← ਪਿਛੇ ਪਰਤੋ
ਵਿਸ਼ਵ ਸਿਹਤ ਦਿਵਸ ਮੌਕੇ ਦਿੱਤਾ ਸੰਦੇਸ਼ ਚੰਡੀਗੜ, 07 ਅਪ੍ਰੈਲ 2020: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡਾਕਟਰਾਂ, ਪੈਰਾ-ਮੈਡੀਕਲ ਸਟਾਫ ਅਤੇ ਸਿਹਤ ਕਾਮਿਆਂ ਦੀਆਂ ਮਹਾਨ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਜੋ ਸੂਬਾ ਭਰ ਵਿੱਚ ਕੋਵਿਡ-19 ਦੇ ਫੈਲਾਅ ਨੂੰ ਰੋਕਣ ਅਤੇ ਜ਼ਿੰਦਗੀਆਂ ਬਚਾਉਣ ਲਈ ਜੀਅ-ਜਾਨ ਨਾਲ ਜੁਟੇ ਹੋਏ ਹਨ। ਵਿਸ਼ਵ ਸਿਹਤ ਦਿਵਸ ਮੌਕੇ ਇਕ ਸੰਦੇਸ਼ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਬਹੁਤ ਤਸੱਲੀ ਵਾਲੀ ਗੱਲ ਹੈ ਕਿ ਵਿਸ਼ਵ ਭਰ ਦਾ ਸਮੁੱਚਾ ਮੈਡੀਕਲ ਭਾਈਚਾਰਾ ਇਸ ਆਲਮੀ ਮਹਾਮਾਰੀ ਦੇ ਦਰਮਿਆਨ ਕਰੋਨਾਵਾਇਰਸ ਤੋਂ ਪੀੜਤ ਲੋਕਾਂ ਦੇ ਇਲਾਜ ਅਤੇ ਦੇਖਭਾਲ ਲਈ ਸਮਰਪਿਤ ਭਾਵਨਾ ਅਤੇ ਪੇਸ਼ੇਵਾਰ ਪਹੰੁਚ ਨਾਲ ਦਿਨ-ਰਾਤ ਕੰਮ ਕਰ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਜਾਨਲੇਵਾ ਮਹਾਮਾਰੀ ਵਿਰੁੱਧ ਲੜਾਈ ਵਿੱਚ ਮੈਡੀਕਲ ਭਾਈਚਾਰਾ ਆਪਣੀ ਜਾਨ ਦਾਅ ’ਤੇ ਲਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਰੋਨਾਵਾਇਰਸ ਦੀ ਰੋਕਥਾਮ ਲਈ ਸੂਬਾ ਸਰਕਾਰ ਦੇ ਉਪਰਾਲਿਆਂ ਨੂੰ ਸਹਿਯੋਗ ਕਰਨ ਬਦਲੇ ਡਾਕਟਰਾਂ ਅਤੇ ਬਾਕੀ ਸਿਹਤ ਅਮਲੇ ਦਾ ਵੀ ਧੰਨਵਾਦ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਮੈਡੀਕਲ ਭਾਈਚਾਰੇ ਦੀ ਸਖ਼ਤ ਮਿਹਨਤ, ਵਚਨਬੱਧਤਾ ਅਤੇ ਅਡੋਲ ਸਹਾਰੇ ਨਾਲ ਮਾਨਵਤਾ ਨੂੰ ਇਸ ਸੰਕਟ ’ਤੇ ਸਫਲਤਾ ਨਾਲ ਕਾਬੂ ਪਾਉਣ ਵਿੱਚ ਸਹਾਇਤਾ ਮਿਲੇਗੀ।
Total Responses : 267