- ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਨੇ 50 ਕੁਵਿੰਟਲ ਦੀ ਸ਼ਰਤ ਹਟਾ ਕੇ ਇੱਕ ਕਿਸਾਨ ਦੀ ਇੱਕੋ ਵਾਰੀ ਵਿੱਚ ਫਸਲ ਖਰੀਦਣ ਦੀ ਕੀਤੀ ਮੰਗ
ਫਿਰੋਜ਼ਪੁਰ 15 ਅਪ੍ਰੈਲ 2020 : ਪੰਜਾਬ ਸਰਕਾਰ ਵੱਲੋਂ ਪੰਜਾਬ ਵਿਚ ਕਿਸਾਨਾਂ ਦੀ ਕਣਕ ਖਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਕਿਸਾਨਾਂ ਨੂੰ ਸਿਰਫ 50 ਕੁਇੰਟਲ ਹੀ ਕਣਕ ਮੰਡੀ ਵਿਚ ਲਿਆਉਣ ਦੀ ਸ਼ਰਤ ਲਗਾਈ ਗਈ ਹੈ, ਪਰ ਮੰਡੀਆਂ ਵਿਚ ਸਰਕਾਰ ਦੇ ਖਰੀਦ ਦੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ ਅਤੇ 50 ਕੁਇੰਟਲ ਦੀ ਸ਼ਰਤ ਕਿਸਾਨਾਂ ਦੇ ਫਿੱਟ ਨਹੀਂ ਬੈਠ ਰਹੀ ਜਿਸ ਨੂੰ ਲੈ ਕੇ ਕਿਸਾਨਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਾ ਹੋਇਆ ਸੂਬਾ ਆਗੂ ਅਵਤਾਰ ਸਿੰਘ ਮਹਿਮਾ ਨੇ ਦੱਸਿਆ ਕਿ ਫੋਨਾਂ ਰਾਹੀਂ ਪਤਾ ਕੀਤਾ ਗਿਆ ਹੈ ਕਿ ਪੰਜਾਬ ਦੇ ਪਿੰਡਾਂ ਦੀਆਂ ਵੱਖ ਵੱਖ ਮੰਡੀਆਂ ਵਿਚ ਹਾਲੇ ਤੱਕ ਖ਼ਰੀਦ ਪ੍ਰਬੰਧ ਮੁਕੰਮਲ ਨਹੀਂ ਕੀਤੇ ਗਏ। ਵੱਡੀ ਪੱਧਰ 'ਤੇ ਹਾਲੇ ਤੱਕ ਆੜਤੀਆਂ, ਮੰਡੀ ਵਿਚ ਕੰਮ ਕਰਨ ਵਾਲੀ ਲੇਬਰ ਅਤੇ ਕਿਸਾਨਾਂ ਨੂੰ ਪਾਸ ਹੀ ਜਾਰੀ ਨਹੀਂ ਹੋਏ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਨਾਲੋਂ ਪੰਦਰਾਂ ਦਿਨ ਪਹਿਲਾਂ ਹੀ ਖ਼ਰੀਦ ਲੇਟ ਚੱਲ ਰਹੀ ਹੈ ਅਤੇ ਅਜੇ ਵੀ ਪ੍ਰਸ਼ਾਸਨ ਦਾ ਖ਼ਰੀਦ ਪ੍ਰਬੰਧ ਕਰਨ ਦਾ ਕੰਮ ਢਿੱਲਾ ਚੱਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਇੱਕਾ ਦੁੱਕਾ ਸ਼ਹਿਰੀ ਮੰਡੀਆਂ ਤੋਂ ਇਲਾਵਾ ਪਿੰਡਾਂ ਦੀਆਂ ਮੰਡੀਆਂ ਵਿਚ ਸਰਕਾਰ ਦੇ ਸਾਰੇ ਦਾਅਵੇ ਖੋਖਲੇ ਸਾਬਤ ਹੋਏ ਹਨ। ਇਸ ਦੇ ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਉੱਪਰ 50 ਕੁਇੰਟਲ ਤੋਂ ਵੱਧ ਕਣਕ ਮੰਡੀ ਵਿਚ ਨਾ ਲਿਆਉਣ ਦੀ ਸ਼ਰਤ ਖਤਮ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਚੱਲਦਿਆਂ ਜੇਕਰ 50 ਕੁਇੰਟਲ ਤੱਕ ਦੀ ਲਿਮਟ ਰੱਖੀ ਜਾਂਦੀ ਹੈ ਤਾਂ ਬਹੁਤੇ ਕਿਸਾਨਾਂ ਨੂੰ ਵਾਰ ਵਾਰ ਮੰਡੀ ਵਿਚ ਆਉਣਾ ਪਵੇਗਾ ਜੋ ਕਿ ਇਕ ਸਮੱਸਿਆ ਦਾ ਕਾਰਨ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਕਿਸਾਨਾਂ ਕੋਲ ਘਰਾਂ ਵਿਚ ਫ਼ਸਲ ਰੱਖਣ ਵਾਸਤੇ ਜਗ੍ਹਾ ਨਹੀਂ ਅਤੇ ਜੇਕਰ ਉਹ ਖੇਤਾਂ ਵਿਚ ਫ਼ਸਲ ਦੀ ਢੇਰੀ ਕਰਦੇ ਹਨ ਤਾਂ ਅੱਧੋਂ ਜ਼ਿਆਦਾ ਫਸਲ ਖਰਾਬ ਹੋ ਜਾਵੇਗੀ, ਜਿਸ ਨਾਲ ਕਿਸਾਨਾਂ ਲਈ ਵੱਡਾ ਆਰਥਿਕ ਸੰਕਟ ਖੜ੍ਹਾ ਹੋਵੇਗਾ।
ਇਸ ਲਈ ਛੋਟੇ ਤੋਂ ਮੱਧ ਵਰਗੀ ਅਤੇ ਉਸ ਤੋਂ ਬਾਅਦ ਵੱਡੇ ਕਿਸਾਨਾਂ ਨੂੰ ਕ੍ਰਮਵਾਰ ਪਾਸ ਜਾਰੀ ਕਰ ਕੇ ਇੱਕੋ ਵਾਰ ਵਿਚ ਇਕ ਕਿਸਾਨ ਨੂੰ ਫ਼ਸਲ ਵੇਚਣ ਦੀ ਆਗਿਆ ਦਿੱਤੀ ਜਾਵੇ ਤਾਂ ਕਿ ਕਿਸਾਨਾਂ ਦਾ ਮੰਡੀਆਂ ਵਿਚ ਆਉਣਾ ਘੱਟ ਕੀਤਾ ਜਾ ਸਕੇ। ਇਸ ਦੇ ਨਾਲ ਹੀ ਜਿੱਥੇ ਸੰਭਵ ਹੋ ਸਕੇ ਵੱਡੇ ਕੰਡਿਆਂ ਉੱਪਰ ਟਰਾਲੀ ਤੋਲ ਕੇ ਢੇਰੀ ਕਰਵਾ ਲਈ ਜਾਵੇ ਤੇ ਕਿਸਾਨਾਂ ਨੂੰ ਫਾਰਗ ਕੀਤਾ ਜਾਵੇ। ਇਸ ਮੌਕੇ ਸੂਬਾ ਆਗੂ ਗੁਰਮੀਤ ਸਿੰਘ ਮਹਿਮਾ ਤੋਂ ਇਲਾਵਾ ਮਨਜੀਤ ਸਿੰਘ, ਮੇਜਰ ਸਿੰਘ, ਅਮਰੀਕ ਸਿੰਘ, ਕਸ਼ਮੀਰ ਸਿੰਘ, ਦਲਜੀਤ ਸਿੰਘ, ਮੁਖਤਿਆਰ ਸਿੰਘ, ਸੁਖਜਿੰਦਰ ਸਿੰਘ, ਸੁਖਦੇਵ ਸਿੰਘ, ਜਸਕਰਨ ਸਿੰਘ, ਰਤਨ ਸਿੰਘ ਆਦਿ ਕਿਸਾਨ ਆਗੂ ਹਾਜ਼ਰ ਸਨ।