ਸੁਖਜਿੰਦਰ ਸਿੰਘ ਪੰਜਗਰਾਈਂ
- ਦਿੱਲੀ ਪੁਲਿਸ ਕੋਲੋਂ ਮੋਰਚਿਆਂ ਦੇ ਨੇੜੇ ਡੀ ਜੇ ਵਜਾਉਣਾ ਮੰਦਭਾਗਾ
- ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਸਮੱਰਥਨ ਮੁੱਲ ਵਾਲਾ ਕਾਨੂੰਨ ਬਣਾਉਣ ਤੱਕ ਸੰੰਘਰਸ਼ ਜਾਰੀ ਰਹੇਗਾ
ਸਿੰਘੂ -ਕੁੰਡਲੀ ਬਾਰਡਰ/ਪੰਜਗਰਾਈਂ ਕਲਾਂ, 7 ਫਰਵਰੀ 2021 - ਦਿੱਲੀ ਦੇ ਬਾਰਡਰਾਂ ਤੇ ਪਿੱਛਲੇ 75 ਦਿਨਾਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਜਿਥੇ ਦੇਸ਼ ਭਰ ਤੋਂ ਕਿਸਾਨਾਂ ਵੱਲੋਂ ਪਰਿਵਾਰਾਂ ਸਮੇਤ ਟਰੈਕਟਰ-ਟਰਾਲੀਆਂ ਤੇ ਹੋਰ ਸਾਧਨਾਂ ਰਾਹੀਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾ ਰਹੀ ਹੈ ਓਥੇ ਵਿਦੇਸ਼ੀ ਨਾਮਵਰ ਹਸਤੀਆਂ ਵੱਲੋਂ ਵੀ ਇਸ ਕਿਸਾਨ ਅੰਦੋਲਨ ਨੂੰ ਸਮੱਰਥਨ ਦਿੱਤਾ ਜਾ ਰਿਹਾ ਹੈ ਤੇ ਭਾਰਤ ਦੀ ਮੋਦੀ ਸਰਕਾਰ ਤੇ ਤਿੰਨੇ ਖੇਤੀ ਵਿਰੋਧੀ ਕਨੂੰਨਾਂ ਨੂੰ ਰੱਦ ਕਰਵਾਉਣ ਦਾ ਦਬਾਅ ਪਾਇਆ ਜਾ ਰਿਹਾ ਹੈ ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ,ਜਨਰਲ ਸਕੱਤਰ ਸਰਵਣ ਸਿੰਘ ਪੰਧੇਰ,ਸਵਿੰਦਰ ਸਿੰਘ ਚਤਾਲਾ ਨੇ ਸਟੇਜ ਤੋਂ ਸੰਬੋਧਨ ਕਰਦਿਆਂ ਕਿਹਾ ਕਿ 6 ਫਰਵਰੀ ਦੇ ਅੰਦੋਲਨ ਵਿਚ ਪੂਰੇ ਭਾਰਤ ਦੇ ਕਿਸਾਨਾਂ,ਮਜ਼ਦੂਰਾਂ ਨੇ ਸ਼ਮੂਲੀਅਤ ਪੱਖੋਂ ਨਵੀਆਂ ਬੁਲੰਦੀਆਂ ਨੂੰ ਛੂਹਿਆਂ ਹੈ। ਕੌਮਾਂਤਰੀ ਅਦਾਕਾਰਾ ਸੂਜ਼ਨ ਸੈਰੰਡਰ ਔਸਕਰ ਅਵਾਰਡੀ ਨੇ ਅੰਦੋਲਨ ਦੀ ਹਮਾਇਤ ਕੀਤੀ ਹੈ।
ਕੌਮਾਂਤਰੀ ਤੇ ਕੌਮੀ ਪੱਧਰ ਦਾ ਕੇਂਦਰ ਸਰਕਾਰ ਤੇ ਸਿਰੇ ਦਾ ਦਬਾਅ ਹੈ। ਲੋਕ ਤੰਤਰ ਦੀਆਂ ਸਾਰੀਆਂ ਕਦਰਾਂ ਕੀਮਤਾਂ ਸਿੱਕੇ ਤੇ ਟੰਗਕੇ ਮੋਦੀ ਸਰਕਾਰ ਕਨੂੰਨ ਰੱਦ ਨਾਂ ਕਰਨ ਲਈ ਬੇਜਿੱਦ ਖੜੀ ਹੈ। 200 ਤੋਂ ਵਧੇਰੇ ਕਿਸਾਨਾਂ ਮਜ਼ਦੂਰਾਂ ਦੀਆਂ ਸ਼ਹਾਦਤਾਂ ਹੋ ਚੁੱਕੀਆਂ ਹਨ ਪਰ ਕੇਂਦਰ ਸਰਕਾਰ ਮੋਰਚੇ ਦੇ ਬਿਲਕੁੱਲ ਨਜ਼ਦੀਕ ਡੀਜੇ ਵਜਾ ਕੇ ਖੁਸ਼ੀ ਜਤਾ ਰਹੀਂ ਹੈ ਜੋ ਅਤਿ ਮੰਦਭਾਗਾ ਹੈ। ਇਸ ਸਮੇਂ ਸੂਬਾਈ ਆਗੂ ਜਸਵੀਰ ਸਿੰਘ ਪਿੰਦੀ,ਸੁਖਵਿੰਦਰ ਸਿੰਘ ਸਭਰਾ ਨੇ ਕਿਹਾ ਕਿ ਸਰਕਾਰ ਗ੍ਰਿਫ਼ਤਾਰ ਕੀਤੇ ਕਿਸਾਨਾਂ ਮਜ਼ਦੂਰਾਂ ਨੂੰ ਜਲਦ ਰਿਹਾ ਕਰੇ ਤਾਂ ਹੀ ਕੋਈ ਕੇਂਦਰ ਸਰਕਾਰ ਨਾਲ ਗੱਲਬਾਤ ਹੋਵੇਗੀ।
ਆਗੂਆਂ ਨੇ ਦੱਸਿਆ ਕਿ ਗੁਰਦਾਸਪੁਰ ਜ਼ਿਲ੍ਹੇ ਦਾ ਸੱਤਵਾਂ ਜੱਥਾ 20 ਤਰੀਕ ਨੂੰ ਦਿੱਲੀ ਮੋਰਚੇ ਨੂੰ ਕੂਚ ਕਰੇਗਾ। ਮੋਰਚਾ ਖੇਤੀ ਕਾਨੂੰਨਾਂ ਦੇ ਰੱਦ ਹੋਣ ਅਤੇ ਸਮੁੱਚੀਆਂ ਫਸਲਾਂ ਦੀ ਖਰੀਦ ਐਮ.ਐਸ.ਪੀ ਦੀ ਦੇ ਗਰੰਟੀ ਵਾਲਾਂ ਕਾਨੂੰਨ ਬਣਾਉਣ ਤੱਕ ਜਾਰੀ ਰਹੇਗਾ। ਜਿਕਰਯੋਗ ਹੈ ਕਿ ਭਾਰੀ ਵਿਰੋਧ ਹੋਣ ਕਾਰਨ ਬੀਤੇ ਕੱਲ ਹਰਿਆਣਾ ਸਰਕਾਰ ਨੇ ਸਾਰੇ ਬਾਰਡਰਾਂ ਤੇ ਇੰਟਰਨੈੱਟ ਸੇਵਾਵਾਂ ਬਹਾਲ ਕਰ ਦਿੱਤੀਆਂ ਹਨ।