ਅਸ਼ੋਕ ਵਰਮਾ
- ਮਾਰਚ ਤੋਂ ਮਈ ਮਹੀਨੇ ਤੱਕ ਦੀ ਤਨਖਾਹ ਅਡਵਾਂਸ ਦੇਣ ਦੀ ਮੰਗ
ਬਠਿੰਡਾ, 19 ਅਪ੍ਰੈਲ 2020 - ਮਿੱਡ ਡੇ ਮੀਲ ਕੁੱਕ ਤਿਆਰ ਕਰਨ ਵਾਲੀਆਂ ਕੁੱਕ ਬੀਬੀਆਂ ਨੇ ਮਾਰਚ ਮਹੀਨੇ ਦੀ ਤਨਖਾਹ ਕੱਟਣ ਦੇ ਵਿਰੋਧ ’ਚ ਭਾਂਡੇ ਖੜਕਾਏ ਅਤੇ ਸਰਕਾਰ ਤੋਂ ਮਾਰਚ ਤੋਂ ਮਈ ਮਹੀਨੇ ਦੀ ਤਨਖਾਹ ਐਡਵਾਂਸ ਦੇਣ ਦੀ ਮੰਗ ਕੀਤੀ। ਕੁੱਕ ਬੀਬੀਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਤਾਲਬੰਦੀ ਦੌਰਾਨ ਲੋਕਾਂ ਨੂੰ ਵੱਡੀ ਰਾਹਤ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਪਰ ਪਹਿਲੀ ਤੋਂ ਅੱਠਵੀਂ ਕਲਾਸ ਤੱਕ ਦੇ ਬੱਚਿਆਂ ਲਈ ਸਕੂਲਾਂ ਵਿੱਚ ਦਾ ਦੁਪਹਿਰ ਦਾ ਖਾਣਾ ਪਰੋਸ਼ਣ ਵਾਲੀਆਂ ਮਿਡ-ਡੇ-ਮੀਲ ਕੁੱਕ ਬੀਬੀਆਂ ਨੂੰ ਮਾਰਚ ਮਹੀਨੇ ਵਿੱਚ ਕੰਮ ਕਰਵਾਉਣ ਤੋਂ ਬਾਅਦ ਵੀ ਸਰਕਾਰ ਨੇ ਤਨਖਾਹ ਦੇਣ ਤੋਂ ਪਾਸਾ ਵੱਟ ਲਿਆ ਹੈ।
ਇਸ ਨਾਲ ਕੋਰੋਨਾ ਵਾਇਰਸ ਕਰਕੇ ਲਗਾਏ ਕਰਫ਼ਿਊ ਵਿੱਚ ਇਸ ਤਨਖਾਹ ਤੇ ਹੀ ਗੁਜ਼ਾਰਾ ਕਰਨ ਵਾਲੀਆਂ ਮਿਡ-ਡੇ-ਮੀਲ ਕੁੱਕ ਨੂੰ ਸਰਕਾਰ ਨੇ ਮੰਦਹਾਲੀ ਵੱਲ ਧੱਕ ਦਿੱਤਾ ਹੈ। ਇਸ ਦੇ ਰੋਸ਼ ਵਜੋਂ ਬਠਿੰਡਾ ਦੇ ਪਿੰਡ ਸੌਂਢਾ ਲਹਿਰਾ ਦੀਆਂ ਮਿਡ ਡੇ ਮੀਲ ਕੁੱਕ ਨੇ ਥਾਲੀਆਂ ਖੜਕਾ ਕੇ ਆਪਣਾ ਰੋਸ਼ ਪ੍ਰਗਟ ਕੀਤਾ। ਉਨਾਂ ਆਖਿਆ ਕਿ ਸਰਕਾਰ ਪ੍ਰਾਇਵੇਟ ਸੰਸਥਾਵਾਂ, ਫੈਕਟਰੀਆਂ ਆਦਿ ਦੇ ਮਾਲਕਾਂ ਨੂੰ ਨਸੀਹਤਾਂ ਦੇ ਰਹੀ ਹੈ ਕਿ ਉਨਾਂ ਕੋਲ ਕੰਮ ਕਰਨ ਵਾਲੇ ਸਭ ਵਰਕਰਾਂ ਨੂੰ ਤਨਖਾਹ ਦਿੱਤੀ ਜਾਵੇ ਜਦੋਂ ਕਿ ਖੁਦ ਇਸ ਦੀ ਪਾਲਣਾ ਨਹੀਂ ਕਰ ਰਹੀ ਹੈ।
ਡੈਮੋਕ੍ਰੇਟਿਕ ਮਿਡ ਡੇ ਮੀਲ ਕੁੱਕ ਫਰੰਟ ਪੰਜਾਬ ਦੀ ਸੂਬਾ ਮੀਤ ਪ੍ਰਧਾਨ ਜਲ ਕੌਰ ਸੌਂਢਾ ਲਹਿਰਾ ਨੇ ਸਰਕਾਰ ’ਤੇ ਦੋਸ਼ ਲਗਾਇਆ ਕਿ ਉਨਾਂ ਵੱਲੋਂ ਜਦੋਂ ਵੀ ਸਰਕਾਰ ਦੇ ਮੰਤਰੀਆਂ ਅਤੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਮੰਗਾਂ ਨੂੰ ਲੈ ਕੇ ਮੀਟਿੰਗਾਂ ਕੀਤੀਆਂ ਹਨ। ਉਨਾਂ ਨਾਲ ਮਾਰਚ ਮਹੀਨੇ ਦੀ ਤਨਖਾਹ ਦੇਣ ਅਤੇ ਤਨਖਾਹ 1700 ਰੁਪਏ ਤੋਂ ਵਧਾ ਕੇ ਦੁੱਗਣੀ ਕਰਨ ਦਾ ਭਰੋਸ਼ਾ ਦਿੱਤਾ ਗਿਆ ਅਤੇ ਵਿਭਾਗ ਵੱਲੋਂ ਬੀਮਾ ਕਰਨ ਬਾਰੇ ਵੀ ਸਹਿਮਤੀ ਦਿੱਤੀ ਗਈ। ਪਰ ਅਜੇ ਤਾਂਈ ਨਾ ਮਾਰਚ ਮਹੀਨੇ ਦੀ ਤਨਖਾਹ ਦਿੱਤੀ ਗਈ ਹੈ, ਨਾ ਦੁੱਗਣੀ ਕੀਤੀ ਗਈ ਹੈ ਅਤੇ ਨਾ ਹੀ ਬੀਮਾ ਕੀਤਾ ਗਿਆ। ਜਦੋਂ ਕਿ ਅੱਜ ਕਰੋਨਾ ਵਾਇਰਸ ਵਰਗੀ ਗੰਭੀਰ ਬਿਮਾਰੀ ਦੇ ਮਾਹੌਲ ਵਿੱਚ ਸਰਕਾਰ ਉਨਾਂ ਨੂੰ ਬੱਚਿਆਂ ਦੇ ਘਰਾਂ ਵਿੱਚ ਭੇਜ ਕੇ ਪੰਜਾਬ ਵਿੱਚ ਚਾਲੀ ਹਜ਼ਾਰ ਦੇ ਕਰੀਬ ਕੰਮ ਕਰਦੀਆਂ ਮਿਡ-ਡੇ-ਮੀਲ ਕੁੱਕ ਤੋਂ ਮੁਫ਼ਤ ਵਿੱਚ ਹੀ ਕੰਮ ਕਰਵਾ ਰਹੀ ਹੈ, ਕਿਉਂਕਿ ਛੁੱਟੀਆਂ ਦੇ ਮਹੀਨੇ ਦੀ ਤਨਖਾਹ ਵੀ ਉਨਾਂ ਨੂੰ ਨਹੀਂ ਦਿੱਤੀ ਜਾਂਦੀ।
ਸੂਬਾ ਆਗੂ ਨੇ ਅੱਗੇ ਦੱਸਿਆ ਕਿ ਮਿਡ-ਡੇ-ਮੀਲ ਕੁੱਕ ਦੇ ਕੰਮ ਲਈ ਵੱਡੀ ਗਿਣਤੀ ਵਿਧਵਾਵਾਂ ਅਤੇ ਹੋਰ ਅਤਿ ਦੇ ਗਰੀਬ ਵਰਗ ਵਿੱਚੋਂ ਔਰਤਾਂ ਕੰਮ ਕਰਦੀਆਂ ਹਨ। 23 ਮਾਰਚ ਤੋਂ ਲਗਾਏ ਗਏ ਕਰਫ਼ਿਊ ਤਹਿਤ ਬੰਦ ਕੀਤੇ ਸਭ ਕੰਮਾਂ-ਕਾਰਾਂ ਕਰਕੇ ਉਨਾਂ ਲਈ ਜੀਵਨ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਚੁੱਕਾ ਹੈ। ਇਸ ਲਈ ਸਰਕਾਰ ਹੋਰ ਵਰਗਾਂ ਦੀ ਤਰਾਂ ਉਨਾਂ ਨੂੰ ਵੀ ਮਾਰਚ ਮਹੀਨੇ ਤੋਂ ਲੈ ਕੇ ਮਈ ਤੱਕ ਦੇ ਤਿੰਨ ਮਹੀਨੇ ਦੀ ਅਡਵਾਂਸ ਤਨਖਾਹ ਦੇਵੇ ਅਤੇ ਉਨਾਂ ਦਾ ਤੁਰੰਤ ਬੀਮਾ ਕਰਵਾਏ। ਇਸ ਮੌਕੇ ਫਰੰਟ ਦੀ ਸੂਬਾ ਆਗੂ ਨੇ ਇਹ ਵੀ ਮੰਗ ਕੀਤੀ ਕਿ ਮਿਡ ਡੇ ਮੀਲ ਕੁੱਕ ਦੀਆਂ ਸੇਵਾਵਾਂ ਨੂੰ ਘੱਟੋ ਘੱਟ ਉਜਰਤ ਕਾਨੂੰਨ ਅਧੀਨ ਲਿਆ ਕੇ ਤਨਖਾਹਾਂ ਵਿੱਚ ਵਾਧਾ ਕੀਤਾ ਜਾਵੇ ਅਤੇ ਛੁੱਟੀਆਂ ਤੈਅ ਕੀਤੀਆਂ ਜਾਣ। ਇਸ ਮੌਕੇ ਉਨਾਂ ਨਾਲ ਜਸਵੀਰ ਕੌਰ, ਚਰਨਜੀਤ ਕੌਰ, ਮਨਜੀਤ ਕੌਰ ਅਤੇ ਕੁੱਕ ਬੀਬੀਆਂ ਦੇ ਪ੍ਰੀਵਾਰਾਂ ਦੇ ਬੱਚੇ ਵੀ ਹਾਜ਼ਰ ਸਨ।