ਗੁਰਨਾਮ ਸਿੱਧੂ
- ਕਰਫ਼ਿਊ ਦੌਰਾਨ ਲੋਕਾਂ ਵਲੋਂ ਕੀਤੀ ਜਾਂਦੀ ਉਲੰਘਣਾ 'ਤੇ ਪੁਲਿਸ ਨੇ ਚੁੱਕਿਆ ਡੰਡਾ
ਫਿਰੋਜ਼ਪੁਰ, 26 ਮਾਰਚ 2020 - ਕੋਰੋਨਾ ਵਾਇਰਸ ਦੇ ਕਾਰਨ ਤਾਲਾਬੰਦੀ ਦੇ ਐਲਾਨ ਕਰਨ ਤੋਂ ਬਾਅਦ ਵੀ ਜਦੋਂ ਲੋਕਾਂ ਨੇ ਘਰਾਂ ਤੋਂ ਬਾਹਰ ਨਿਕਲਣਾ ਨਾ ਛੱਡਿਆ ਤਾਂ ਪੰਜਾਬ ਸਰਕਾਰ ਨੂੰ ਕਰਫ਼ਿਊ ਲਗਾਉਣਾ ਪਿਆ ਹੈ ਪਰ ਅਜਿਹੇ ਵਿਚ ਵੀ ਲੋਕ ਘਰਾਂ ਤੋਂ ਬਾਹਰ ਅਉਣਾ ਨਹੀਂ ਰੁਕੇ ਤਾਂ ਪੰਜਾਬ ਪੁਲਸ ਆਪਣੇ ਪੁਰਾਣੇ ਰੌਅ ਵਿਚ ਆ ਗਈ ਅਤੇ ਡੰਡੇ ਦਾ ਪ੍ਰਯੋਗ ਸ਼ੁਰੂ ਕਰ ਦਿੱਤਾ ਗਿਆ ਹੈ। ਜਿਸ ਦੀਆਂ ਢੇਰਾਂ ਵੀਡੀਓ ਸੋਸ਼ਲ ਮੀਡੀਆ 'ਤੇ ਘੁੰਮ ਰਹੀਆਂ ਹਨ।
ਕਨੂੰਨ ਮੁਤਾਬਕ ਕਰਫ਼ਿਊ ਦੌਰਾਨ ਕੋਈ ਵਿਅਕਤੀ ਘਰ ਤੋਂ ਬਾਹਰ ਨਹੀਂ ਨਿਕਲ ਸਕਦਾ। ਅਗਰ ਕੋਈ ਕਨੂੰਨ ਦੀ ਉਲੰਘਣਾ ਕਰਦਾ ਹੈ ਤਾਂ ਪੰਜਾਬ ਸਰਕਾਰ ਵੱਲੋਂ ਉਸ ਨੂੰ ਇੱਕ ਸਾਲ ਦੀ ਸਜ਼ਾ ਨਿਰਧਾਰਿਤ ਕੀਤੀ ਗਈ ਹੈ। ਬਿਨਾ ਸ਼ੱਕ ਇਸ ਔਖੀ ਘੜੀ ਵਿਚ ਸਭ ਦਾ ਫਰਜ਼ ਬਣਦਾ ਹੈ ਕਿ ਇਸ ਨਾਮੁਰਾਦ ਬਿਮਾਰੀ ਨਾਲ ਲੜਨ ਦਾ ਇੱਕੋ ਇੱਕ ਹੱਲ ਹੈ ਕਿ ਅਸੀਂ ਆਪਣੇ ਘਰਾਂ ਵਿੱਚ ਹੀ ਰਹੀਏ ਤਾਂ ਜੋ ਵਾਇਰਸ ਅੱਗੇ ਫੈਲਣ ਤੋਂ ਰੁਕ ਸਕੇ।
ਪਿਛਲੇ ਤਿੰਨ ਦਿਨ ਤੋਂ ਪੁਲਸ ਵਲੋੰ ਕਰਫ਼ਿਊ 'ਚ ਕਨੂੰਨ ਤੋੜਨ ਵਾਲਿਆਂ ਦੀ ਕੀਤੀ ਜਾ ਰਹੀ ਛਿੱਤਰ ਪਰੇਡ, ਕੰਨ ਫੜਾ ਕੇ ਦੰਡ ਬੈਠਕਾਂ ਕਢਵਾਉਣੀਆਂ, ਸੜਕ 'ਤੇ ਰੋਲ ਲਗਵਾਉਣੇ ਜਾਂ ਡੰਡਿਆਂ ਨਾਲ ਸ਼ਰੇਆਮ ਕੁੱਟਿਆ ਜਾਣਾ ਕਿਥੋਂ ਕੁ ਤੱਕ ਜਾਇਜ਼ ਹੈ ? ਇਹ ਵਿਚਾਰਨ ਵਾਲੀ ਗੱਲ ਹੈ। ਸਿਤਮ ਜ਼ਰੀਫੀ ਇਹ ਵੀ ਹੈ ਕਿ ਪੁਲਿਸ ਦੇ ਜੁਆਨਾ ਵਲੋਂ ਖੁਦ ਹੀ ਕੁੱਟਦਿਆਂ ਦੀਆਂ ਵੀਡੀਓਜ਼ ਬਣਾ ਕੇ ਸੋਸ਼ਲ ਮੀਡੀਆ 'ਤੇ ਚਾੜ੍ਹੀਆਂ ਜਾ ਰਹੀਆਂ ਹਨ। ਦੋ ਦਿਨ ਤੱਕ ਤਾਂ ਸੋਸ਼ਲ ਮੀਡੀਆ 'ਤੇ ਵੀ ਪੁਲਸ ਦੀ ਇਸ ਕਾਰਵਾਈ ਦੀ ਖੂਬ ਵਾਹ ਵਾਹ ਹੋਈ। ਕਿਸੇ ਨੇ ਲਿਖਿਆ ਕਿ "ਇਹ ਲਾਤੋਂ ਕੇ ਭੂਤ ਹੈਂ, ਬਾਤੋਂ ਸੇ ਨਹੀਂ ਮਾਨੇਗੇ"।ਕਿਸੇ ਲਿਖਿਆ ਕਿ ਪੁਲਿਸ ਪਲਸ ਫਾਰਮ ਵਿਚ ਆਈ- ਜ਼ਿੰਦਾਬਾਦ" । ਕਿਸੇ ਨੇ ਸਟੇਟਸ ਪਾਇਆ ਕੇ " ਲੋਕਾਂ ਨੂੰ ਘਰਾਂ ਅੰਦਰ ਰੱਖਣ ਲਈ ਪੁਲਸੀਆ ਡੰਡਾ ਜ਼ਰੂਰੀ ਹੈ" ਆਦਿ ਆਦਿ।
ਪਰ ਬੀਤੇ ਕੱਲ੍ਹ ਤੋਂ ਪੰਜਾਬ ਪੁਲਸ ਦੇ ਇਸ ਤਰ੍ਹਾਂ ਰਵਈਏ ਦਾ ਵਿਰੋਧ ਵੀ ਹੋਣਾ ਸ਼ੁਰੂ ਹੋ ਗਿਆ ਹੈ। ਜਿਸ ਦਾ ਸਬੂਤ ਇੱਕ ਵੀਡੀਓ ਦਾ ਸੋਸ਼ਲ ਮੀਡੀਆ 'ਤੇ ਘੁੰਮਣਾ ਹੈ, ਜਿਸ ਵਿਚ ਪੁਲਿਸ ਨੂੰ ਇੱਕ ਪਿੰਡ ਵਿਚੋਂ ਇੱਟਾਂ ਮਾਰ ਮਾਰ ਕੇ ਭਜਾਇਆ ਜਾ ਰਿਹਾ ਹੈ। ਇਹ ਵੀਡੀਓ ਮਲੋਟ ਲਾਗਲੇ ਪਿੰਡ ਖੁਬਣ ਅਤੇ ਸੀਤੋ ਗੁੰਨੋ ਦੀ ਪੁਲਸ ਵਿਚਕਾਰ ਹੋਈ ਝੜਪ ਦੀ ਦੱਸੀ ਜਾ ਰਹੀ ਹੈ। । ਸੂਤਰਾਂ ਮੁਤਾਬਕ ਕ੍ਰਿਕਟ ਖੇਡ ਰਹੇ ਮੁੰਡਿਆਂ ਦੇ ਘਰਾਂ ਵਿੱਚ ਵੜ ਕੇ ਪੁਲਸ ਕੁੱਟ ਰਹੀ ਸੀ ਜਿਸ ਦਾ ਪਿੰਡ ਵਾਲਿਆਂ ਨੇ ਮੋੜਵਾਂ ਜੁਆਬ ਦੇਣਾ ਸ਼ੁਰੂ ਕਰ ਦਿੱਤਾ।
ਇਕ ਵੀਡੀਓ ਵਿਚ ਕੁੜੀਆਂ ਕੋਲੋਂ ਕੰਨ ਫੜਾ ਕੇ ਦੰਡ ਬੈਠਕਾਂ ਮਰਵਾਈਆਂ ਜਾ ਰਹੀਆਂ ਹਨ ਅਤੇ ਨਾਲ ਦੀ ਨਾਲ ਬਾਹਰ ਨਾ ਨਿਕਲਣ ਦੀ ਨਸੀਹਤ ਦਿਤੀ ਜਾ ਰਹੀ ਹੈ।
ਬਹੁਤ ਸਾਰੀਆਂ ਅਜਿਹੀਆਂ ਵੀਡੀਓ ਵੀ ਘੁੰਮ ਰਹੀਆਂ ਹਨ ਜਿਸ ਵਿਚ ਬਜ਼ੁਰਗਾਂ ਨੂੰ ਡੰਡਿਆਂ ਨਾਲ ਭਜਾਇਆ ਜਾ ਰਿਹਾ ਹੈ। ਕੁਝ ਵੀਡੀਓ ਅਜਿਹੀਆਂ ਵੀ ਹਨ ਜਿਸ ਵਿੱਚ ਖੂਬ ਗਾਹਲਾਂ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ।
ਹੈਰਾਨੀ ਇਹ ਹੈ ਕਿ ਸੋਚਣ ਦੀ ਬਜਾਏ ਲੋਕ ਸੋਸ਼ਲ ਮੀਡੀਆ ਤੇ ਤਰ੍ਹਾਂ ਤਰ੍ਹਾਂ ਦੇ ਵਿਅੰਗ ਕੱਸ ਰਹੇ ਹਨ। ਪਰ ਬੀਤੇ ਕੱਲ੍ਹ ਇਸ ਕੁੱਟ ਮਾਰ ਦਾ ਸੋਸ਼ਲ ਮੀਡੀਆ 'ਤੇ ਵੀ ਵਿਰੋਧ ਸ਼ੁਰੂ ਹੋ ਗਿਆ ਹੈ। ਇਸ ਸਬੰਦੀ ਕੁਝ ਫੇਸਬੁੱਕੀਆਂ ਨੇ ਵੀ ਲਿਖਣਾ ਸ਼ੁਰੂ ਕਰ ਦਿੱਤਾ ਹੈ ਕਿ ਇਸ ਤਰ੍ਹਾਂ ਬੇ ਰਹਿਮੀ ਨਾਲ ਕੁੱਟਣਾ ਪੁਲਸ ਲਈ ਚੰਗੀ ਗੱਲ ਨਹੀਂ।
ਬਾਬੂਸ਼ਾਹੀ ਦੀ ਟੀਮ ਨੇ ਜਦੋਂ ਇਸ ਸਬੰਧੀ ਕੁਝ ਸੂਝਵਾਨ ਲੋਕਾਂ ਨਾਲ ਗੱਲ ਕੀਤੀ ਤਾਂ ਉਹਨਾਂ ਵਿਚੋਂ ਸਟੇਟ ਐਵਾਰਡੀ ਗੁਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਪੁਲਸ ਦਾ ਇਹ ਰਵਈਏ ਚੰਗਾ ਨਹੀਂ ਹੈ, ਲੋਕਾਂ ਨੂੰ ਕਨੂੰਨ ਵਿਚ ਢਾਲਣ ਦੇ ਹੋਰ ਵੀ ਤਰੀਕੇ ਹੋ ਸਕਦੇ ਹਨ, ਉਹਨਾਂ ਕਿਹਾ ਕਿ ਲੋਕਾਂ ਨੂੰ ਇੱਕ ਦਮ ਘਰਾਂ ਵਿਚ ਰਹਿਣਾ ਪੈ ਗਿਆ ਹੈ, ਜਿਸ ਦੀ ਇਹਨਾ ਨੂੰ ਆਦਤ ਨਹੀਂ ਸੀ , ਪਰ ਪੁਲਸ ਸਮਝਾਵੇ ਜ਼ਰੂਰ, ਕੁੱਟੇ ਨਾ ",। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅੰਗਰੇਜ਼ ਸਿੰਘ ਨੇ ਕਿਹਾ ਕਿ ਕੋਈ ਮਜ਼ਬੂਰੀ ਵੱਸ ਵੀ ਘਰੋਂ ਨਿਕਲਿਆ ਹੋ ਸਕਦਾ ਹੈ ਜਿਸ ਕੋਲ ਸਰਕਾਰੀ ਪਾਸ ਲੈਣ ਦੀ ਹੈਸੀਅਤ ਨਹੀਂ ਹੈ, ਤੇ ਵੀ ਪੁਲਸ ਦਾ ਡੰਡਾ ਮਾੜੇ ਦਿਨਾਂ ਦੀ ਨਿਸ਼ਾਨੀ ਹੈ। ਸੋਸ਼ਲ ਮੀਡੀਆ ਤੇ ਐਕਟਿਵ ਸੁਰਖਾਬ ਸਿੰਘ ਨੇ ਆਖਿਆ ਕਿ ਪੰਜਾਬ ਪੁਲਸ ਭਾਰੀ ਜ਼ੁਰਮਾਨਾ ਵੀ ਲਗਾ ਸਕਦੀ ਹੈ ਪਰ ਕੁੱਟਣਾ ਕਿਤੇ ਵੀ ਨਹੀਂ ਲਿਖਿਆ। ਉੱਘੇ ਵਕੀਲ ਗੁਰਸਾਬ ਸਿੰਘ ਮੱਲ ਨੇ ਕਿਹਾ ਕਿ ਅਗਰ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਸ਼ਕਾਇਤ ਹੋ ਗਈ ਤਾਂ ਮੁਲਾਜ਼ਮਾਂ ਨੂੰ ਸਜ਼ਾ ਹੋ ਸਕਦੀ ਹੈ। ਵਕੀਲ ਮੁਤਾਬਕ ਸਾਡੇ ਸਵਿਧਾਨ ਵਿਚ ਕੁੱਟਣਾ ਤਾਂ ਸ਼ਬਦ ਹੀ ਨਹੀਂ ਪਾਇਆ ਗਿਆ। ਉਹਨਾਂ ਕਿਹਾ ਕਿੱਡੀ ਵੀ ਵੱਡੀ ਗਲਤੀ ਹੋਵੇ ਅਸੀਂ ਕਿਸੇ ਨੂੰ ਕੁੱਟ ਨਹੀਂ ਸਕਦੇ ਅਤੇ ਕੁੱਟਦਿਆਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਪਾਉਣਾ ਤਾਂ ਹਰਗਿਜ਼ ਨਹੀਂ ਨਹੀਂ ਹੈ।
ਬਿਨਾ ਸ਼ੱਕ ਪੁਲਸ ਵਲੋਂ ਇਸ ਕੋਰੋਨਾ ਵਾਇਰਸ ਦੇ ਕਾਰਨ ਲੱਗੇ ਇਸ ਕਰਫਿਊ ਵਿਚ ਕੀਤੇ ਜਾ ਰਹੇ ਸਮਾਜਿਕ ਕਾਰਜਾਂ ਦੀ ਸ਼ਲਾਘਾ ਹੋ ਰਹੀ ਹੈ ਪਰ ਸੋਸ਼ਲ ਮੀਡੀਆ 'ਤੇ ਘੁੰਮ ਰਹੀਆਂ ਕੁੱਟ ਮਾਰ ਦੀਆਂ ਵੀਡੀਓਜ਼ ਨੇ ਪੁਲਸ ਦੀ ਕਾਰਗੁਜ਼ਾਰੀ 'ਤੇ ਸੁਆਲ ਵੀ ਖੜੇ ਕਰ ਦਿੱਤੇ ਹਨ। ਅਗਰ ਇਹ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਪੰਜਾਬ ਪੁਲਸ ਨੂੰ ਭਾਰੀ ਵਿਰੋਧ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।