ਅਸ਼ੋਕ ਵਰਮਾ
- ਹੁਣ ਤੱਕ 16410 ਕਿਸਾਨਾਂ ਨੂੰ ਪਾਸ ਜਾਰੀ
ਬਠਿੰਡਾ, 17 ਅਪ੍ਰੈਲ 2020 - ਬਠਿੰਡਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ ਆਈ.ਏ.ਐਸ. ਨੇ ਸਪੱਸ਼ਟ ਕੀਤਾ ਹੈ ਕਿ ਜ਼ਿਲ੍ਹੇ ਵਿਚ ਕਣਕ ਦੀ ਖਰੀਦ ਲਈ ਬਾਰਦਾਨੇ ਦੀ ਕੋਈ ਘਾਟ ਨਹੀਂ ਹੈ। ਉਨਾਂ ਨੇ ਫੂਡ ਸਪਲਾਈ ਵਿਭਾਗ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਨਾਲ ਕਣਦ ਦੀ ਚੱਲ ਰਹੀ ਖਰੀਦ ਪ੍ਰਿਆ ਦੀ ਸਮੀਖਿਆ ਤੋਂ ਬਾਅਦ ਇਹ ਜਾਣਕਾਰੀ ਦਿੱਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਮੰਡੀ ਬੋਰਡ ਵੱਲੋਂ ਕਿਸਾਨਾਂ ਲਈ ਪਾਸ ਜਾਰੀ ਕਰਨ ਦੀ ਪ੍ਰਿਆ ਸ਼ੁਰੂ ਹੋ ਚੁੱਕੀ ਹੈ ਅਤੇ ਹੁਣ ਤੱਕ 16410 ਪਾਸ ਜਾਰੀ ਹੋ ਚੁੱਕੇ ਹਨ। ਉਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆੜਤੀਏ ਦਾ ਮਾਰਫਤ ਆਪਣਾ ਪਾਸ ਪ੍ਰਾਪਤ ਕਰਨ ਅਤੇ ਫਿਰ ਪਾਸ ਤੇ ਦਿੱਤੀ ਗਈ ਮਿਤੀ ਅਤੇ ਮੰਡੀ ਵਿਚ ਹੀ ਆਪਣੀ ਫਸਲ ਲੈ ਕੇ ਆਉਣ। ਉਨਾਂ ਨੇ ਕਿਹਾ ਕਿ ਮੰਡੀ ਵਿਚ ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।
ਇਸੇ ਤਰ੍ਹਾਂ ਬਾਰਦਾਨੇ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ ਵਿਚ ਬਾਰਦਾਨੇ ਦੀ ਕੋਈ ਘਾਟ ਨਹੀਂ ਹੈ ਅਤੇ ਇਸ ਤੋਂ ਪਹਿਲਾਂ 8 ਲੱਖ ਮੀਟਿ੍ਰਕ ਟਨ ਖਰੀਦ ਦੀ ਜਰੂਰਤ ਲਈ ਬਾਰਦਾਨਾ ਜ਼ਿਲੇ ਵਿਚ ਪਹੁੰਚ ਚੁੱਕਾ ਹੈ। ਉਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਜਾਰੀ ਪਾਸਾਂ ਦੇ ਅਨੁਪਾਤ ਵਿਚ ਹੀ ਆੜਤੀਆਂ ਨੂੰ ਬਾਰਦਾਨਾਂ ਜਾਰੀ ਕੀਤਾ ਜਾ ਰਿਹਾ ਹੈ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਜ਼ਿਲਾ ਫੂਡ ਸਪਲਾਈ ਕੰਟਰੋਲਰ ਮਨਦੀਪ ਸਿੰਘ ਨੇ ਉਦਾਹਰਨ ਦਿੰਦਿਆਂ ਦੱਸਿਆ ਕਿ ਜੇਕਰ ਕਿਸੇ ਦਿਨ ਵਿਸੇਸ਼ ਨੂੰ ਕਿਸੇ ਮੰਡੀ ਵਿਚ 10 ਪਾਸ ਜਾਰੀ ਹੋਏ ਹਨ ਤਾਂ ਉਥੇ ਉਸ ਦਿਨ 500-600 ਕੁਇੰਟਲ ਕਣਕ ਆਵੇਗੀ ਅਤੇ ਇਸ ਲਈ ਆੜਤੀਆਂ ਨੂੰ ਉਸੇ ਅਨੁਸਾਰ ਬਾਰਦਾਨਾ ਜਾਰੀ ਕੀਤਾ ਜਾਂਦਾ ਹੈ। ਉਨਾਂ ਨੇ ਕਿਹਾ ਕਿ ਪੁਰਾਣੇ ਸਿਸਟਮ ਵਿਚ ਸਾਨੂੰ ਪਤਾ ਨਹੀਂ ਹੁੰਦਾ ਸੀ ਕਿ ਮੰਡੀ ਵਿਚ ਕਿਸ ਦਿਨ ਕਿੰਨੀ ਕਣਕ ਆਵੇਗੀ ਅਤੇ ਪਰ ਇਸ ਵਾਰ ਸਾਰਾ ਕੁਝ ਯੋਜਨਾਬੰਦ ਤਰੀਕੇ ਨਾਲ ਹੋ ਰਿਹਾ ਹੈ ਇਸ ਲਈ ਨਾਲੋਂ ਨਾਲ ਨਿਰਧਾਰਤ ਮਾਤਰਾ ਵਿਚ ਬਾਰਦਾਨਾ ਜਾਰੀ ਹੋ ਰਿਹਾ ਹੈ ਤਾਂ ਜੋ ਮੰਡੀਆਂ ਵਿਚ ਕਿਸੇ ਵੀ ਤਰੀਕੇ ਨਾਲ ਭੀੜ ਹੋਣ ਦੀ ਸੰਭਾਵਨਾ ਨੂੰ ਪੈਦਾ ਹੋਣ ਤੋਂ ਰੋਕਿਆ ਜਾ ਸਕੇ। ਉਨਾਂ ਨੇ ਕਿਹਾ ਕਿ ਇਕ ਪਾਸ ਇਕ ਟਰਾਲੀ ਅਤੇ ਇਕ ਕਿਸਾਨ ਲਈ ਲਾਗੂ ਹੁੰਦਾ ਹੈ।
ਜ਼ਿਲਾ ਫੂਡ ਸਪਲਾਈ ਕੰਟਰੋਲਰ ਨੇ ਦੱਸਿਆ ਕਿ ਅਨਾਜਖਰੀਦ ਪੋਰਟਲ ਤੇ ਇਸ ਵਾਰ ਆੜਤੀਆਂ ਅਤੇ ਕਿਸਾਨ ਨੂੰ ਰਜਿਸਟਰ ਕੀਤਾ ਜਾਵੇਗਾ ਜਿਸ ਨਾਲ ਫਸਲ ਦੀ ਅਦਾਇਗੀ ਵਿਚ ਹੋਰ ਪਾਰਦਰਸਤਾ ਆਵੇਗੀ।
ਜ਼ਿਲਾ ਮੰਡੀ ਅਫ਼ਸਰ ਸ: ਕੰਵਰਪ੍ਰੀਤ ਸਿੰਘ ਬਰਾੜ ਨੇ ਦੱਸਿਆ ਕਿ ਬੀਤੇ ਕੱਲ 5460 ਨਵੇਂ ਪਾਸ ਕਿਸਾਨਾਂ ਨੂੰ ਜਾਰੀ ਕੀਤੇ ਗਏ ਹਨ। ਉਨਾਂ ਨੇ ਕਿਹਾ ਕਿ ਮੰਡੀਆਂ ਵਿਚ ਕਿਸਾਨਾਂ ਦੇ ਹੱਥ ਧੋਣ ਲਈ ਪਾਣੀ, ਸਾਬਣ ਦੀ ਵਿਵਸਥਾ ਤੋਂ ਇਲਾਵਾ ਮੰਡੀਆਂ ਵਿਚ ਪੀਣ ਦੇ ਪਾਣੀ, ਰੌਸ਼ਨੀ ਆਦਿ ਦੇ ਵੀ ਪ੍ਰਬੰਧ ਕੀਤੇ ਗਏ ਹਨ। ਪਰ ਨਾਲ ਹੀ ਉਨਾਂ ਨੇ ਮੰਡੀ ਵਿਚ ਪਾਸ ਰਾਹੀਂ ਫਸਲ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਾਲ ਆਪਣਾ ਖਾਣਾ ਘਰ ਤੋਂ ਹੀ ਲੈ ਕੇ ਆਉਣ ਅਤੇ ਮੰਡੀ ਵਿਚ ਮੁੰਹ ਤੇ ਮਾਸਕ ਜਾਂ ਕੋਈ ਹੋਰ ਕਪੜਾ ਬੰਨ ਕੇ ਹੀ ਆਇਆ ਜਾਵੇ।