ਚੰਡੀਗੜ੍ਹ, 04 ਅਪ੍ਰੈਲ 2020 - ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਭਾਈ ਨਿਰਮਲ ਸਿੰਘ ਖਾਲਸਾ ਦੀ ਮੌਤ ਸਬੰਧੀ ਅਤੇ ਉਨ੍ਹਾਂ ਦੇ ਇਲਾਜ ਸਬੰਧੀ ਕਿਸੇ ਵੀ ਕੁਤਾਹੀ ਤੋਂ ਇਨਕਾਰ ਕਰਦਿਆਂ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਦੇ ਡਾਕਟਰਾਂ ਨੂੰ ਕਲੀਨ ਚਿੱਟ ਦੇ ਦਿੱਤੀ ਹੈ ਉਨ੍ਹਾਂ ਇਹ ਦਾਅਵਾ ਕੀਤਾ ਕਿ ਭਾਈ ਨਿਰਮਲ ਸਿੰਘ ਰਾਗੀ ਦੇ ਇਲਾਜ ਵਿੱਚ ਕੋਈ ਕੁਤਾਹੀ ਨਹੀਂ ਹੋਈ ਅਤੇ ਜਿਸ ਤਰ੍ਹਾਂ ਦਾ ਇਲਾਜ ਉਨ੍ਹਾਂ ਦਾ ਹੋਣਾ ਚਾਹੀਦਾ ਸੀ ਉਹ ਕੀਤਾ ਗਿਆ। ਪਰ ਕੁਦਰਤ ਅੱਗੇ ਕੋਈ ਵੱਸ ਨਹੀਂ ਹੈ। ਮੁੱਖ ਮੰਤਰੀ ਨੇ ਇਹ ਪ੍ਰਗਟਾਵਾ ਅੱਜ ਸ਼ਾਮੀਂ ਨਿਊਜ਼-18 ਨਾਲ ਇੱਕ ਵਿਸ਼ੇਸ਼ ਇੰਟਰਵਿਊ ਦੌਰਾਨ ਕੀਤਾ।
ਜਦੋਂ ਉਨ੍ਹਾਂ ਨੂੰ ਇਹ ਸਵਾਲ ਪੁੱਛਿਆ ਗਿਆ ਕਿ ਭਾਈ ਨਿਰਮਲ ਸਿੰਘ ਦੀ ਹਸਪਤਾਲ ਵਿੱਚੋਂ ਆਖਰੀ ਵਾਰ ਉਨ੍ਹਾਂ ਦੇ ਪਰਿਵਾਰ ਨਾਲ ਹੋਈ ਗੱਲਬਾਤ ਵਿੱਚ ਉਹ ਦੋਸ਼ ਲਾ ਰਹੇ ਹਨ ਕਿ ਉਨ੍ਹਾਂ ਦਾ ਇਲਾਜ ਸਹੀ ਨਹੀਂ ਹੋ ਰਿਹਾ ਤਾਂ ਇਸਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਇਹ ਵੇਰਵਾ ਦਿੱਤਾ ਕਿ ਉਹ ਕਦੋਂ-ਕਦੋਂ ਕਿੱਥੇ-ਕਿੱਥੇ ਚੈੱਕਅਪ ਕਰਵਾਉਣਗੇ ਅਤੇ ਆਖਰਕਾਰ ਉਨ੍ਹਾਂ ਦੀ ਗੁਰੂ ਨਾਨਕ ਹਸਪਤਾਲ ਵਿੱਚ ਕਿਸ ਤਰ੍ਹਾਂ ਮੌਤ ਹੋਈ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਆਪਣੇ ਪੱਧਰ ਤੇ ਇਸ ਮਾਮਲੇ ਦੀ ਪੜਤਾਲ ਕਰਾ ਲਈ ਹੈ ਕਿ ਭਾਈ ਨਿਰਮਲ ਸਿੰਘ ਦੇ ਇਲਾਜ ਵਿੱਚ ਕੋਈ ਕੁਤਾਹੀ ਨਹੀਂ ਹੋਈ।
ਚੇਤੇ ਰਹੇ ਕਿ ਭਾਈ ਨਿਰਮਲ ਸਿੰਘ ਦੀ ਉਨ੍ਹਾਂ ਦੇ ਪੁੱਤਰ ਅਤੇ ਪਰਿਵਾਰ ਨਾਲ ਆਖਰੀ ਗੱਲਬਾਤ ਦੀ ਆਡੀਓ ਸਾਹਮਣੇ ਆਉਣ ਤੇ ਸਿੱਖ ਜਗਤ ਵਿੱਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ ਅਤੇ ਵੱਖ-ਵੱਖ ਨੇਤਾਵਾਂ ਅਤੇ ਹਲਕਿਆਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕੇ ਭਾਈ ਨਿਰਮਲ ਸਿੰਘ ਖਾਲਸਾ ਦੇ ਇਲਾਜ ਸਬੰਧੀ ਪੂਰੀ ਪੜਤਾਲ ਕਰਾਈ ਜਾਵੇ ਕਿ ਕੀ ਉਨ੍ਹਾਂ ਨੂੰ ਹਸਪਤਾਲ ਵਿੱਚ ਸਹੀ ਇਲਾਜ ਮਿਲਿਆ ਜਾਂ ਨਹੀਂ। ਉਨ੍ਹਾਂ 'ਤੇ ਸੁਖਦੇਵ ਸਿੰਘ ਢੀਂਡਸਾ ਰਵਿੰਦਰ ਸਿੰਘ ਅਤੇ ਬ੍ਰਹਮਪੁਰਾ ਨੇ ਤਾਂ ਇੱਕ ਸਾਂਝੇ ਬਿਆਨ ਵਿੱਚ ਇੱਥੋਂ ਤੱਕ ਦੋਸ਼ ਲਾ ਦਿੱਤਾ ਹੈ ਕਿ ਭਾਈ ਨਿਰਮਲ ਸਿੰਘ ਖਾਲਸਾ ਦੀ ਮੌਤ ਨਹੀਂ ਹੋਈ ਸਗੋਂ ਉਨ੍ਹਾਂ ਦਾ ਕਤਲ ਹੋਇਆ ਹੈ ਅਜਿਹੇ ਹੀ ਦੋਸ਼ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ, ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਅਤੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਵੀ ਲਾਏ ਹਨ ਕਿ ਭਾਈ ਨਿਰਮਲ ਸਿੰਘ ਖਾਲਸਾ ਦਾ ਜੋ ਇਲਾਜ ਹੋਣਾ ਚਾਹੀਦਾ ਸੀ ਉਹ ਨਹੀਂ ਹੋਇਆ ਇਸ ਲਈ ਸਰਕਾਰ ਜ਼ਿੰਮੇਵਾਰ ਹੈ।