ਅਸ਼ੋਕ ਵਰਮਾ
ਬਠਿੰਡਾ, 27 ਅਪ੍ਰੈਲ 2020: ਰਾਜਸਥਾਨ ਦੀ ਸਿੱਖਿਆ ਨਗਰੀ ਕੋਟਾ ਵਿਚ ਫਸੇ ਹੋਏ ਪੰਜਾਬ ਦੇ 152 ਵਿਦਿਆਰਥੀਆਂ ਨੂੰ ਅੱਜ ਵਾਪਸ ਪੰਜਾਬ ਪਰਤਣ ਤੇ ਬਠਿੰਡਾ ਜਿਲੇ ਦੇ ਹਰਿਆਣਾ ਨਾਲ ਲੱਗਦੇ ਡੰੂਮਵਾਲੀ ਬਾਰਡਰ ਤੇ ਉਨਾਂ ਨੂੰ ਮੁੱਢਲੇ ਮੈਡੀਕਲ ਚੈਕਅੱਪ ਤੋਂ ਬਾਅਦ ਪਿੱਤਰੀ ਜਿਲਿਆਂ ’ਚ ਭੇਜ ਦਿੱਤਾ ਗਿਆ ਹੈ। ਡਿਪਟੀ ਕਮਿਸਨਰ ਬੀ ਸ੍ਰੀ ਨਿਵਾਸਨ ਨੇ ਦੱਸਿਆ ਕਿ ਜਿਲੇ ਦੀ ਹੱਦ ਤੇ ਬੱਸਾਂ ਵਿਚ ਆਏ ਵਿਦਿਆਰਥੀਆਂ ਨੂੰ ਨਾਸ਼ਤਾ ਦਿੱਤਾ ਗਿਆ ਜਿਸ ਪਿੱਛੋਂ ਇੱਥੋਂ ਪੀਆਰਟੀਸੀ ਦੀਆਂ ਬੱਸਾਂ ਵਿਚ ਰਵਾਨਾ ਕੀਤਾ ਗਿਆ।ਇਸ ਮੌਕੇ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਵੱਲੋਂ ਉਨਾਂ ਦੀ ਘਰ ਵਾਪਸੀ ਲਈ ਰਾਹਦਾਰੀ ਦਾ ਪ੍ਰਬੰਧ ਕਰਨ ਅਤੇ ਅੰਤਰਰਾਜੀ ਹੱਦ ਤੋਂ ਘਰਾਂ ਤੱਕ ਪੀਆਰਟੀਸੀ ਦੀਆਂ ਬੱਸਾਂ ਮੁਹਈਆ ਕਰਵਾਉਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।
ਇੰਨਾਂ ਵਿਦਿਆਰਥੀਆਂ ਵਿਚ ਬਠਿੰਡੇ ਦੇ 24 ਵਿਦਿਆਰਥੀਆਂ ਤੋਂ ਇਲਾਵਾ ਬਰਨਾਲੇ ਦਾ ਇਕ, ਲੁਧਿਆਣਾ ਦੇ 25, ਹੁਸਿਆਰਪੁਰ ਦੇ 2, ਤਰਨਤਾਰਨ ਦਾ ਇਕ, ਸ੍ਰੀ ਅੰਮਿ੍ਰਤਸਰ ਸਾਹਿਬ ਦੇ 9, ਗੁਰਦਾਸਪੁਰ ਦੇ 13, ਪਠਾਨਕੋਟ ਦੇ 16, ਫਰੀਦਕੋਟ ਦੇ 2, ਫਿਰੋਜਪੁਰ ਦੇ 6, ਸ੍ਰੀ ਮੁਕਤਸਰ ਸਾਹਿਬ ਦੇ 2, ਫਾਜਿਲਕਾ ਦੇ 14, ਮੋਗਾ ਦਾ 1, ਜਲੰਧਰ ਦੇ 10, ਕਪੂਰਥਲਾ ਦੇ 4, ਮਾਨਸਾ ਦੇ 5, ਸੰਗਰੂਰ ਦੇ 2, ਪਟਿਆਲਾ ਦੇ 4, ਫਤਿਹਗੜ ਸਾਹਿਬ ਦੇ 3, ਰੁਪਨਗਰ ਦੇ 2, ਮੋਹਾਲੀ ਦੇ 2 ਅਤੇ ਚੰਡੀਗੜ ਦੇ 4 ਵਿਦਿਆਰਥੀ ਸਾਮਿਲ ਹਨ। ਤਲਵੰਡੀ ਸਾਬੋ ਦੀ ਵਿਦਿਆਰਥਣ ਹਰਪ੍ਰੀਤ ਕੌਰ ਨੇ ਕਿਹਾ ਕਿ ਰਸਤੇ ਵਿਚ ਉਨਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਗਈ।
ਇਸ ਮੌਕੇ ਅੰਤਰਰਾਜੀ ਸਰੱਹਦ ਤੇ ਆਉਣ ਵਾਲੇ ਵਿਦਿਆਰਥੀਆਂ ਦੀ ਬਿਨਾਂ ਮੁਸ਼ਕਲ ਦਾਖਲੇ ਅਤੇ ਮੈਡੀਕਲ ਟੈਸਟ ਆਦਿ ਦੀ ਨਿਗਰਾਨੀ ਕਰ ਰਹੇ ਤਹਿਸੀਲਦਾਰ ਸ: ਸੁਖਬੀਰ ਸਿੰਘ ਬਰਾੜ ਨੇ ਦੱਸਿਆ ਕਿ ਇਸ ਮੌਕੇ ਨੌਜਵਾਨ ਵੇਲਫੇਅਰ ਸੁਸਾਇਟੀ ਵੱਲੋਂ ਵਿਦਿਆਰਥੀਆਂ ਲਈ ਨਾਸ਼ਤਾ ਮੁਹੱਈਆ ਕਰਵਾਇਆ ਗਿਆ।