ਹਰਦਮ ਮਾਨ
ਸਰੀ, 2 ਅਪ੍ਰੈਲ 2020 - ਬੀ.ਸੀ. ਵਿਚ ਕੋਵਿਡ -19 ਦੇ ਮਰੀਜ਼ਾਂ ਦੀ ਲਗਾਤਾਰ ਵੱਧ ਰਹੀ ਗਿਣਤੀ ਤੋਂ ਸੁਚੇਤ ਕਰਦਿਆਂ ਸਿਹਤ ਮੰਤਰੀ ਐਡਰੀਅਨ ਡਿਕਸ ਨੇ ਬ੍ਰਿਟਿਸ਼ ਕੋਲੰਬੀਆ ਦੇ ਨਾਗਰਿਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਵਿਦੇਸ਼ ਯਾਤਰਾ ਕਰਨ ਤੋਂ ਬਾਅਦ ਦੋ ਹਫਤਿਆਂ ਲਈ ਆਪਣੇ ਆਪ ਨੂੰ ਅਲੱਗ ਰੱਖਣ ਦੀ ਕਾਨੂੰਨੀ ਜ਼ਿੰਮੇਵਾਰੀ ਦੀ ਪਾਲਣਾ ਕਰਨਾ ਬਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ 14 ਦਿਨਾਂ ਇਕਾਂਤਵਾਸ ਵਿਚ ਰਹਿਣਾ ਕੋਈ ਰਸਮੀ ਕਾਰਵਾਈ ਨਹੀਂ ਸਗੋਂ ਇਹ ਕਾਨੂੰਨ ਹੈ ਅਤੇ ਇਸ ਦੀ ਉਲੰਘਣਾ ਕਰਨ ਵਾਲਿਆਂ ਨੂੰ ਜੁਰਮਾਨਾ ਹੋ ਸਕਦਾ ਹੈ ਅਤੇ ਜੇਲ੍ਹ ਵੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਨਿਯਮਾਂ ਦੀ ਪਾਲਣਾ ਨਾ ਕਰਨਾ ਅਸਲ ਵਿਚ ਭਾਈਚਾਰੇ ਦੇ ਲੋਕਾਂ ਨਾਲ ਇਕ ਵੱਡਾ ਧੋਖਾ ਹੈ।
ਉਨ੍ਹਾਂ ਕਿਹਾ ਕਿ ਮੁਸਾਫਰਾਂ ਨੂੰ ਕੈਨੇਡਾ ਆਉਣ ਵਾਲੀਆਂ ਉਡਾਣਾਂ ਤੋਂ ਪਹਿਲਾਂ ਅਤੇ ਹਵਾਈ ਜਹਾਜ਼ ਤੋਂ ਉਤਰਨ ਤੋਂ ਬਾਅਦ ਸਪਸ਼ਟ ਤੌਰ 'ਤੇ ਇਨ੍ਹਾਂ ਕਾਨੂੰਨੀ ਜ਼ਿੰਮੇਵਾਰੀਆਂ ਬਾਰੇ ਦੱਸਿਆ ਜਾਣਾ ਚਾਹੀਦਾ ਹੈ।
ਸੂਬਾਈ ਸਿਹਤ ਅਫਸਰ ਡਾ. ਬੋਨੀ ਹੈਨਰੀ ਨੇ ਅੱਜ ਦੱਸਿਆ ਕਿ ਬੀ.ਸੀ. ਵਿਚ ਕੋਰੋਨਾ ਵਾਇਰਸ ਦੇ 53 ਨਵੇਂ ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਸ ਨਾਲ ਹੁਣ ਤਕ ਸੂਬੇ ਵਿਚ ਇਸ ਵਾਇਰਸ ਤੋਂ ਪੀੜਤ ਲੋਕਾਂ ਦੀ ਕੁੱਲ ਗਿਣਤੀ 1,066 ਹੋ ਗਈ ਹੈ ਅਤੇ ਅੱਜ ਇਕ ਹੋਰ ਮੌਤ ਹੋ ਜਾਣ ਨਾਲ ਮ੍ਰਿਤਕਾਂ ਦੀ ਗਿਣਤੀ 25 ਹੋ ਚੁੱਕੀ ਹੈ। ਡਾ. ਹੈਨਰੀ ਨੇ ਕਿਹਾ ਕਿ ਬੀਸੀ ਦੇ ਹਸਪਤਾਲਾਂ ਵਿੱਚ ਹੁਣ 142 ਮਰੀਜ਼ ਦਾਖ਼ਲ ਹਨ, ਜਿਨ੍ਹਾਂ ਵਿੱਚੋਂ 67 ਆਈਸੀਯੂ ਵਿਚ ਦੇਖਭਾਲ ਅਧੀਨ ਹਨ ਅਤੇ 606 ਲੋਕ ਹੁਣ ਤੱਕ ਠੀਕ ਹੋ ਗਏ ਹਨ।
ਉਨ੍ਹਾਂ ਕਿਹਾ ਕਿ ਸਾਡੇ ਲਈ ਇਹ ਬਹੁਤ ਚੁਣੌਤੀ ਭਰਿਆ ਸਮਾਂ ਹੈ। ਬਿਨਾਂ ਸ਼ੱਕ ਅਸੀਂ ਇਸ ਵਿੱਚੋਂ ਸਫਲ ਹੋਵਾਂਗੇ ਪਰ ਇਹ ਕਹਿਣਾ ਮੁਸ਼ਕਲ ਹੈ ਕਿ ਅਜੇ ਹੋਰ ਕਿੰਨਾ ਸਮਾਂ ਲੱਗੇਗਾ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com