ਅਸ਼ੋਕ ਵਰਮਾ
ਬਠਿੰਡਾ, 29 ਮਾਰਚ 2020 - ਕੋਰੋਨਾ ਵਾਇਰਸ ਕਾਰਨ ਕੀਤੀ ਤਾਲਾਬੰਦੀ ਦੇ ਚੱਲਦਿਆਂ ਪਿੰਡਾਂ ਤੇ ਸ਼ਹਿਰਾਂ ’ਚ ਹਾਸ਼ੀਏ ’ਤੇ ਧੱਕੇ ਮਜਦੂਰ ਵਰਗ ਨੂੰ ਭੁੱਖਮਰੀ ਤੋਂ ਬਚਾਉਣ ਲਈ ਸਰਕਾਰੀ ਤੰਤਰ ਦੀ ਨਕਾਮੀ ਦੇ ਚੱਲਦਿਆਂ ਜਿਲੇ ’ਚ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਤੇ ਡੀ.ਟੀ.ਐਫ. ਜਿਲਾ ਕਮੇਟੀ ਬਠਿੰਡਾ ਸਮੇਤ ਕਈ ਸਮਾਜਿਕ ਤੇ ਸਮਾਜਸੇਵੀ ਸੰਸਥਾਵਾਂ ਅੱਗੇ ਆਈਆਂ ਹਨ। ਕਿਸਾਨ ਆਗੂ ਸ਼ਿੰਗਾਰਾ ਸਿੰਘ ਮਾਨ, ਅਧਿਆਪਕ ਆਗੂ ਰੇਸ਼ਮ ਸਿੰਘ ਨੇ ਜਾਰੀ ਬਿਆਨ ਰਾਹੀਂ ਦੱਸਿਆ ਕਿ ਅੱਜ ਜਿਲੇ ਦੇ ਅੱਧੀ ਦਰਜਨ ਪਿੰਡਾਂ ’ਚ ਲੋੜਵੰਦ ਪਰਿਵਾਰਾਂ ਤੱਕ ਰਾਸ਼ਨ ਪਹੁੰਚਾਇਆ ਗਿਆ ਜਿਹੜਾ ਕਿ ਲੋਕਾਂ ਦੇ ਸਹਿਯੋਗ ਨਾਲ ਪਿੰਡਾਂ ’ਚੋਂ ਇੱਕਠਾ ਕੀਤਾ ਗਿਆ ਸੀ।
ਉਨਾਂ ਦੱਸਿਆ ਕਿ ਜਿਲੇ ਦੇ ਪਿੰਡ ਰਾਇਕੇ ਕਲਾਂ, ਝੁੰਬਾ, ਜੋਗੇਵਾਲਾ, ਰਾਇਕੇ ਖੁਰਦ, ਜੇਠੂ ਕੇ ਤੋਂ ਇਲਾਵਾ ਮੌੜ ਮੰਡੀ ਦੀਆਂ ਬਸਤੀਆਂ, ਬਠਿੰਡਾ ਸ਼ਹਿਰ ਦੀ ਬੈਂਕ ਕਲੋਨੀ, ਹਜੂਰਾ ਕਪੂਰਾ ਕਲੋਨੀ, ਸੰਗੂਆਣਾ ਬਸਤੀ ’ਚ ਦੁੱਧ ਤੇ ਰਾਸ਼ਨ ਪਹੰੁਚਾਇਆ ਗਿਆ ਜਦੋਂ ਕਿ ਕਿ ਕਈ ਹੋਰ ਪਿੰਡਾਂ ’ਚੋਂ ਰਾਸ਼ਨ ਇੱਕਠਾ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਨੌਜਵਾਨ ਭਾਰਤ ਸਭਾ ਦੇ ਆਗੂ ਅਸ਼ਵਨੀ ਕੁਮਾਰ ਘੁੱਦਾ ਨੇ ਦੱਸਿਆ ਕਿ ਪਿੰਡ ਘੁੱਦਾ ’ਚ ਪਿੰਡ ਕੰਮ ਕਰਦੀਆਂ ਜੱਥੇਬੰਦੀਆਂ, ਗਰਾਮ ਪੰਚਾਇਤ, ਸਮਾਜਿਕ ਤੇ ਧਾਰਮਿਕ ਜੱਥੇਬੰਦੀਆਂ ’ਤੇ ਅਧਾਰਿਤ ਕਮੇਟੀ ਦਾ ਗਠਨ ਕਰਕੇ ਪਿੰਡ ’ਚ ਕਿਸੇ ਵੀ ਲੋੜਵੰਦ ਨੂੰ ਭੁੱਖਾ ਨਾ ਰਹਿਣ ਦਾ ਐਲਾਨ ਕੀਤਾ ਗਿਆ।
ਉਨਾਂ ਦੱਸਿਆ ਕਿ ਇਨਾਂ ਸੰਸਥਾਵਾਂ ’ਚ ਨੌਜਵਾਨ ਭਾਰਤ ਸਭਾ,ਬੀ.ਕੇ.ਯੂ.ਏਕਤਾ ਉਗਰਾਹਾਂ,ਮੈਡੀਕਲ ਪ੍ਰੈਕਟੀਸ਼ਨਰ ਐਸ਼ੋਸੀਏਸ਼ਨ,ਬਾਬਾ ਬਲੀਆ ਵੈਲਫੇਅਰ ਕਲੱਬ, ਗੁਰਦੁਆਰਾ ਕਰਨਸਰ ਸਾਹਿਬ ਤੇ ਗੁਰਦੁਆਰਾ ਕਲਿਆਣਸਰ, ਜਵਾਲਾ ਜੀ ਮੰਦਰ,ਕਾਲੀ ਮਾਤਾ ਮੰਦਰ, ਡੇਰਾ ਪ੍ਰੇਮੀ ਤੇ ਗਰਾਮ ਪੰਚਾਇਤ ਘੁੱਦਾ ਸ਼ਾਮਲ ਹੈ। ਇੱਕੇ ਪਾਸੇ ਜਿੱਥੇ ਵੱਖ ਵੱਖ ਜੱਥੇਬੰਦੀਆਂ ਤੇ ਸੰਸਥਾਵਾਂ ਆਪਣਾ ਫਰਜ ਨਿਭਾਉਣ ਲਈ ਅੱਗੇ ਆ ਰਹੇ ਹਨ,ਦੂਜੇ ਪਾਸੇ ਜਿਲਾ ਪ੍ਰਸ਼ਾਸ਼ਨ ਸ਼ਹਿਰ ਬਠਿੰਡਾ ’ਚ ਝੁੱਗੀਆਂ ਝੌਪੜੀਆਂ ਤੇ ਬਸਤੀਆਂ ’ਚ ਵੱਸਦੇ ਹਾਸ਼ੀਆ ਗ੍ਰਸਤ ਲੋਕਾਂ ਲਈ ਲੰਗਰ ਲਾਉਣ ਵਾਲੀਆਂ ਸਮਾਜਸੇਵੀ ਸੰਸਥਾਵਾਂ ਨੂੰ ਪ੍ਰਸ਼ਾਸਨ ਵੱਲੋਂ ਰੋਕੇ ਜਾਣ ਦੀ ਚਰਚਾ ਜਿਸ ਕਾਰਨ ਲੋਕਾਂ ਤੇ ਜੱਥੇਬੰਦੀਆਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਪ੍ਰਾਈਵੇਟ ਸਕੂਲਾਂ ਵੱਲੋਂ ਲੋਕਾਂ ਤੋਂ ਬੱਚਿਆਂ ਦੀਆਂ ਫੀਸਾਂ ਮੰਗਣ ਲਈ ਦਬਾਅ ਪਾਉਣ ਦਾ ਵਰਤਾਰਾ ਵੀ ਸਾਹਮਣੇ ਆ ਰਿਹਾ ਹੈ ਜੋ ਨਿੰਦਣਯੋਗ ਹੈ।
ਅਧਿਆਪਕ ਤੇ ਕਿਸਾਨ ਆਗੂਆਂ ਨੇ ਆਖਿਆ ਕਿ ਜਿਵੇਂ ਸਹਿਰ ਬਠਿੰਡਾ ’ਚ ਵੱਖ ਵੱਖ ਸੰਸਥਾਵਾਂ ਤੇ ਜੱਥੇਬੰਦੀਆਂ ਵੱਲੋਂ ਵੱਡੇ ਪੱਧਰ ’ਤੇ ਲੰਗਰ ਤਿਆਰ ਕਰਕੇ ਆਪ ਮੁਹਾਰੇ ਲੋੜਵੰਦ ਪਰਿਵਾਰਾਂ ਤੱਕ ਪੰਚਾਉਣ ਦੇ ਜੋਰਦਾਰ ਉਪਰਾਲੇ ਜੁਟਾਏ ਗਏ ਹਨ,ਉਹ ਸਮੂਹ ਲੋਕ ਸਾਬਾਸ਼ੇ ਦੇ ਹੱਕਦਾਰ ਹਨ। ਜੱਥੇਬੰਦੀਆਂ ਨੇ ਮੰਗ ਕੀਤੀ ਕਿ ਤਾਲਾਬੰਦੀ ਦੇ ਚੱਲਦਿਆਂ ਹਰੇਕ ਲੋੜਵੰਦ ਤੱਕ ਦੁੱਧ, ਰਾਸ਼ਨ,ਦਵਾਈਆਂ ਆਦਿ ਪੁਚਾਉਣਾ ਯਕੀਨੀ ਕੀਤਾ ਜਾਵੇ। ਕੋਰੋਨਾ ਤੋਂ ਪੀੜਤ ਲੋਕਾਂ ਦੀ ਭਾਲ,ਟੈਸਟ ਤੇ ਇਲਾਜ ਦੇ ਲਈ ਵਿਆਪਕ ਪੱਧਰ ’ਤੇ ਡਾਕਟਰਾਂ ਤੇ ਸਟਾਫ ਭਰਤੀ ਕੀਤਾ ਜਾਵੇ, ਲੋਕਾਂ ਨੂੂੰ ਬਚਾਓ ਲਈ ਸਾਵਧਾਨੀਆਂ ਤੋਂ ਜਾਗਰੂਕ ਕੀਤਾ ਜਾਵੇ ਅਤੇ ਸਿਹਤ ਸੇਵਾਵਾਂ ਦਾ ਨਿੱਜੀਕਰਨ ਬੰਦ ਕਰਕੇ ਸਾਰੇ ਪ੍ਰਾਈਵੇਟ ਹਸਪਤਾਲਾਂ ਤੇ ਲੈਬੋਰੇਟਰੀਆਂ ਨੂੰ ਸਰਕਾਰੀ ਹੱਥਾਂ ’ਚ ਲਿਆ ਜਾਵੇ।