰਿੰਕੂ ਦੀ ਮੌਜੂਦਗੀ ਜਲੰਧਰ ਦੇ ਨਾਲ-ਨਾਲ ਪੂਰੇ ਦੋਆਬਾ ਖੇਤਰ ਵਿਚ ਪਾਰਟੀ ਨੂੰ ਮਜ਼ਬੂਤ ਕਰੇਗੀ: ਰਾਘਵ ਚੱਢਾ
- ਮੈਂ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਦੀ ਸੇਵਾ ਕਰਨ ਦੇ ਸਮਰਪਣ ਤੋਂ ਪ੍ਰਭਾਵਿਤ ਹਾਂ, ਜਲੰਧਰ ਦੇ ਲੋਕਾਂ ਦੀ ਸੇਵਾ ਕਰਨ ਲਈ ਹੀ 'ਆਪ' ਵਿੱਚ ਸ਼ਾਮਲ ਹੋਇਆ ਹਾਂ: ਸੁਸ਼ੀਲ ਕੁਮਾਰ ਰਿੰਕੂ
ਜਲੰਧਰ/ਚੰਡੀਗੜ੍ਹ, 5 ਅਪ੍ਰੈਲ 2023 - ਜਲੰਧਰ ਵਿੱਚ ਜ਼ਿਮਨੀ ਚੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਵੱਡਾ ਹੁਲਾਰਾ ਮਿਲਿਆ ਹੈ। ਬੁੱਧਵਾਰ ਨੂੰ, ਪ੍ਰਭਾਵਸ਼ਾਲੀ ਕਾਂਗਰਸੀ ਆਗੂ ਅਤੇ ਸਾਬਕਾ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਅਤੇ ਪਾਰਟੀ ਪ੍ਰਧਾਨ ਭਗਵੰਤ ਮਾਨ, ਸੰਸਦ ਮੈਂਬਰ ਰਾਘਵ ਚੱਢਾ ਅਤੇ ਜਲੰਧਰ ਤੋਂ 'ਆਪ' ਵਿਧਾਇਕਾਂ ਦੀ ਮੌਜੂਦਗੀ ਵਿੱਚ 'ਆਪ' ਵਿੱਚ ਸ਼ਾਮਲ ਹੋ ਗਏ।
ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ 'ਆਪ' ਪਰਿਵਾਰ 'ਚ ਸੁਸ਼ੀਲ ਕੁਮਾਰ ਰਿੰਕੂ ਦਾ ਰਸਮੀ ਤੌਰ 'ਤੇ ਸਵਾਗਤ ਕੀਤਾ ਅਤੇ ਬਾਅਦ 'ਚ ਮੀਡੀਆ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ 'ਆਪ' ਪਰਿਵਾਰ ਦਿਨੋ-ਦਿਨ ਵਧ-ਫੁੱਲ ਰਿਹਾ ਹੈ ਅਤੇ ਹੋਰ ਮਜ਼ਬੂਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜੋ ਲੋਕ ਦੇਸ਼ ਅਤੇ ਦੇਸ਼ ਦੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਹਨ, ਉਨ੍ਹਾਂ ਦਾ 'ਆਪ' ਪਰਿਵਾਰ 'ਚ ਹਮੇਸ਼ਾ ਸਵਾਗਤ ਹੈ। ਇੱਕ ਵੱਡੇ ਪਰਿਵਾਰ ਨਾਲ ਅਸੀਂ ਲੋਕਾਂ ਦੀ ਬਿਹਤਰ ਸੇਵਾ ਕਰ ਸਕਾਂਗੇ।
ਭਗਵੰਤ ਮਾਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਕ੍ਰਾਂਤੀਕਾਰੀ ਮੁੱਖ ਮੰਤਰੀ ਹਨ ਅਤੇ ਸਾਡੇ ਦੇਸ਼ ਦੇ 130 ਕਰੋੜ ਲੋਕਾਂ ਲਈ ਉਮੀਦ ਦੀ ਕਿਰਨ ਹਨ। ਉਨ੍ਹਾਂ ਕਿਹਾ, "ਅਸੀਂ ਸਿੱਖਿਆ, ਸਿਹਤ ਸਹੂਲਤਾਂ, ਰੁਜ਼ਗਾਰ, ਬੁਨਿਆਦੀ ਢਾਂਚੇ ਅਤੇ ਵਿਕਾਸ ਲਈ ਰਾਜਨੀਤੀ ਵਿੱਚ ਆਏ ਹਾਂ, ਅਸੀਂ ਨਫ਼ਰਤ ਦੀ ਰਾਜਨੀਤੀ ਨਹੀਂ ਕਰਦੇ।"
ਜਲੰਧਰ ਦੇ ਵੋਟਰਾਂ ਨੂੰ ‘ਆਪ’ ਨੂੰ ਵੋਟ ਪਾਉਣ ਦੀ ਅਪੀਲ ਕਰਦਿਆਂ ਸ. ਮਾਨ ਨੇ ਕਿਹਾ ਕਿ ਪਹਿਲਾਂ ਮਾਲਵੇ ਨੂੰ ਇਹ ਮਾਣ ਹਾਸਲ ਹੋਇਆ ਸੀ, ਹੁਣ ਆਮ ਲੋਕਾਂ ਦੀ ਆਵਾਜ਼ ਨੂੰ ਪਾਰਲੀਮੈਂਟ ਤੱਕ ਪਹੁੰਚਾਉਣ ਦੀ ਵਾਰੀ ਦੋਆਬੇ ਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਦੇ ਦਰਵਾਜ਼ੇ 'ਤੇ ਜਾਂਦੇ ਹਾਂ ਅਤੇ ਆਪਣੇ ਕੰਮ ਦੇ ਦਮ 'ਤੇ ਚੋਣਾਂ ਲੜਦੇ ਹਾਂ। ਮੁੱਖ ਮੰਤਰੀ ਕੇਜਰੀਵਾਲ ਇਕੱਲੇ ਅਜਿਹੇ ਸਿਆਸਤਦਾਨ ਹਨ ਜੋ ਪੰਜ ਸਾਲਾਂ ਬਾਅਦ ਲੋਕਾਂ ਕੋਲ ਗਏ ਅਤੇ ਉਨ੍ਹਾਂ ਨੂੰ ਕਿਹਾ ਕਿ ਉਹ ਤਾਂ ਹੀ ਉਨ੍ਹਾਂ ਨੂੰ ਵੋਟ ਪਾਉਣ ਜੇਕਰ ਉਹ ਪਿਛਲੇ ਪੰਜ ਸਾਲਾਂ ਵਿੱਚ 'ਆਪ' ਸਰਕਾਰ ਵੱਲੋਂ ਕੀਤੇ ਕੰਮਾਂ ਤੋਂ ਸੰਤੁਸ਼ਟ ਹਨ ਅਤੇ ਫ਼ਿਰ ਦਿੱਲੀ ਦੀ ਜਨਤਾ ਨੇ ਉਨ੍ਹਾਂ ਨੂੰ ਹੋਰ ਵੀ ਵੱਡਾ ਫ਼ਤਵਾ ਦਿੱਤਾ, ਜੋਕਿ ਸਾਡੀ ਕੰਮ ਦੀ ਰਾਜਨੀਤੀ ਦਾ ਪ੍ਰਤੱਖ ਸਬੂਤ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਸੁਸ਼ੀਲ ਕੁਮਾਰ ਰਿੰਕੂ ਦਾ ਆਮ ਆਦਮੀ ਪਾਰਟੀ ਵਿੱਚ ਸਵਾਗਤ ਕੀਤਾ ਅਤੇ ਪੰਜਾਬ ਵਿੱਚ ਮਾਨ ਸਰਕਾਰ ਦੇ ਕੰਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਤੋਂ ਪਹਿਲਾਂ ਪੰਜਾਬ ਵਿੱਚ ਰਾਜੇ-ਮਹਾਰਾਜਿਆਂ ਦੀਆਂ ਸਰਕਾਰਾਂ ਸਨ। ਪਰ ਹੁਣ ਪੰਜਾਬ ਵਿੱਚ ਆਮ ਲੋਕਾਂ ਦੇ ਦਰਦ ਨੂੰ ਸਮਝਣ ਵਾਲੀ ਸਰਕਾਰ ਹੈ, 'ਆਪ' ਸਰਕਾਰ ਪੰਜਾਬ ਦੇ ਵਿਦਿਆਰਥੀਆਂ, ਕਿਸਾਨਾਂ ਅਤੇ ਨੌਜਵਾਨਾਂ ਦੀ ਸਰਕਾਰ ਹੈ।
ਕੇਜਰੀਵਾਲ ਨੇ ਅੱਗੇ ਕਿਹਾ, ਅਸੀਂ ਬਿਜਲੀ ਮੁਫਤ ਕੀਤੀ, ਅਸੀਂ ਬੱਚਿਆਂ ਨੂੰ ਪੜ੍ਹਾ ਰਹੇ ਹਾਂ, ਕਿਸਾਨਾਂ ਨੂੰ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਕਾਰਨ ਉਨ੍ਹਾਂ ਦੀਆਂ ਫਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾ ਰਿਹਾ ਹੈ, ਅਸੀਂ ਸਕੂਲ, ਹਸਪਤਾਲ ਅਤੇ ਮੁਹੱਲਾ ਕਲੀਨਿਕ ਬਣਾ ਰਹੇ ਹਾਂ, ਅਸੀਂ ਅੱਜ ਪੰਜਾਬ ਨੂੰ ਸਿਹਤਮੰਦ ਬਣਾਉਣ ਲਈ 'ਸੀਐਮ ਦੀ ਯੋਗਸ਼ਾਲਾ' ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਕਾਸ ਦੀ ਲੀਹ 'ਤੇ ਹੈ ਅਤੇ ਮਾਨ ਸਰਕਾਰ ਹਰ ਰੋਜ਼ ਪੰਜਾਬ-ਪੱਖੀ ਅਤੇ ਲੋਕ-ਪੱਖੀ ਕਦਮ ਚੁੱਕ ਰਹੀ ਹੈ। ਇੱਕ ਸਵਾਲ ਦਾ ਜਵਾਬ ਦਿੰਦਿਆਂ ਕੇਜਰੀਵਾਲ ਨੇ ਕਿਹਾ ਕਿ ਵਿਰੋਧੀ ਧਿਰ ਦੀ ਏਕਤਾ ਮਹੱਤਵਪੂਰਨ ਨਹੀਂ ਹੈ, ਲੋਕਤੰਤਰ ਵਿੱਚ ਜਨਤਾ ਦੀ ਏਕਤਾ ਸਭ ਤੋਂ ਅਹਿਮ ਹੈ।
ਰਿੰਕੂ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ਮੈਂਬਰ ਪਾਰਲੀਮੈਂਟ ਰਾਘਵ ਚੱਢਾ ਨੇ ਕਿਹਾ ਕਿ ਸੁਸ਼ੀਲ ਕੁਮਾਰ ਰਿੰਕੂ ਦੀ ਮੌਜੂਦਗੀ ਪਾਰਟੀ ਨੂੰ ਜਲੰਧਰ ਹੀ ਨਹੀਂ ਸਗੋਂ ਪੂਰੇ ਦੁਆਬਾ ਖੇਤਰ ਵਿੱਚ ਮਜ਼ਬੂਤ ਕਰੇਗੀ।
ਸੁਸ਼ੀਲ ਕੁਮਾਰ ਰਿੰਕੂ ਨੇ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੀ ਪੰਜਾਬ ਵਾਸੀਆਂ ਪ੍ਰਤੀ ਸਮਰਪਣ ਭਾਵਨਾ ਤੋਂ ਪ੍ਰਭਾਵਿਤ ਹਨ ਅਤੇ ਇਹੀ ਕਾਰਨ ਹੈ ਕਿ ਉਹ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਅਤੇ ਪੰਜਾਬ ਦੀਆਂ 'ਆਪ' ਸਰਕਾਰਾਂ ਨੇ ਹਰ ਖੇਤਰ ਵਿੱਚ ਖਾਸ ਕਰਕੇ ਸਿੱਖਿਆ, ਸਿਹਤ ਅਤੇ ਕਾਨੂੰਨ ਵਿਵਸਥਾ ਵਿੱਚ ਸ਼ਲਾਘਾਯੋਗ ਕੰਮ ਕੀਤੇ ਹਨ। ਉਨ੍ਹਾਂ ਅੱਗੇ ਕਿਹਾ, "ਮੇਰਾ ਟੀਚਾ ਜਲੰਧਰ ਦੇ ਨਾਲ-ਨਾਲ ਪੰਜਾਬ ਦੇ ਲੋਕਾਂ ਦੀ ਸੇਵਾ ਕਰਨਾ ਹੈ ਅਤੇ ਮੈਂ ਚਾਹੁੰਦਾ ਹਾਂ ਕਿ 'ਆਪ' ਦੀਆਂ ਲੋਕ-ਪੱਖੀ ਨੀਤੀਆਂ ਪੰਜਾਬ ਦੇ ਹਰ ਘਰ ਤੱਕ ਪਹੁੰਚਦੀਆਂ ਹੋਣ।"