ਜੀ ਐਸ ਪੰਨੂ
ਪਟਿਆਲਾ, 26 ਮਾਰਚ 2020 - ਪਟਿਆਲਾ ਜ਼ਿਲ੍ਹੇ ਅੰਦਰ ਲਗਾਏ ਗਏ ਕਰਫਿਊ ਦੌਰਾਨ ਆਮ ਲੋਕਾਂ ਨੂੰ ਲੋੜੀਂਦੀਆਂ ਜਰੂਰੀ ਵਸਤਾਂ ਉਨ੍ਹਾਂ ਦੇ ਘਰਾਂ ਤੱਕ ਉਪਲਬਧ ਕਰਵਾਉਣ ਲਈ ਕਰਿਆਨਾ ਵਪਾਰੀਆਂ ਲਈ ਪ੍ਰਤੀ ਕਰਿਆਨਾ ਸਟੋਰ ਕਰੀਬ 1525 ਲੋਕਾਂ ਨੂੰ ਰਾਸ਼ਨ ਮੁਹੱਈਆ ਕਰਵਾਉਣ ਲਈ ਵੱਧ ਤੋਂ ਵੱਧ ਰਾਸ਼ਨ ਰੱਖਣ ਦੀ ਮਿਕਦਾਰ ਨਿਰਧਾਰਤ ਕੀਤੀ ਹੈ, ਉਥੇ ਹੀ ਹਰੇਕ ਇੱਕ ਪਰਿਵਾਰ ਨੂੰ ਹਰ 15 ਦਿਨਾਂ ਬਾਅਦ ਲੋੜੀਂਦਾ ਰਾਸ਼ਨ ਦੇਣ ਲਈ ਵੀ ਮਿਕਦਾਰ ਨਿਰਧਾਰਤ ਕੀਤੀ ਗਈ ਹੈ।
ਕੁਮਾਰ ਅਮਿਤ ਨੇ ਦੱਸਿਆ ਕਿ ਵੇਰਕਾ ਤੇ ਦੋਧੀਆਂ ਰਾਹੀਂ ਦੁੱਧ ਦੀ ਸਪਲਾਈ ਜਿੱਥੇ 24 ਘੰਟੇ ਖੋਲ੍ਹੀ ਗਈ ਹੈ ਉਥੇ ਹੀ ਕਰਿਆਨਾ ਦੀਆਂ ਵਸਤਾਂ, ਦਵਾਈਆਂ, ਪਸ਼ੂਆਂ ਲਈ ਚਾਰਾ, ਸਬਜ਼ੀਆਂ ਤੇ ਫ਼ਲਾਂ ਦੀ ਸਪਲਾਈ ਵੀ ਹਰ ਵਾਰਡ ਤੇ ਹਰ ਸਬ ਡਵੀਜਨ 'ਚ ਪੁੱਜਣੀ ਸ਼ੁਰੂ ਕੀਤੀ ਹੈ। ਜ਼ਿਲ੍ਹਾ ਪ੍ਰਸ਼ਾਸਨ ਇਸ ਸੰਕਟ ਦੀ ਘੜੀ 'ਚ ਲੋਕਾਂ ਦੇ ਨਾਲ ਖੜ੍ਹਾ ਹੈ ਅਤੇ ਲੋੜੀਂਦੀਆਂ ਜਰੂਰੀ ਵਸਤਾਂ ਦੀ ਸਪਲਾਈ ਨਿਰਵਿਘਨ ਯਕੀਨੀ ਬਣਾਈ ਜਾਵੇਗੀ। ਲੋਕਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਪਿੰਡਾਂ 'ਚ ਲੋਕਾਂ ਨੂੰ ਇਹ ਵਸਤਾਂ ਮੁਹੱਈਆ ਕਰਵਾਉਣ ਲਈ ਬਲਾਕ ਪੱਧਰ 'ਤੇ ਵੱਖਰੇ ਪ੍ਰਬੰਧ ਕੀਤੇ ਗਏ ਹਨ, ਜਿਸ ਲਈ ਬਲਾਕ-ਵਾਈਜ ਦੁਕਾਨਦਾਰਾਂ ਦੀਆਂ ਸੂਚੀਆਂ ਅੱਜ ਵੱਖਰੇ ਤੌਰ 'ਤੇ ਜਾਰੀ ਕਰ ਦਿੱਤੀਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਵਸਤਾਂ ਦੀ ਜਮ੍ਹਾਂ ਖੋਰੀ ਤੇ ਕਾਲਾਬਾਜ਼ਾਰੀ ਰੋਕਣ ਲਈ ਹਰ ਪਰਿਵਾਰ (5 ਜੀਆਂ ਦੇ) ਨੂੰ 15 ਦਿਨਾਂ ਦੇ ਰਾਸ਼ਨ 'ਚ ਆਟਾ 10 ਕਿੱਲੋ, ਦਾਲ 2 ਕਿੱਲੋ, ਨਮਕ 500 ਗ੍ਰਾਮ, ਚਾਹ ਪੱਤੀ 500 ਗ੍ਰਾਮ, ਚੀਨੀ ਦੋ ਕਿੱਲੋ, ਚਾਵਲ 5 ਕਿੱਲੋ, ਮਸਾਲੇ 200 ਗ੍ਰਾਮ ਅਤੇ ਹੋਰ ਜਰੂਰੀ ਵਸਤਾਂ ਇਸ ਤੋਂ ਵਧ ਮਾਤਰਾ ਨਹੀਂ ਵੇਚੀਆਂ ਜਾਣਗੀਆਂ।
ਜਦੋਂਕਿ ਪ੍ਰਤੀ ਕਰਿਆਨਾ ਸਟੋਰ ਲਈ ਵੀ ਆਟਾ 51 ਕੁਇੰਟਲ, ਦਾਲ 3 ਕੁਇੰਟਲ, ਨਮਕ 3.5 ਕੁਇੰਟਲ, ਚਾਹ ਪੱਤੀ 90 ਕਿੱਲੋ, ਚੀਨੀ 15 ਕੁਇੰਟਲ, ਚਾਵਲ 10 ਕੁਇੰਟਲ, ਗਰਮ ਮਸਾਲਾ, ਮਿਰਚ ਤੇ ਹਲਦੀ 90 ਕਿੱਲੋ, ਕੱਪੜੇ ਧੋਣ੍ਹ ਤੇ ਨਾਹੁਣ ਵਾਲੀਆਂ ਸਾਬਣਾਂ 1 ਕੁਇੰਟਲ 10 ਕਿੱਲੋ ਤੇ ਹਾਰਪਿਕ 400 ਬੋਤਲਾਂ ਹੀ ਰੱਖ ਸਕਣਗੇ। ਡਿਪਟੀ ਕਮਿਸ਼ਨਰ ਵੱਲੋਂ ਹੁਕਮਾਂ ਮੁਤਾਬਕ ਸਾਰੇ ਵਪਾਰੀ ਇਨ੍ਹਾਂ ਵਸਤਾਂ ਦੀ ਵਿਕਰੀ ਤੇ ਸਟੋਰ ਤੇ ਸੂਚੀ ਬਣਾ ਕੇ ਖਰੀਦਦਾਰ ਦਾ ਨੰਬਰ ਵੀ ਰੱਖਣਗੇ ਤਾਂ ਕਿ ਲੋੜ ਪੈਣ 'ਤੇ ਇਸ ਦਾ ਨਿਰੀਖਣ ਕੀਤਾ ਜਾ ਸਕੇ ਇਸੇਤਰ੍ਹਾਂ ਕਰਿਆਨਾ ਵਾਲਿਆਂ ਦਾ ਤਾਲਮੇਲ ਸਵਿਗੀ, ਸੁਪਰਫ਼ਰੈਸ਼ ਅਤੇ ਜੁਮੈਟੋ ਨਾਲ ਵੀ ਕਰਵਾ ਦਿੱਤਾ ਗਿਆ ਹੈ ਤਾਂ ਕਿ ਇਹ ਸੇਵਾਵਾਂ ਉਥੋਂ ਵੀ ਉਪਲਬਧ ਹੋ ਸਕਣ ਤੇ ਲੋਕ ਬਿਗ ਬਾਜ਼ਾਰ, ਰਿਲਾਇੰਸ, ਮੋਰ, ਵਿਸ਼ਾਲ ਮੈਗਾਮਾਰਟ, ਈਜ਼ੀ ਡੇ ਅਤੇ ਹੋਲਫਰੈਸ਼ ਆਦਿ ਤੋਂ ਵੀ ਲੋਕ ਰਾਸ਼ਨ ਵਸਤਾਂ ਮੰਗਵਾ ਰਹੇ ਹਨ।