ਆਈਸੋਲੇਸ਼ਨ ਵਾਰਡ ਵਿੱਚ ਹੁਣ ਤੱਕ ਹੋਇਆ 47 ਮਰੀਜ਼ਾਂ ਦਾ ਇਲਾਜ
42 ਮਰੀਜ਼ਾਂ ਦੀ ਰਿਪੋਰਟ ਨੈਗਟਿਵ ਆਉਣ ਤੋਂ ਬਾਅਦ ਠੀਕ ਕਰ ਭੇਜਿਆ ਗਿਆ ਘਰ
ਹਰੀਸ਼ ਕਾਲੜਾ
ਰੂਪਨਗਰ, 06 ਅਪ੍ਰੈਲ 2020 : ਕਿਸੀ ਵੀ ਸਥਿਤੀ ਨਾਲ ਨੱਜਿਠਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਪੂਰੀ ਤਰ੍ਹਾਂ ਨਾਲ ਮੂਸਤੇਦ ਹੈ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਜਿਲ੍ਹਾ ਹਸਪਤਾਲ ਰੋਪੜ ਵਿਖੇ 55 ਬੈਡ ਅਤੇ ਨੰਗਲ ਵਿਖੇ 36 ਬੈਡ ਦੇ ਆਈਸੋਲੇਸ਼ਨ ਵਾਰਡ ਤਿਆਰ ਰੱਖੇ ਗਏ ਹਨ।ਇਸ ਤਰ੍ਹਾਂ ਨਾਲ ਜ਼ਿਲ੍ਹੇ ਵਿੱਚ ਕੁੱਲ 91 ਬੈਡ ਦੇ ਆਈਸੋਲੇਸ਼ਨ ਵਾਰਡ ਤਿਆਰ ਕੀਤੇ ਗਏ ਹਨ, ਜਿਨ੍ਹਾਂ ਨੂੰ ਲੋੜ ਪੈਣ ਤੇ ਹੋਰ ਈਕੁਊਪਮੈਂਟਸ ਲਗਾ ਕੇ ਵਧਾਇਆ ਵੀ ਜਾ ਸਕਦਾ ਹੈ।ਇਹ ਜਾਣਕਾਰੀ ਦਿੰਦਿਆਂ ਡੀ.ਸੀ.ਰੂਪਨਗਰ ਸ਼੍ਰੀਮਤੀ ਸੋਨਾਲੀ ਗਿਰਿ ਨੇ ਦੱਸਿਆ ਕਿ ਆਈਸੋਲੇਸ਼ਨ ਵਾਰਡ ਵਿੱਚ ਹੁਣ ਤੱਕ 47 ਸ਼ੱਕੀ ਮਰੀਜ਼ਾਂ ਦਾ ਇਲਾਜ ਕੀਤਾ ਗਿਆ ਹੈ।ਜਿਨ੍ਹਾਂ ਦੇ ਵਿਚੋਂ 42 ਦੀ ਰਿਪੋਰਟ ਨੈਗਟਿਵ ਆਈ ਸੀ ,ਜ਼ਿਨ੍ਹਾਂ ਨੂੰ ਠੀਕ ਹੋਣ ਤੋਂ ਬਾਅਦ ਘਰ ਭੇਜਿਆ ਗਿਆ ਹੈ। 03 ਕੇਸਾਂ ਦੀ ਰਿਪੋਰਟ ਪੈਡਿੰਗ ਹੈ ਅਤੇ 02 ਪੋਜਟਿਵ ਹਨ, ਜਿਨ੍ਹਾਂ ਨੂੰ ਇਲਾਜ ਲਈ ਗਿਆਨ ਮੈਡੀਕਲ ਸੈਂਟਰ ਬਨੂੜ ਵਿਖੇ ਸ਼ਿਫਟ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਆਈਸੋਲੇਸ਼ਨ ਵਾਰਡਜ਼ ਵਿੱਚ ਖਾਣੇ ਤੋਂ ਲੈ ਕੇ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਆਈਸੋਲੇਸ਼ਨ ਵਾਰਡਜ਼ ਸਾਰੀਆਂ ਸਹੂਲਤਾਂ ਨਾਲ ਲੈਸ ਹਨ । ਇਨ੍ਹਾਂ ਆਈਸੋਲੇਸ਼ਨ ਵਾਰਡ ਵਿੱਚ ਉਨ੍ਹਾਂ ਮਰੀਜਾਂ ਨੂੰ ਰੱਖਿਆ ਜਾਂਦਾ ਹੈ ਜ਼ੋ ਸ਼ੱਕੀ ਜਾਂ ਪੋਜ਼ਟਿਵ ਕੇਸ ਹਨ। ਉਨ੍ਹਾਂ ਨੇ ਕਿਹਾ ਕਿ ਇਸ ਦੌਰਾਨ ਮਰੀਜ਼ਾਂ ਦੇ ਨਾਲ ਬਹੁਤ ਵਧੀਆ ਢੰਗ ਨਾਲ ਵਤੀਰਾ ਰੱਖਿਆ ਜਾਂਦਾ ਹੈ। ਇਸ ਤੋਂ ਇਲਾਵਾ ਮਰੀਜ਼ ਦੀ ਕੋਈ ਵੀ ਜ਼ਾਇਜ ਮੰਗ ਨੂੰ ਹਰ ਪੱਧਰ ਤੇ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਨ੍ਹਾਂ ਨੇ ਦੱਸਿਆ ਕਿ ਆਈਸੋਲੇਸ਼ਨ ਵਾਰਡਜ਼ ਵਿੱਚ ਦਾਖਲ ਹੋਏ ਮਰੀਜ਼ਾਂ ਨੇ ਵੀ ਗੱਲਬਾਤ ਦੌਰਾਨ ਦੱਸਿਆ ਹੈ ਕਿ ਉਨ੍ਹਾਂ ਨੂੰ ਪ੍ਰਸ਼ਾਸ਼ਨ ਵੱਲੋਂ ਹਰ ਸੰਭਵ ਸਹੂਲਤ ਮੁਹੱਈਆ ਕਰਵਾਈ ਜਾਂਦੀ ਹੈ।
ਜ਼ਿਲ੍ਹਾ ਹਸਪਤਾਲ ਰੂਪਨਗਰ ਦੇ ਆਈਸੋਲੇਸ਼ਨ ਵਾਰਡ ਵਿਚੋਂ ਨੈਗਟਿਵ ਰਿਪੋਰਟ ਆਉਣ ਤੇ ਠੀਕ ਹੋ ਕੇ ਡਿਸਚਾਰਜ ਹੋਣ ਵਾਲੇ ਇੱਕ ਮਰੀਜ਼ ਨੇ ਦੱਸਿਆ ਕਿ ਉਹ ਅਪ੍ਰੈਲ ਦੇ ਪਹਿਲੇ ਹਫਤੇ ਦੌਰਾਨ ਕਰੋਨਾ ਵਾਇਰਸ ਦੇ ਲੱਛਣ ਦੌਰਾਨ ਹਸਪਤਾਲ ਦਾਖਲ ਹੋਏ ਸਨ। ਉਨ੍ਹਾਂ ਦੱਸਿਆ ਕਿ ਇਲਾਜ ਦੌਰਾਨ ਸਾਰੇ ਸਟਾਫ ਅਤੇ ਡਾਕਟਰਾਂ ਦਾ ਵਤੀਰਾ ਉਨ੍ਹਾਂ ਪ੍ਰਤੀ ਬਹੁਤ ਹੀ ਵਧੀਆ ਰਿਹਾ । ਉਨ੍ਹਾਂ ਨੂੰ ਜਦੋਂ ਵੀ ਕਿਸੇ ਚੀਜ਼ ਦੀ ਜਰੂਰਤ ਪਈ ਖਾਣੇ ਤੋਂ ਲੈ ਕੇ ਹਰ ਚੀਜ਼ ਉਨ੍ਹਾਂ ਨੂੰ ਮੁਹੱਈਆ ਕਰਵਾਈ ਗਈ।ਉਨ੍ਹਾਂ ਨੇ ਵੀ ਆਮ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜਿਲ੍ਹਾਂ ਪ੍ਰਸ਼ਾਸ਼ਨ ਦਾ ਸਾਥ ਦਿੱਤਾ ਜਾਵੇ ਅਤੇ ਅਹਿਤਿਆਤ ਦੇ ਤੌਰ ਤੇ ਘਰਾਂ ਵਿੱਚ ਹੀ ਰਹਿਣ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਜੇਕਰ ਕਿਸੇ ਵਿੱਚ ਕਰੋਨਾ ਵਾਇਰਸ ਸਬੰਧੀ ਕੋਈ ਲੱਛਣ ਮਹਿਸੂਸ ਹੁੰਦਾ ਹੈ ਤਾਂ ਉਹ ਸਿਹਤ ਕੇਂਦਰ ਨਾਲ ਜਰੂਰ ਸੰਪਰਕ ਕਰਨ। ਸਿਹਤ ਵਿਭਾਗ ਵੱਲੋਂ ਬਣਾਏ ਆਈਸੋਲੇਸ਼ਨ ਵਾਰਡ ਵਿੱਚ ਮਰੀਜ਼ ਦਾ ਹਰ ਤਰ੍ਹਾ ਨਾਲ ਖਿਆਲ ਰੱਖਿਆ ਜਾਂਦਾ ਹੈ ਅਤੇ ਹਸਪਤਾਲ ਵਿੱਚ ਮਰੀਜ਼ਾਂ ਦੀ ਲੈਬੋਟਰੀ ਟੈਸਟ ਲਈ ਸੈਂਪਲ ਲੈਣ ਸਬੰਧੀ ਹਰ ਸਹੂਲਤ ਮੌਜੂਦ ਹੈ।
ਸਿਵਲ ਸਰਜਨ ਡਾਕਟਰ ਐਚ.ਐਨ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 530 ਦੇ ਕਰੀਬ ਡਾਕਟਰ, ਪੈਰਾਮੈਡੀਕਲ ਸਟਾਫ ਅਤੇ ਸਫਾਈ ਸੇਵਕ ਸੇਵਾ ਨਿਭਾਅ ਰਹੇ ਹਨ। ਉਨ੍ਹਾਂ ਨੇ ਸਫਾਈ ਸੇਵਕਾਂ , ਸਮੂਹ ਪੈਰਾਮੈਡੀਕਲ ਸਟਾਫ ਅਤੇ ਡਾਕਟਰਾਂ ਸਾਹਿਬਾਨ ਦੀ ਪ੍ਰਸ਼ੰਸ਼ਾ ਕਰਦਿਆ ਹੋਇਆ ਕਿਹਾ ਕਿ ਆਪਣੀ ਜਾਨ ਜ਼ੋਖਿਮ ਵਿੱਚ ਰੱਖ ਕੇ ਆਈਸੋਲੇਸ਼ਨ ਵਾਰਡ ਦੀ ਸਫਾਈ ਤੋਂ ਲੈ ਕੇ ਹਰ ਤਰ੍ਹਾਂ ਦਾ ਕੰਮ ਜ਼ੋ ਵਿਭਾਗ ਵੱਲੋਂ ਇਨ੍ਹਾਂ ਨੂੰ ਸੌਪਿਆ ਜਾ ਰਿਹਾ ਹੈ ਉਸਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਜਾਂਦਾ ਹੈ।