ਹਰਦਮ ਮਾਨ
ਸਰੀ, 4 ਮਈ 2020-ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮਾਨਸਿਕ ਸਿਹਤ ਅਤੇ ਪ੍ਰਾਇਮਰੀ ਸਿਹਤ ਸੇਵਾਵਾਂ ਨੂੰ ਆਨਲਾਈਨ ਕਰਨ ਲਈ ਫੈਡਰਲ ਸਰਕਾਰ ਵੱਲੋਂ 240 ਮਿਲੀਅਨ ਡਾਲਰ ਖਰਚਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਨਵਾਂ ਮਾਨਸਿਕ ਸਿਹਤ ਪਲੇਟਫਾਰਮ ਹਾਸ਼ੀਏ 'ਤੇ ਜਿਉਂ ਰਹੇ ਭਾਈਚਾਰਿਆਂ ਦੀ ਵਿਸ਼ੇਸ਼ ਸਹਾਇਤਾ ਲਈ ਰਣਨੀਤੀ ਪ੍ਰਦਾਨ ਕਰੇਗਾ ਅਤੇ ਜਿਨ੍ਹਾਂ ਮਰੀਜ਼ਾਂ ਨੂੰ ਡਾਕਟਰ ਦੇ ਦਫ਼ਤਰ ਜਾਣ ਦੀ ਜ਼ਰੂਰਤ ਨਹੀਂ ਹੁੰਦੀ, ਉਨ੍ਹਾਂ ਨੂੰ ਵਰਚੁਅਲ ਮੁੱਢਲੀ ਦੇਖਭਾਲ ਮੁਹੱਈਆ ਕਰਾਉਣ ਲਈ ਵੀ ਇਸ ਫੰਡ ਦੀ ਵਰਤੋਂ ਕੀਤੀ ਜਾਏਗੀ।
ਜਸਟਿਨ ਟਰੂਡੋ ਨੇ ਕਿਹਾ ਕਿ ਡਾਕਟਰਾਂ ਨੂੰ ਆਨਲਾਈਨ ਮੁਲਾਕਾਤਾਂ ਚਲਾਉਣ ਵਿਚ ਸਹਾਇਤਾ ਦਿੱਤੀ ਜਾਵੇਗੀ ਤਾਂ ਜੋ ਉਹ ਮਰੀਜ਼ਾਂ ਨੂੰ ਘਰ ਬੈਠਿਆਂ ਹੀ ਚੈਂਕ ਕਰ ਸਕਣ ਅਤੇ ਸੁਰੱਖਿਅਤ ਰੱਖ ਸਕਣ ਅਤੇ ਹਸਪਤਾਲਾਂ ਵਿਚ ਸਿਰਫ ਉਹੀ ਮਰੀਜ਼ ਹੀ ਜਾਣ ਜਿਨ੍ਹਾਂ ਨੂੰ ਇਲਾਜ ਦੀ ਸਭ ਤੋਂ ਵੱਧ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਜੇਕਰ ਲੋਕ ਘਰ ਬੈਠਿਆਂ ਹੀ ਇਕ ਦੂਜੇ ਨਾਲ ਸੰਪਰਕ ਕਰ ਸਕਦੇ ਹਨ ਅਤੇ ਖਾਣਾ ਆਰਡਰ ਕਰਨ ਲਈ ਐਪਸ ਦੀ ਵਰਤੋਂ ਕਰ ਸਕਦੇ ਹਾਨ ਤਾਂ ਇਕ ਦੂਜੇ ਨੂੰ ਤੰਦਰੁਸਤ ਰੱਖਣ ਲਈ ਨਵੀਂ ਤਕਨੀਕ ਦੀ ਵਰਤੋਂ ਵੀ ਕਰ ਸਕਦੇ ਹਨ।
ਉਨ੍ਹਾਂ ਵੈਨਕੂਵਰ ਅਧਾਰਤ ਬਾਇਓਟੈਕ ਫਰਮ ਅਬੇਕਲੇਰਾ ਲਈ 175 ਮਿਲੀਅਨ ਡਾਲਰ ਦੇਣ ਦਾ ਵੀ ਖੁਲਾਸਾ ਕੀਤਾ ਅਤੇ ਕਿਹਾ ਕਿ ਇਸ ਫਰਮ ਵੱਲੋਂ ਕੋਰੋਨਾ ਵਾਇਰਸ ਦੇ ਇਲਾਜ ਲਈ ਐਂਟੀਬਾਡੀਜ਼ ਦੀ ਪਛਾਣ ਕੀਤੀ ਗਈ ਹੈ ਜਿਸ ਦੀ ਵਰਤੋਂ ਸੰਭਾਵੀ ਡਰੱਗ ਵਜੋਂ ਕੀਤੀ ਜਾਵੇਗੀ ਅਤੇ ਇਸ ਐਂਟੀਬਾਡੀਜ਼ ਦੀ ਅਜ਼ਮਾਇਸ਼ ਜੁਲਾਈ ਵਿਚ ਸ਼ੁਰੂ ਹੋਵੇਗੀ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com