ਸੁਖਜਿੰਦਰ ਸਿੰਘ ਪੰਜਗਰਾਈਂ
ਸਿੰਘੂ-ਕੁੰਡਲੀ ਬਾਰਡਰ,ਪੰਜਗਰਾਈਂ ਕਲਾਂ,6 ਫਰਵਰੀ 2021 - ਸਿੰਘੂ ਤੇ ਕੁੰਡਲੀ ਬਾਰਡਰ ਤੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋਂ ਭਾਵੇਂ ਕਿਸਾਨ ਆਗੂਆਂ ਵੱਲੋਂ ਲਗਾਤਾਰ ਏਕਤਾ ਹੋਣ ਦਾ ਰਾਗ ਅਲਾਪਿਆ ਜਾ ਰਿਹਾ ਹੈ ਪਰ ਅਸਲ ਵਿੱਚ ਕਿਸਾਨ ਆਗੂ ਅੰਦਰੋਂ ਅੰਦਰੀ ਖੱਖੜੀਆਂ ਕਰੇਲੇ ਹੋਏ ਪਏ ਜਾਪਦੇ ਹਨ। 26 ਜਨਵਰੀ ਦੇ ਟਰੈਕਟਰ ਮਾਰਚ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਨਾਂ ਤਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨੂੰ ਮੀਟਿੰਗ ਵਿੱਚ ਬੁਲਾਇਆ ਜਾ ਰਿਹਾ ਹੈ ਤੇ ਨਾਂ ਹੀ ਪ੍ਰੈੱਸ ਵਾਰਤਾ ਕਰਨ ਮੌਕੇ ਕੋਈ ਸੱਦਾ ਪੱਤਰ ਭੇਜਿਆ ਜਾ ਰਿਹਾ ਹੈ।
'ਰੋਜ਼ਾਨਾ ਪਹਿਰੇਦਾਰ' ਨੂੰ ਕਨਸੋਅ ਮਿਲੀ ਹੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਚਾਹੁੰਦੇ ਹਨ ਕੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਦਿੱਲੀ ਵੱਲ ਵਧਣ ਲਈ ਕੋਈ ਤਕੜਾ ਪ੍ਰੋਗਰਾਮ ਦੇਣ ਤੇ ਜਿਸ ਤੇ ਫੁੱਲ ਚੜਾਉਂਦਿਆਂ ਸੰਘਰਸ਼ ਕਮੇਟੀ ਦੇ ਆਗੂ ਮੂਹਰੇ ਹੋ ਕੇ ਚੱਲਣ । ਇਹ ਵੀ ਪਤਾ ਲੱਗਾ ਹੈ ਕੇ ਸੰਘਰਸ਼ ਕਮੇਟੀ ਦੇ ਆਗੂ ਖੁਦ ਤਕੜਾ ਪ੍ਰੋਗਰਾਮ ਤਾਂ ਨੀ ਦੇ ਰਹੇ ਕੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਉਹਨਾਂ ਨੂੰ ਭੰਡਣ ਦਾ ਕੋਈ ਹੋਰ ਰਾਹ ਨਾਂ ਲੱਭ ਲੈਣ। ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਅੱਜ ਕਿਸਾਨ ਆਗੂ ਹਰਪਾਲ ਸਿੰਘ ਸੰਘਾ ਤੇ ਸੁਰਜੀਤ ਸਿੰਘ ਫੂਲ ਨੂੰ ਸਸਪੈਂਡ ਕਰਨ ਵਾਲੀ ਕਾਰਵਾਈ ਨੂੰ ਲੈ ਕੇ ਵੀ ਅੱਜ ਦਿਨ ਭਰ ਸ਼ੋਸ਼ਲ ਮੀਡੀਆ ਤੇ ਕਈ ਤਰਾਂ ਦੀ ਚਰਚਾ ਹੁੰਦੀ ਰਹੀ ।
ਦੁਨੀਆਂ ਭਰ ਦੇ ਲੋਕਾਂ ਦੀਆਂ ਨਜਰਾਂ ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਤੇ ਟਿਕੀਆਂ ਹੋਈਆਂ ਹਨ,ਅਸਲ ਵਿੱਚ ਕਿਸਾਨੀ ਨਾਲ ਜੁੜੇ ਹੋਏ ਲੋਕ ਚਾਹੁੰਦੇ ਹਨ ਕੇ ਕਿਸਾਨ ਆਗੂ ਏਕੇ ਦੇ ਨਾਲ ਕੋਈ ਹੋਰ ਤਕੜਾ ਸੰਘਰਸ਼ ਐਲਾਨ ਕੇ ਦਿੱਲੀ ਵੱਲ ਵਧਣ ਤੇ ਜਲਦੀ ਕਨੂੰਨ ਰੱਦ ਕਰਵਾਉਣ ਵਾਲੀ ਜੰਗ ਜਿੱਤ ਕੇ ਘਰਾਂ ਨੂੰ ਵਾਪਸ ਪਰਤਣ।