ਅਸ਼ੋਕ ਵਰਮਾ
ਬਠਿੰਡਾ, 24 ਅਪਰੈਲ 2020 - ਕਿਰਤੀ ਕਿਸਾਨ ਯੂਨੀਅਨ ਨੇ ਨਹਿਰੀ ਪਾਣੀ ਫੌਰੀ ਛੱਡਣ ਦੀ ਮੰਗ ਕਰਦਿਆਂ ਅਤੇ ਜਿਨ੍ਹਾਂ ਇਲਾਕਿਆਂ ’ਚ ਕਣਕ ਦੀ ਕਟਾਈ ਮੁਕੰਮਲ ਹੋ ਗਈ ਹੈ ਉਨਾਂ ’ਚ ਖੇਤੀ ਮੋਟਰਾਂ ਲਈ ਬਿਜਲੀ ਸਪਲਾਈ ਫੌਰੀ ਚਾਲੂ ਕਰਨ ਦੀ ਦੀ ਲੋੜ ਤੇ ਜੋਰ ਦਿੱਤਾ ਹੈ।ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਤੇ ਸੂਬਾ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਮੋਟਰਾਂ ਦੀ ਬਿਜਲੀ ਅਤੇ ਨਹਿਰੀ ਪਾਣੀ ਬੰਦ ਹੋਣ ਕਰਕੇ ਕਿਸਾਨਾਂ ਦਾ ਹਰਾ ਚਾਰਾ ਅਤੇ ਸਬਜੀਆਂ ਸੁੱਕ ਰਹੀਆਂ ਹਨ। ਪਾਣੀ ਦੀ ਜਰੂਰਤ ਪੂਰੀ ਕਰਨ ਵਾਸਤੇ ਸਰਕਾਰ ਨੂੰ ਨਹਿਰੀ ਪਾਣੀ ਦੀ ਪੂਰੀ ਸਪਲਾਈ ਜਾਰੀ ਕਰਨੀ ਚਾਹੀਦੀ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਨੂੰ ਸਮੁੱਚੀਆਂ ਫਸਲਾਂ ਦਾ ਧਿਆਨ ਦਾ ਰੱਖਣਾ ਚਾਹੀਦਾ ਹੈ ਤਾਂ ਹੀ ਫਸਲੀ ਵਿਭਿੰਨਤਾ ਵਿਕਸਤ ਹੋ ਸਕਦੀ ਹੈ।ਉਨਾਂ ਕਿਹਾ ਕਿ ਇੱਕ ਪਾਸੇ ਸਰਕਾਰ ਫਸਲੀ ਚੱਕਰ ਤੋੜਨ ਦੀ ਗੱਲ ਕਰਦੀ ਹੈ ਅਤੇ ਦੂਸਰੇ ਪਾਸੇ ਝੋਨੇ ਤੇ ਕਣਕ ਬਿਨਾਂ ਬਾਕੀ ਫਸਲਾਂ ਵਾਸਤੇ ਢੁੱਕਵੇਂ ਪਾਣੀ ਲਈ ਬਿਜਲੀ ਸਪਲਾਈ ਅਤੇ ਨਹਿਰੀ ਪਾਣੀ ਬੰਦ ਕਰ ਦਿੱਤਾ ਜਾਂਦਾ ਹੈ। ਉਨਾਂ ਆਖਿਆ ਕਿ ਅਜਿਹੇ ਹਾਲਾਤਾਂ ਕਰਕੇ ਬਦਲਵੀਂ ਖੇਤੀ ਕਰਨ ਵਾਲੇ ਕਿਸਾਨ ਨਿਰਉਤਸ਼ਾਹਿਤ ਹੁੰਦੇ ਹਨ ਕਿਉਂਕਿ ਉਨਾਂ ਨੂੰ ਭਾਰੀ ਘਾਟਾ ਝੱਲਣਾ ਪੈਂਦਾ ਹੈ ਅਤਤੇ ਉਹ ਮੁੜ ਰਵਾਇਤੀ ਫਸਲਾਂ ਪਾਸੇ ਆ ਜਾਂਦੇ ਹਨ।ਉਨਾਂ ਕਿਹਾ ਕਿ ਹਰਾ ਚਾਰਾ ਸੁੱਕਣ ਕਰਕੇ ਪਸ਼ੂ ਪਾਲਣ ਦਾ ਕਿੱਤਾ ਜੋ ਕਿ ਪਹਿਲਾਂ ਹੀ ਲੌਕਡਾਓੂਨ ਕਰਕੇ ਬੁਰੀ ਤਰਾਂ ਮੰਦੀ ਦਾ ਸ਼ਿਕਾਰ ਹੈ।
ਉਨ੍ਹਾਂ ਕਿਹਾ ਕਿ ਪਸ਼ੂ ਪਾਲਕਾਂ ਨੂੰ ਪਸ਼ੂਆਂ ਦੇ ਖ਼ਰਚੇ ਵੀ ਪੂਰੇ ਨਹੀਂ ਪੈ ਰਹੇ ਅਤੇ ਉੱਪਰੋਂ ਪਾਣੀ ਨਾ ਮਿਲਣ ਕਰਕੇ ਹਰਾ ਚਾਰਾ ਵੀ ਸੁੱਕਣ ਲੱਗਿਆ ਹੈ। ਓੁਨਾਂ ਕਿਹਾ ਕਿ ਮੋਟਰਾਂ ਲਈ ਬਿਜਲੀ ਦੇਰ ਰਾਤ ਜਾਂ ਸਵੇਰੇ ਜਲਦੀ ਕੁਝ ਘੰਟਿਆਂ ਲਈ ਛੱਡੀ ਜਾ ਸਕਦੀ ਹੈ ਕਿਓਂ ਜੋ ਤਰੇਲ ਕਰਕੇ ਸਪਾਰਕਿੰਗ ਨਾਲ ਨੁਕਸਾਨ ਦੀ ਸੰਭਾਵਨਾ ਨਹੀ ਹੁੰਦੀ।ਉਨਾਂ ਕਿਹਾ ਕਿ ਸਰਕਾਰ ਇਸ ਮਸਲੇ ਦਾ ਫੌਰੀ ਹੱਲ ਕਰੇ ਅਤੇ ਕਿਸਾਨਾਂ ਦੇ ਹਰਜੇ ਨੂੰ ਬਚਾਉਣ ਦੇ ਨਾਮ ਤੇ ਕਿਸਾਨੀ ਦਾ ਨੁਕਸਾਨ ਕਰਨ ਵਾਲੀ ਪਹੁੰਚ ਤਿਆਗੇ ਤਾਂ ਜੋ ਖੇਤੀ ਖੇਤਰ ਦੇ ਨੁਕਸਾਨ ਘਟ ਸਕਣ।