ਅਸ਼ਵਨੀ ਸ਼ਰਮਾ
- ਕਿਹਾ, ਗੁੱਜਰ ਭਾਈਚਾਰੇ ਨੂੰ ਬਿਨਾਂ ਵਜਾ ਤੰਗ ਪ੍ਰੇਸ਼ਾਨ ਕਰਨ 'ਤੇ ਕੀਤੀ ਜਾਵੇਗੀ ਸਖਤ ਕਾਰਵਾਈ
- ਦੁੱਧ ਅਤੇ ਦੁੱਧ ਪਦਾਰਥਾਂ ਦੀ ਸਪਲਾਈ ਨਿਰਵਿਘਨ ਚਾਲੂ ਰਹੇਗੀ
ਗੜ੍ਹਸ਼ੰਕਰ, 09 ਅਪ੍ਰੈਲ 2020 - ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਕਿਸੇ ਵੀ ਫਿਰਕੇ ਨਾਲ ਭੇਦਭਾਵ ਕਰਨਾ ਪੰਜਾਬ ਅਤੇ ਪੰਜਾਬੀਆਂ ਦਾ ਵਿਰਸਾ ਨਹੀਂ ਹੈ, ਇਸ ਲਈ ਕਿਸੇ ਵੀ ਭਾਈਚਾਰੇ ਜਾਂ ਸਮਾਜ ਨਾਲ ਕਿਸੇ ਵੀ ਤਰਾਂ ਦਾ ਭੇਦਭਾਵ ਨਾ ਕੀਤਾ ਜਾਵੇ। ਉਨਾਂ ਕਿਹਾ ਕਿ ਭਾਰੀ ਗਿਣਤੀ ਵਿੱਚ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਹਨ ਕਿ ਕਈ ਵਿਅਕਤੀਆਂ ਵਲੋਂ ਗੁੱਜਰ ਭਾਈਚਾਰੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਸਖਤ ਹਦਾਇਤ ਕਰਦਿਆਂ ਕਿਹਾ ਕਿ ਬਿਨਾਂ ਵਜਾ ਕਿਸੇ ਭਾਈਚਾਰੇ ਨੂੰ ਤੰਗ ਪ੍ਰੇਸ਼ਾਨ ਕਰਨ 'ਤੇ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ਵਿੱਚ ਆਪਸੀ ਭਾਈਚਾਰਕ ਸਾਂਝ ਬਹੁਤ ਜ਼ਰੂਰੀ ਹੈ, ਕਿਉਂਕਿ ਇਕਜੁੱਟਤਾ ਨਾਲ ਹੀ ਕੋਰੋਨਾ ਖਿਲਾਫ਼ ਜੰਗ ਜਿੱਤੀ ਜਾ ਸਕਦੀ ਹੈ।
ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਕਰਫਿਊ ਦੌਰਾਨ ਦੁੱਧ ਦੀ ਖਰੀਦ ਅਤੇ ਦੁੱਧ ਪਦਾਰਥਾਂ ਦੀ ਸਪਲਾਈ ਨਿਰਵਿਘਨ ਚਾਲੂ ਰਹੇਗੀ। ਉਨਾਂ ਕਿਹਾ ਕਿ ਦੁੱਧ ਉਤਪਾਦਕਾਂ ਨੂੰ ਸਪਲਾਈ ਚਾਲੂ ਰੱਖਣ ਲਈ ਕਰਫਿਊ ਤੋਂ ਛੋਟ ਦਿੱਤੀ ਗਈ ਹੈ, ਤਾਂ ਜੋ ਦੁੱਧ ਉਤਪਾਦਕਾਂ ਨੂੰ ਦੁੱਧ ਦੀ ਮੰਡੀਕਰਨ ਵਿੱਚ ਕੋਈ ਮੁਸ਼ਕਲ ਨਾ ਆਵੇ। ਉਨਾਂ ਕਿਹਾ ਕਿ ਉਨਾਂ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਸਭਾਵਾਂ ਵਲੋਂ ਇਕ ਵਿਸ਼ੇਸ਼ ਫਿਰਕੇ ਨਾਲ ਸਬੰਧਤ ਰੈਗੂਲਰ ਦੁੱਧ ਉਤਪਾਦਕਾਂ ਦਾ ਦੁੱਧ ਲੈਣ ਤੋਂ ਮਨਾ ਕੀਤਾ ਜਾ ਰਿਹਾ ਹੈ, ਜੋ ਕਿ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਮਿਲਕ ਯੂਨੀਅਨ ਨਾਲ ਜੁੜੇ ਹੋਏ ਰੈਗੂਲਰ ਦੁੱਧ ਉਤਪਾਦਕਾਂ ਦਾ ਦੁੱਧ ਬਿਨਾਂ ਕਿਸੇ ਭੇਦਭਾਵ ਦੇ ਲੈਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਉਕਤ ਮਾਮਲਾ ਸਾਹਮਣੇ ਆਉਣ 'ਤੇ ਸਬੰਧਤ ਸਭਾ ਖਿਲਾਫ਼ ਸਖਤ ਕਾਰਵਾਈ ਆਰੰਭੀ ਜਾਵੇਗੀ।