ਅਸ਼ੋਕ ਵਰਮਾ
ਬਠਿੰਡਾ, 01 ਜੂਨ 2020: ਪੰਜਾਬ ਦੀਆਂ ਸੰਘਰਸ਼ਸ਼ੀਲ ਕਿਸਾਨਾਂ-ਮਜਦੂਰਾਂ ਮੁਲਾਜਮਾ ਨੌਜਵਾਨਾਂ-ਵਿਦਿਆਰਥੀਆਂ ਠੇਕਾ ਮੁਲਾਜਮਾਂ ਤੇ ਸਨਅਤੀ ਮਜਦੂਰਾਂ ਦੀਆਂ ਜਥੇਬੰਦੀਆਂ ਵੱਲੋਂ ਮੋਦੀ ਸਰਕਾਰ ਵੱਲੋਂ ਲੋਕਾਂ ਦੇ ਨਾਂ ਤੇ ਲੋਕਾਂ ਨੂੰ ਦਿੱਤੀ ਰਾਹਤ 20ਲੱਖ ਦੇ ਪੈਕੇਜ ਦਾ ਭਾਂਡਾ ਭੰਨਣ ਲਈ ਅਤੇ ਰਾਹਤ ਦਾ ਹੱਕ ਲੈਣ ਲਈ ਤਿੰਨ-ਚਾਰ ਜੂਨ ਨੂੰ ਸਬ ਤਹਿਸੀਲ ਦਫਤਰਾਂ ਅੱਗੇ ਦਿੱਤੇ ਜਾ ਰਹੇ ਧਰਨਿਆਂ ਦੀਆਂ ਤਿਆਰੀਆਂ ਜੋਰਾਂ ਤੇ ਚੱਲ ਰਹੀਆਂ ਹਨ। ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਦੱਸਿਆ ਕਿ ਬਠਿੰਡਾ ਜਿਲੇ ’ਚ ਇਹ ਇੱਕ ਰੋਜਾ ਧਰਨੇ ਨੌ ਥਾਵਾਂ ਤੇ ਜਾਣਗੇ ਜਿੰਨਾਂ ’ਚ 3 ਜੂਨ ਨੂੰ ਨਥਾਣਾ, ਫੂਲ, ਗੋਨਿਆਣਾ, ਭਗਤਾ ਭਾਈ, ਸੰਗਤ ਤੇ ਮੌੜ ਅਤੇ 4 ਜੂਨ ਨੂੰ ਬਠਿੰਡਾ-ਤਲਵੰਡੀ ਅਤੇ ਬਾਲਿਆਂਵਾਲੀ ਵਿਚ ਧਰਨੇ ਦਿੱਤੇ ਜਾਣਗੇ। ਉਨਾਂ ਦੱਸਿਆ ਕਿ ਇਸ ਮੌਕੇ ਮੰਗ ਕੀਤੀ ਜਾਵੇਗੀ ਕਿ ਪਰਵਾਸੀ ਮਜਦੂਰਾਂ ਦੀਆਂ ਘਰਾਂ ਨੂੰ ਜਾਣ ਵੇਲੇ ਹੋਈਆਂ ਲਗਭਗ 400 ਮੌਤਾਂ ਉਨਾਂ ਦੇ ਪਰਿਵਾਰਾਂ ਨੂੰ ਢੁਕਵਾਂ ਮੁਆਵਜਾ ਦਿੱਤਾ ਜਾਵੇ ,ਕਿਰਤ ਕਾਨੂੰਨਾਂ ਦਾ ਖਾਤਮਾ ਕਰਕੇ ਕੀਤੀਆਂ ਜਾ ਰਹੀਆਂ ਮਜਦੂਰ ਵਿਰੋਧੀ ਸੋਧਾਂ ਅਤੇ ਛਾਂਟੀਆ ਬੰਦ ਕੀਤੀਆ ਜਾਣ, ਰਾਹਤ ਪੈਕੇਜ ਦੇ ਨਾਂ ਹੇਠ ਕੀਤੀਆਂ ਜਾ ਰਿਹੀਆਂ ਨਿੱਜੀਕਰਨ ਜਿਵੇਂ ਬਿਜਲੀ ਸੁਰੱਖਿਆ ਖਾਣਾ ਰੇਲਵੇ ਹਵਾਈ ਅੱਡੇ ਤੇ ਖੇਤੀ ਖੇਤਰਾਂ ਦੇ ਨਿੱਜੀਕਰਨ ਤੁਰੰਤ ਰੱਦ ਕੀਤੇ ਜਾਣ, ਬਿਜਲੀ ਐਕਟ 2020 ਰੱਦ ਕੀਤਾ ਜਾਵੇ, ਜਨਤਕ ਵੰਡ ਪ੍ਰਣਾਲੀ ਮਜਬੂਤ ਕਰ ਕੇ ਲੋੜਵੰਦਾਂ ਨੂੰ ਜੋ ਕਿ 80 ਫੀਸਦੀ ਆਬਾਦੀ ਦਾ ਹਿੱਸਾ ਹੈ ,ਅਨਾਜ ਸਮੇਤ ਰਸੋਈ ਲਈ ਲੋੜੀਂਦੀਆਂ ਵਸਤਾਂ ਮਹੱਈਆ ਕਰਵਾਈਆਂ ਜਾਣ।
ਉਨਾਂ ਆਖਿਆ ਕਿ ਕਿਸਾਨਾਂ ਮਜਦੂਰਾਂ ਦੇ ਕਰਜੇ ਖਤਮ ਕਰ ਕੇ ਕਿਸਾਨਾਂ ਮਜਦੂਰਾਂ ਪੱਖੀ ਕਾਨੂੰਨ ਬਨਾਉਣ, ਜਮੀਨੀ ਸੁਧਾਰ ਕਰਕੇ ਵਾਧੂ ਨਿਕਲਦੀਆਂ ਜਮੀਨਾਂ ਥੁੜ ਜਮੀਨੇ ਕਿਸਾਨਾਂ ਤੇ ਬੇਜਮੀਨੇ ਕਿਸਾਨਾਂ ਚ ਵੰਡਣ ਅਤੇ ਪੰਚਾਇਤੀ ਜਮੀਨਾਂ ਚੋਂ ਤੀਜਾ ਹਿੱਸਾ ਮਜਦੂਰਾਂ ਦਾ ਰਾਖਵਾਂ ਠੇਕੇ ਤੇ ਮਜਦੂਰਾਂ ਨੂੰ ਹੀ ਦੇਣ ਅਤੇ 16 ਘੰਟੇ ਨਿਰਵਿਘਨ ਬਿਜਲੀ ਦੀ ਸਪਲਾਈ ਦੇਣ ਆਦਿ ਮੰਗਾਂ ਨੂੰ ਪ੍ਰਵਾਨ ਕਰਨ ਤੇ ਜੋਰ ਦਿੱਤਾ ਜਾਏਗਾ। ਆਗੂ ਰਾਜਵਿੰਦਰ ਸਿੰਘ ਰਾਜੂ ਹਰਿੰਦਰ ਕੌਰ ਬਿੰਦੂ ਅਤੇ ਜਗਸੀਰ ਸਿੰਘ, ਜਗਦੇਵ ਸਿੰਘ ਜੋਗੇਵਾਲਾ ਆਗੂਆਂ ਨੇ ਕਿਹਾ ਕਿ ਕਰੋਨਾ ਦੇ ਸੰਕਟ ਦੀ ਆੜ ਹੇਠ ਮੋਦੀ ਹਕੂਮਤ ਨੇ ਰਾਹਤ ਦੇਣ ਦਾ ਦੰਭ ਰਚ ਕੇ ਕਿਰਤੀ ਲੋਕਾਂ ਦੇ ਹੱਕਾਂ ਤੇ ਹਿੱਤਾਂ ਤੇ ਵੱਡਾ ਵਾਰ ਕੀਤਾ ਹੈ ਅਤੇ ਲੋਕਾਂ ਦੇ ਨਾਂ ਤੇ ਦੇਸੀ-ਬਦੇਸੀ ਲੁਟੇਰਿਆਂ ਜੋਕਾਂ ਲਈ ਮੁਲਕ ਦੇ ਸੋਮੇ ਝੋਕ ਦਿੱਤੇ ਹਨ । ਉਨਾਂ ਕਿਹਾ ਕਿ ਲੋਕਾਂ ਨੂੰ ਪਹਿਲਾਂ ਬਿਮਾਰੀ ਤੇ ਭੁੱਖ ਨਾਲ ਮਰਨ ਲਈ ਸੁੱਟ ਦਿਤਾ ਗਿਆ ਸੀ ਤੇ ਹੁਣ ਅੱਗੇ ਹੋਰ ਤਿੱਖੀ ਲੁੱਟ ਦੇ ਪੇਸ਼ ਪਾ ਦਿੱਤਾ ਗਿਆ ਹੈ। ਕਿਸਾਨ ਆਗੂਆਂ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਮੋਦੀ ਹਕੂਮਤ ਵੱਲੋਂ ਰਾਹਤ ਪੈਕੇਜ ਦਾ ਭਾੰਡਾ ਭੰਨਣ ਲਈ ਕੀਤੇ ਜਾ ਰਹੇ ਧਰਨਿਆਂ ਵਿੱਚ ਪ੍ਰੀਵਾਰਾਂ ਸਮੇਤ ਸ਼ਾਮਲ ਹੋਣ ।