ਰਜਨੀਸ਼ ਸਰੀਨ
- ਐੱਮਐੱਸਐੱਮਈ ਨੂੰ ਸੰਕਟ 'ਚੋਂ ਕੱਢਣ 'ਚ ਨਾਕਾਮ
ਲੁਧਿਆਣਾ, 14 ਮਈ 2020 - ਪੰਜਾਬ ਲਾਰਜ ਇੰਡਸਟਰੀਅਲ ਡਿਵਲਪਮੇਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ ਨੇ ਬੀਤੇ ਦਿਨ ਕੇਂਦਰ ਸਰਕਾਰ ਵੱਲੋਂ ਐਲਾਨੇ ਗਏ ਆਰਥਿਕ ਪੈਕੇਜ ਨੂੰ ਸਿਰਫ ਅੱਖਾਂ ਦਾ ਧੋਖਾ ਤੇ ਵਾਹਵਾਹੀ ਲੁੱਟਣ ਦੀ ਕੋਸ਼ਿਸ਼ ਕਰਾਰ ਦਿੱਤਾ ਹੈ, ਜਿਹੜਾ ਅਸਲਿਅਤ 'ਚ ਉਦਯੋਗਾਂ ਤੇ ਉਨ੍ਹਾਂ 'ਚ ਕੰਮ ਕਰਨ ਵਾਲੇ ਕਰੋੜਾਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ 'ਚ ਅਫਸਲ ਰਿਹਾ ਹੈ।
ਦੀਵਾਨ ਨੇ ਕਿਹਾ ਕਿ ਪੂਰਾ ਦੇਸ਼ ਕੋਰੋਨਾ ਮਹਾਂਮਾਰੀ ਕਾਰਨ ਲਾਗੂ ਤਾਲਾਬੰਦੀ ਵਿਚਾਲੇ ਕੇਂਦਰ ਸਰਕਾਰ ਤੋਂ ਰਾਹਤ ਦੀ ਉਮੀਦ ਕਰਿਆ ਬੈਠਾ ਸੀ, ਪਰ ਅਜਿਹਾ ਨਹੀਂ ਹੋਇਆ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਐਲਾਨਿਆ ਆਰਥਿਕ ਪੈਕੇਜ, ਪੈਕੀ ਬਣ ਕੇ ਰਹਿ ਗਿਆ, ਜਿਹੜਾ ਮਾਈਕ੍ਰੋ, ਸਮਾਲ ਤੇ ਮੀਡੀਅਮ ਇੰਡਸਟਰੀਜ ਨੂੰ ਸੰਕਟ 'ਚੋਂ ਕੱਢਣ 'ਚ ਨਾਕਾਮ ਪ੍ਰਤੀਤ ਹੁੰਦਾ ਹੈ। ਸਰਕਾਰ ਨੇ ਦੇਸ਼ ਭਰ ਦੇ ਕਰੀਬ 6 ਕਰੋੜ 30 ਲੱਖ ਐੱਮਐੱਸਐੱਮਈ 'ਚੋਂ ਸਿਰਫ 45 ਲੱਖ ਨੂੰ ਹੀ ਚੁਣਿਆ ਹੈ। ਬਾਕੀ ਉਦਯੋਗਾਂ ਦਾ ਕੀ ਹੋਵੇਗਾ? ਜਦਕਿ ਪੰਜਾਬ 'ਚ 2.52 ਲੱਖ ਉਦਯੋਗਿਕ ਕਾਰਖਾਨਿਆਂ 'ਚੋਂ ਸਿਰਫ 1000 ਵੱਡੇ ਉਦਯੋਗ ਹਨ।
ਇਸੇ ਤਰ੍ਹਾਂ, ਐੱਮਐੱਸਐੱਮਈ ਲਈ ਲੋਨ ਗਰੰਟੀ ਸਿਰਫ ਕਾਗਜੀ ਪ੍ਰਤੀਤ ਹੁੰਦੀ ਹੈ, ਜਿਸ 'ਤੇ ਬੈਂਕ ਅਮਲ ਨਹੀਂ ਕਰਦੇ। ਸਰਕਾਰ ਨੇ ਪਲਾਇਣ ਲਈ ਮਜਬੂਰ ਪ੍ਰਵਾਸੀ ਮਜਦੂਰਾਂ ਲਈ ਵੀ ਕੁਝ ਨਹੀਂ ਕੀਤਾ। ਲੁਧਿਆਣਾ ਦੀ ਸਾਈਕਲ ਤੇ ਹੌਜਰੀ-ਟੈਕਸਟਾਈਲ ਇੰਡਸਟਰੀ ਪਹਿਲਾਂ ਤੋਂ ਮੰਦੀ ਦੇ ਦੌਰ 'ਚ ਹੈ। ਪਰ ਕੇਂਦਰ ਵੱਲੋਨ ਐਲਾਨਿਆ 20 ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਸਿਰਫ ਅੱਖਾਂ ਦਾ ਧੋਖਾ ਤੇ ਵਾਹਵਾਹੀ ਲੁੱਟਣ ਦੀ ਕੋਸ਼ਿਸ਼ ਪ੍ਰਤੀਤ ਹੁੰਦਾ ਹੈ। ਜਿਵੇਂ ਇਨ੍ਹਾਂ ਨੇ ਛੇ ਸਾਲ ਪਹਿਲਾਂ ਵਿਦੇਸ਼ੀ ਬੈਂਕਾਂ ਤੋਂ ਲਿਆ ਕੇ 15-15 ਲੱਖ ਰੁਪਏ ਹਰੇਕ ਭਾਰਤ ਵਾਸੀ ਦੇ ਖਾਤੇ 'ਚ ਪਾਣ ਦਾ ਵਾਅਦਾ ਕੀਤਾ ਸੀ, ਜਿਹੜੇ ਰਸਤੇ 'ਚ ਬੈਲਜਿਅਮ ਵਰਗੇ ਦੇਸ਼ 'ਚ ਅਟਕ ਗਏ ਲੱਗਦੇ ਹਨ ਤੇ ਹਾਲੇ ਤੱਕ ਭਾਰਤ ਨਹੀਂ ਪਹੁੰਚ ਸਕੇ।