ਮਨਿੰਦਰਜੀਤ ਸਿੱਧੂ
ਜੈਤੋ 2020: ਅੱਜ ਪੰਜਾਬ ਕਿਸਾਨ ਯੂਨੀਅਨ ਜ਼ਿਲਾ ਫਰੀਦਕੋਟ ਦੀ ਮੀਟਿੰਗ ਗੁਰੂਦੁਆਰਾ ਗੁਰੂ ਕੀ ਢਾਬ ਦੇ ਦੀਵਾਨ ਹਾਲ ਵਿਖੇ ਜ਼ਿਲਾ ਪ੍ਰਧਾਨ ਗੁਰਜੀਤ ਸਿੰਘ ਬਰਾੜ ਦੀ ਅਗਵਾਈ ਵਿੱਚ ਹੋਈ। ਮੀਟਿੰਗ ਵਿੱਚ ਕੁਲ ਹਿੰਦ ਕਿਸਾਨ ਸਭਾ ਦੇ ਪ੍ਰਬੰਧਕ ਮੈਂਬਰ ਬਲਰਾਜ ਸਿੰਘ ਗੁਰੂਸਰ ਮੈਂਬਰ ਵਿਸ਼ੇਸ਼ ਤੌਰ ਤੇ ਪਹੰੁਚੇ। ਮੀਟਿੰਗ ਦੌਰਾਨ ਦੇਸ਼ ਦੇ ਅੰਦਰੂਨੀ ਹਾਲਾਤਾਂ ਤੇ ਵਿਚਾਰ ਕੀਤਾ ਗਿਆ ਜਿਵੇਂ ਕਿ ਕੱਚੇ ਤੇਲ ਦੀਆਂ ਕੀਮਤਾਂ ਬਜ਼ਾਰ ਵਿੱਚ ਘੱਟ ਰਹੀਆਂ ਹਨ ਪ੍ਰੰਤੂ ਕੇਂਦਰ ਸਰਕਾਰ ਨੇ ਕੋਰੋਨਾ ਵਾਇਰਸ ਦੀ ਬਿਮਾਰੀ ਦਾ ਲੋਕਾਂ ਵਿੱਚ ਡਰ ਪੈਦਾ ਕਰਕੇ 12 ਤੋਂ 13 ਰੁਪਏ ਪ੍ਰਤੀ ਲੀਟਰ ਡੀਜਲ ਤੇ ਪੈਟਰੋਲ ਦਾ ਵਾਧਾ ਕਰ ਦਿੱਤਾ ਹੈ। ਡੀਜਲ ਦੀ ਖਪਤ ਸਭ ਤੋਂ ਵੱਧ ਕਿਸਾਨੀ ਕਰਦੀ ਹੈ। ਕਿਸਾਨ ਪਹਿਲਾ ਹੀ ਕਰਜਾਈ ਹੋਇਆ ਖੁਦਕੁਸ਼ੀਆਂ ਦੇ ਰਸਤੇ ਤੇ ਹੈ। ਪਰ ਮੋਦੀ ਸਰਕਾਰ ਨੇ ਕਿਸਾਨ ਤੇ ਹੋਰ ਬੋਝ ਪਾ ਦਿੱਤਾ ਹੈ।
ਸਾਥੀਆਂ ਨੂੰ ਸੰਬੋਧਨ ਕਰਦਿਆਂ ਬਲਰਾਜ ਸਿੰਘ ਗੁਰੂਸਰ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਐਮ.ਐਸ.ਪੀ. ਰੇਟ ਨੂੰ ਖਤਮ ਕਰਨ ਦਾ ਆਰਡੀਨੈਂਸ ਪਾਸ ਕਰਕੇ ਕਿਸਾਨੀ ਨੂੰ ਖਤਮ ਕਰਨ ਦਾ ਮਾਰੂ ਹਥਿਆਰ ਤਿਆਰ ਕੀਤਾ ਹੈ। ਮਿਥੇ ਰੇਟ ਖਤਮ ਕਰਨ ਨਾਲ ਕਿਸਾਨ ਆੜਤੀਆ, ਮੰਡੀ ਲੇਬਰ ਅਤੇ ਮਾਰਕਿਟ ਕਮੇਟੀਆਂ ਦੇ ਸਾਰੇ ਕਰਮਚਾਰੀਆਂ ਦਾ ਰੁਜਗਾਰ ਖਤਮ ਹੋ ਜਾਵੇਗਾ।
ਉਹਨਾਂ ਕਿਹਾ ਕਿ ਪ੍ਰਾਇਵੇਟ ਫਾਇਨਾਂਸ ਕਮੇਟੀਆਂ ਵਲੋਂ ਔਰਤਾਂ ਨੂੰ ਕਿਸ਼ਤਾਂ ਦੇੇ ਕਰਜ ਦੇ ਜਾਲ ਵਿੱਚ ਫਸਾਇਆ ਜਾ ਰਿਹਾ ਹੈ। ਕੋਰੋਨਾ ਵਾਇਰਸ ਕਰਕੇ ਕਮਾਈ ਨਾ ਹੋਣ ਕਰਕੇ ਔਰਤਾਂ ਕਿਸ਼ਤਾਂ ਨਹੀਂ ਦੇ ਸਕਦੀਆਂ। ਫਾਇਨਾਂਸ ਕੰਪਨੀਆਂ ਜਬਰਦਸਤੀ ਕਰਜਦਾਰਾਂ ਦੇ ਘਰੋਂ ਸਮਾਨ ਚੁੱਕ ਰਹੀਆਂ ਹਨ।ਪੰਜਾਬ ਕਿਸਾਨ ਯੁੂਨੀਅਨ ਨੇ ਗਰੀਬ ਮਜਦੂਰ ਔਰਤਾਂ ਦੀ ਅਵਾਜ਼ ਉਠਾਉਣਾ ਸ਼ੁਰੂ ਕਰ ਦਿੱਤਾ ਹੈ। ਜੇਕਰ ਕੋਈ ਵੀ ਕੰਪਨੀ ਵਾਲਾ ਕਿਸੇ ਵੀ ਔਰਤ ਨੂੰ ਜਬਰੀ ਤੰਗ ਪ੍ਰੇਸ਼ਾਨ ਕਰਦਾ ਜੱਥੇਬੰਦੀ ਦੇ ਧਿਆਨ ਵਿੱਚ ਆਇਆ ਤਾਂ ਉਸ ਨਾਲ ਸਖਤੀ ਨਾਲ ਨਿਪਟੀਆ ਜਾਵੇਗਾ।
ਇਸ ਮੌਕੇ ਬਲਰਾਜ ਸਿੰਘ ਗੁਰੂਸਰ, ਸੁਖਮੰਦਰ ਸਿੰਘ ਢੈਪਈ, ਸੋਹਣ ਸਿੰਘ, ਹਰਨੇਕ ਸਿੰਘ ਢੈਪਈ, ਦਰਸ਼ਨ ਸਿੰਘ ਸੇਖੋਂ, ਦਰਸ਼ਨ ਸਿੰਘ ਬਰਾੜ ਬਹਿਬਲ ਕਲਾਂ, ਗੁਰਪ੍ਰੀਤ ਸਿੰਘ ਰੋਮਾਣਾ, ਸ਼ੇਰਾ ਸਿੰਘ ਗੁਰੂਸਰ, ਅਮਰਜੀਤ ਸਿੰਘ, ਅਰਸ਼ਦੀਪ ਸਿੰਘ ਬਿੱਲਾ ਸਿਵਿਆਂ, ਸੁਖਪਾਲ ਸ਼ਰਮਾ।
ਜੈਤੋ6 ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜਿਲਾ ਪ੍ਰਧਾਨ ਗੁਰਜੀਤ ਸਿੰਘ ਬਰਾੜ।