ਰਜਨੀਸ਼ ਸਰੀਨ
- ਕਣਕ ਅਤੇ ਦਾਲ ਦਾ ਸਟਾਕ ਆਉਣਾ ਸ਼ੁਰੂ
ਬਲਾਚੌਰ, 2 ਮਈ 2020 - ਪੰਜਾਬ ਸਰਕਾਰ ਵੱਲੋਂ ਕੋਵਿਡ ਕਰਫ਼ਿਊ ਅਤੇ ਲਾਕਡਾਊਨ ਨਾਲ ਜੂਝ ਰਹੇ ਕਮਜ਼ੋਰ ਵਰਗਾਂ ਦੇ ਲੋਕਾਂ ਨੂੰ ਕਣਕ ਅਤੇ ਦਾਲ ਦੇ ਰੂਪ ’ਚ ਵੱਡੀ ਰਾਹਤ ਦਿੱਤੀ ਜਾ ਰਹੀ ਹੈ।
ਇਹ ਜਾਣਕਾਰੀ ਦਿੰਦਿਆਂ ਬਲਾਚੌਰ ਦੇ ਐਮ ਐਲ ਏ ਚੌ. ਦਰਸ਼ਨ ਲਾਲ ਮੰਗੂਪੁਰ ਨੇ ਦੱਸਿਆ ਕਿ ਇਹ ਰਾਹਤ ਆਟਾ-ਦਾਲ ਅਤੇ ਅੰਨਤੋਦਿਆ ਕਾਰਡ ਧਾਰਕਾਂ ਨੂੰ 3 ਕਿੱਲੋ ਦਾਲ ਪ੍ਰਤੀ ਕਾਰਡ ਅਤੇ 15 ਕਿਲੋ ਕਣਕ ਪ੍ਰਤੀ ਜੀਅ ਪ੍ਰਤੀ ਕਾਰਡ ਮੁਫ਼ਤ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਤਿੰਨ ਕਿੱਲੋ ਦਾਲ ਅਤੇ 15 ਕਿੱਲੋ ਕਣਕ ਤਿੰਨ ਮਹੀਨੇ ਲਈ ਹੋਵੇਗੀ।
ਉਨ੍ਹਾਂ ਦੱਸਿਆ ਕਿ ਬਲਾਚੌਰ ਸਬ ਡਵੀਜ਼ਨ ’ਚ 25993 ਆਟਾ-ਦਾਲ ਅਤੇ ਅੰਨਤੋਦਿਆ ਕਾਰਡ ਧਾਰਕ ਹਨ, ਜਿਨ੍ਹਾਂ ਨੂੰ ਇਹ ਤਿੰਨ ਮਹੀਨੇ ਦਾ ਰਾਸ਼ਨ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕਣਕ ਅਤੇ ਦਾਲਾਂ ਦਾ ਸਟਾਕ ਆਉਣਾ ਸ਼ੁਰੂ ਹੋ ਗਿਆ ਹੈ, ਜਿਸ ਦੀ ਅਗਲੇ ਦਿਨਾਂ ’ਚ ਵੰਡ ਸ਼ੁਰੂ ਹੋ ਜਾਵੇਗੀ।
ਵਿਧਾਇਕ ਮੰਗੂਪੁਰ ਅਨੁਸਾਰ ਪੰਜਾਬ ਸਰਕਾਰ ਕਮਜ਼ੋਰ ਵਰਗ ਦੇ ਲੋਕਾਂ ਨੂੰ ਇਸ ਲਾਕਡਾਊਂ ਦੌਰਾਨ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਆਉਣ ਦੇਵੇਗੀ।