ਰਜਨੀਸ਼ ਸਰੀਨ
ਪਟਿਆਲਾ, 07 ਅਪ੍ਰੈਲ 2020 - ਕੋਰੋਨਾ ਕਰਫਿਊ ਕਾਰਨ ਸਕੂਲਾਂ 'ਚ ਜਾਣ ਤੋਂ ਅਸਮਰੱਥ ਹੋਏ ਵਿਦਿਆਰਥੀਆਂ ਨੂੰ ਵਿਦਿਅਕ ਗਤੀਵਿਧੀਆਂ ਨਾਲ ਜੋੜਨ ਲਈ ਜਿਲ੍ਹਾ ਪਟਿਆਲਾ ਦੇ ਅਧਿਆਪਕ ਪੂਰੀ ਤਰ੍ਹਾਂ ਸਰਗਰਮ ਹੋ ਚੁੱਕੇ ਹਨ। ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਤੇ ਜਿਲ੍ਹਾ ਸਿੱਖਿਆ ਅਫਸਰ (ਐਲੀ.) ਇੰਜੀ. ਅਮਰਜੀਤ ਸਿੰਘ ਦੀ ਹੱਲਾਸ਼ੇਰੀ ਨਾਲ ਸਿੱਖਿਆ ਬਲਾਕ ਭੁੱਨਰਹੇੜੀ-2 ਦੇ ਸਾਰੇ 57 ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀ ਆਨਲਾਈਨ ਪੜ੍ਹਾਈ ਕਰਨ 'ਚ ਮਸਰੂਫ ਹੋ ਗਏ ਹਨ।
ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਭੁੱਨਰਹੇੜੀ-੨ ਸ੍ਰੀਮਤੀ ਨੀਰੂ ਬਾਲਾ ਨੇ ਦੱਸਿਆ ਕਿ ਉਨ੍ਹਾਂ ਦੇ ਬਲਾਕ ਦੇ ਸਾਰੇ ਅਧਿਆਪਕ, ਵਿਦਿਆਰਥੀਆਂ ਨੂੰ ਜ਼ੂਮ ਐਪ ਜ਼ਰੀਏ ਨਿਰਧਾਰਤ ਸਮੇਂ 'ਤੇ ਪੜਾਉਂਦੇ ਹਨ ਅਤੇ ਫਿਰ ਵਿਦਿਆਰਥੀ ਵਟਸ ਐਪ ਰਾਹੀਂ ਦਿੱਤੇ ਗਏ ਹੋਮ ਵਰਕ ਨੂੰ ਆਪੋ-ਆਪਣੇ ਅਧਿਆਪਕਾਂ ਕੋਲ ਪਹੁੰਚਾਉਂਦੇ ਹਨ। ਅਧਿਆਪਕ ਬੱਚਿਆਂ ਦਾ ਕੰਮ ਚੈਕ ਕਰਕੇ, ਵਾਪਿਸ ਵਟਸ ਐਪ ਰਾਹੀਂ ਉਨ੍ਹਾਂ ਨੂੰ ਹੱਲਾਸ਼ੇਰੀ ਦਿੰਦੇ ਹਨ। ਸ੍ਰੀਮਤੀ ਨੀਰੂ ਬਾਲਾ ਨੇ ਦੱਸਿਆ ਕਿ ਵਿਦਿਆਰਥੀ ਬਹੁਤ ਹੀ ਚਾਅ ਨਾਲ ਪੜਾਈ ਕਰਨ ਲੱਗੇ ਹਨ।
ਬਹੁਤ ਸਾਰੇ ਵਿਦਿਆਰਥੀਆਂ ਦੇ ਮਾਪੇ ਵੀ ਇਸ ਨਵੇਂ ਕ੍ਰਿਸ਼ਮੇ ਤੋਂ ਖੁਸ਼ ਹਨ ਅਤੇ ਬੱਚਿਆਂ ਦੀ ਪੜ੍ਹਾਈ ਵੱਲ ਉਚੇਚਾ ਧਿਆਨ ਦੇ ਰਹੇ ਹਨ। ਇਸ ਸਮੁੱਚੀ ਕਾਰਗੁਜ਼ਾਰੀ ਦਾ ਪੜ੍ਹੋ ਪੰਜਾਬ ਦੇ ਬਲਾਕ ਮੈਂਟਰ ਨਰਿੰਦਰ ਸਿੰਘ ਵੀ ਸਮੇਂ-ਸਮੇਂ ਸਿਰ ਮੁਲਾਂਕਣ ਵੀ ਕਰਦੇ ਰਹਿੰਦੇ ਹਨ।ਸਰਕਾਰੀ ਐਲੀਮੈਂਟਰੀ ਸਕੂਲ ਧਰਮਗੜ੍ਹ ਦੇ ਮੁਖੀ ਰਾਜੀਵ ਗਰਗ ਦਾ ਕਹਿਣਾ ਹੈ ਕਿ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਪਾਠਕ੍ਰਮ ਨਾਲ ਸਬੰਧਤ ਪੁਸਤਕਾਂ ਵੀ ਖੂਬਸੂਰਤ ਰੂਪ 'ਚ ਆਨਲਾਈਨ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਈ ਜਾ ਚੁੱਕੀਆਂ ਹਨ, ਜੋ ਵਿਦਿਆਰਥੀਆਂ ਨੂੰ ਬਹੁਤ ਅਕਾਰਸ਼ਤ ਕਰ ਰਹੀਆਂ ਹਨ।