← ਪਿਛੇ ਪਰਤੋ
ਹਰਦਮ ਮਾਨ
ਸਰੀ, 13 ਅਪ੍ਰੈਲ 2020-ਪੰਜਾਬੀ ਪ੍ਰੈਸ ਕਲੱਬ ਆਫ ਬੀ.ਸੀ. ਵੱਲੋਂ ਭਾਰਤ ਵਿਚ ਪਿਛਲੇ ਕੁਝ ਦਿਨਾਂ ਦੌਰਾਨ ਪੱਤਰਕਾਰਾਂ ਨਾਲ ਪੁਲਿਸ ਅਤੇ ਸੱਤਾਧਾਰੀ ਧਿਰਾਂ ਵੱਲੋਂ ਕੀਤੀਆਂ ਧੱਕੇਸ਼ਾਹੀਆਂ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ ਹੈ। ਕਲੱਬ ਦੇ ਮੈਂਬਰਾਂ ਨੇ ਪੰਜਾਬ ਵਿੱਚ ਪੱਤਰਕਾਰ ਭੁਪਿੰਦਰ ਸਿੰਘ ਸੱਜਣ ਨੂੰ ਪੁਲਿਸ ਵੱਲੋਂ ਚੁੱਕੇ ਜਾਣ ਅਤੇ ਯੂ ਪੀ ਪੁਲਿਸ ਵੱਲੋਂ ਉਘੇ ਪੱਤਰਕਾਰ ਸਿਧਾਰਥ ਵਰਦਰਾਜਨ ਦੇ ਖ਼ਿਲਾਫ਼ ਬੇਲੋੜਾ ਮਾਮਲਾ ਦਰਜ ਕੀਤੇ ਜਾਣ ਦਾ ਵਿਰੋਧ ਕਰਦਿਆਂ ਇਨ੍ਹਾਂ ਕਾਰਵਾਈਆਂ ਦੀ ਸਖ਼ਤ ਸ਼ਬਦਾਂ ’ਚ ਨਿੰਦਿਆ ਕੀਤੀ ਹੈ। ਕਲੱਬ ਆਗੂਆਂ ਨੇ ਕਿਹਾ ਹੈ ਕਿ ਭੁਪਿੰਦਰ ਸੱਜਣ ਨਾਲ ਬੀਤੇ ਦਿਨੀਂ ਭਾਰਤ ਦੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇ ਸਮਰਥਕਾਂ ਨੇ ਵੀ ਹੱਥੋ ਪਾਈ ਕੀਤੀ ਸੀ। ਉਸ ਵਕਤ ਵੀ ਪੰਜਾਬੀ ਪ੍ਰੈਸ ਕਲੱਬ ਆਫ ਬੀ.ਸੀ. ਨੇ ਇਸ ਜ਼ਿਆਦਤੀ ਦਾ ਨੋਟਿਸ ਲਿਆ ਸੀ। ਹੁਣ ਭਾਵੇਂ ਭੁਪਿੰਦਰ ਸੱਜਣ ਨੂੰ ਚੁੱਕੇ ਜਾਣ ਦੇ ਕਾਰਨ ਅਜੇ ਪੂਰੀ ਤਰਾਂ ਸਪਸ਼ਟ ਨਹੀਂ ਪਰੰਤੂ ਵਰਦਰਾਜਨ ਦੇ ਖ਼ਿਲਾਫ਼ ਯੂ ਪੀ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਬਾਰੇ ਰਿਪੋਰਟ ਨਸ਼ਰ ਕਰਨ ਦੇ ਦੋਸ਼ ਤਹਿਤ ਫ਼ੌਜਦਾਰੀ ਮਾਮਲਾ ਦਰਜ ਕੀਤਾ ਗਿਆ ਹੈ। ਇਹੋ ਹੀ ਨਹੀਂ ਵਰਦਰਾਜਨ ਨੂੰ ਕੋਰੋਨਾ ਸੰਕਟ ਦੇ ਮੱਦੇਨਜ਼ਰ ਪੁਲਿਸ ਕੋਲ ਪੇਸ਼ ਹੋਣ ਲਈ ਨਾਦਰਸ਼ਾਹੀ ਫੁਰਮਾਨ ਜਾਰੀ ਕੀਤਾ ਗਿਆ ਹੈ। ਪ੍ਰੈਸ ਕਲੱਬ ਨੇ ਕਿਹਾ ਕਿ ਦੋਵੇਂ ਕਾਰਵਾਈਆਂ ਗ਼ੈਰ-ਵਾਜਬ ਹਨ ਅਤੇ ਮੰਗ ਕੀਤੀ ਹੈ ਕਿ ਭੁਪਿੰਦਰ ਸੱਜਣ ਨੂੰ ਫ਼ੌਰਨ ਰਿਹਾਅ ਕੀਤਾ ਜਾਵੇ ਅਤੇ ਵਰਦਰਾਜਨ ਦੇ ਖ਼ਿਲਾਫ਼ ਦਰਜ ਕੀਤਾ ਗਿਆ ਕੇਸ ਵਾਪਸ ਲਿਆ ਜਾਵੇ।
ਸੰਪਰਕ: ਹਰਦਮ ਮਾਨ +1 604 308 6663 ਈਮੇਲ : maanbabushahi@gmail.com
Total Responses : 267