- ਸਰਕਾਰੀ ਪ੍ਰਾਇਮਰੀ ਸਕੂਲ ਮਾਛੀਵਾੜਾ ਵਿਖੇ ਚੋਰਾਂ ਨੇ ਲਾਈ ਸੰਨ
ਫਿਰੋਜ਼ਪੁਰ, 17 ਅਪ੍ਰੈਲ 2020 : ਇੱਕ ਪਾਸੇ ਜਿੱਥੇ ਕਰੋਨਾ ਵਰਗੀ ਮਹਾਂਮਾਰੀ ਤੋਂ ਲੋਕ ਸਾਵਧਾਨੀਆਂ ਵਰਤ ਰਹੇ ਹਨ ਅਤੇ ਪੰਜਾਬ ਸਰਕਾਰ ਵੱਲੋਂ ਬਹੁਤੇ ਸਰਕਾਰੀ ਅਦਾਰਿਆਂ ਵਿੱਚ ਲਾਕਡਾਊਨ, ਕਰਫਿਊ ਕਰਕੇ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ, ਉੱਥੇ ਹੀ ਇਨ੍ਹਾਂ ਦਿਨਾਂ ਵਿਚ ਚੋਰਾਂ ਅਤੇ ਨਸ਼ੇੜੀਆਂ ਨੂੰ ਬੰਦ ਸਥਾਨਾਂ ਉੱਪਰ ਬੇਝਿਜਕ ਹੋ ਕੇ ਚੋਰੀਆਂ ਕਰਨ ਦੇ ਮੌਕੇ ਮਿਲ ਗਏ ਹਨ। ਪਿਛਲੇ ਦਿਨੀਂ ਵੀ ਜ਼ਿਲ੍ਹਾ ਫਿਰੋਜਪੁਰ ਦੇ ਕੁਝ ਸਕੂਲਾਂ ਵਿਚ ਚੋਰਾਂ ਵੱਲੋਂ ਚੋਰੀਆਂ ਕੀਤੀਆਂ ਗਈਆਂ ਹਨ।
ਸਰਕਾਰੀ ਸਕੂਲਾਂ ਨੂੰ ਸਕੂਲ ਅਧਿਆਪਕਾਂ, ਪਿੰਡ ਵਾਸੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੀ ਮਿਹਨਤ ਨਾਲ ਸਮਾਰਟ ਸਕੂਲ ਬਣਾਉਣ ਵਿਚ ਪੂਰਾ ਜੋਰ ਲਾਇਆ ਹੈ। ਅਜਿਹੀ ਹੀ ਚੋਰੀ ਦੀ ਵਾਰਦਾਤ ਸਰਕਾਰੀ ਪ੍ਰਾਇਮਰੀ ਸਕੂਲ ਮਾਛੀਵਾੜਾ ਬਲਾਕ ਫਿਰੋਜ਼ਪੁਰ-3 ਜ਼ਿਲ੍ਹਾ ਫਿਰੋਜਪੁਰ ਵਿਖੇ ਸਾਹਮਣੇ ਆਈ ਹੈ। ਇਸ ਮੌਕੇ ਚੋਰਾਂ ਵੱਲੋਂ ਇੰਨਵਰਟਰ ਅਤੇ ਬੈਟਰੀ, ਐੱਲਈਡੀ, ਮਿਊਜਿਕ ਸਿਸਟਮ, ਸਪੀਕਰ, ਇੱਕ ਪਤੀਲਾ, ਪੰਜਾਹ ਕਿਲੋਗਰਾਮ ਚਾਵਲ, ਪੰਜਾਹ ਕਿਲੋਗਰਾਮ ਕਣਕ ਅਤੇ ਸਕੂਲ ਦਾ ਪੁਰਾਣਾ ਰਿਕਾਰਡ ਚੋਰੀ ਕਰ ਲਿਆ ਗਿਆ ਹੈ।
ਚੋਰੀ ਦੀ ਵਾਰਦਾਤਾਂ ਵਾਪਰਨ ਤੋਂ ਬਾਅਦ ਸਕੂਲ ਪ੍ਰਬੰਧਕ ਕਮੇਟੀ, ਸਕੂਲ ਮੁਖੀ ਸ਼ਵੇਤਾ ਰਾਣੀ, ਸਕੂਲ ਅਧਿਆਪਕਾਵਾਂ ਕਿਰਨ ਬਾਲਾ, ਸੋਨਿਕਾ ਰਾਣੀ, ਜਸਬੀਰ ਕੌਰ, ਸੁਮਨ, ਕਿਰਨ ਅਤੇ ਪਿੰਡ ਵਾਸੀਆਂ ਵੱਲੋਂ ਇਸ ਚੋਰੀ ਲਈ ਦੁਖ ਦਾ ਪ੍ਰਗਟਾਵਾ ਕੀਤਾ। ਚੋਰੀ ਸਬੰਧੀ ਸਕੂਲ ਪ੍ਰਬੰਧਕ ਕਮੇਟੀ ਅਤੇ ਸਕੂਲ ਮੁਖੀ ਵੱਲੋਂ ਪੁਲਿਸ ਨੂੰ ਦਰਖਾਸਤ ਦੇ ਦਿੱਤੀ ਹੈ। ਇੱਥੇ ਜਿਕਰਯੋਗ ਹੈ ਕਿ ਇਸ ਤੋਂ ਪਹਿਲਾ ਸਰਕਾਰੀ ਪ੍ਰਾਇਮਰੀ ਸਕੂਲ ਮਧਰੇ, ਸਰਕਾਰੀ ਪ੍ਰਾਇਮਰੀ ਸਕੂਲ ਜਖਰਾਵਾਂ, ਸਰਕਾਰੀ ਪ੍ਰਾਇਮਰੀ ਸਕੂਲ ਬਸਤੀ ਭੱਟੀਆਂ ਵਿਖੇ ਵੀ ਚੋਰਾਂ ਵੱਲੋਂ ਸਕੂਲਾਂ ਦਾ ਕੀਮਤੀ ਸਮਾਨ ਚੋਰੀ ਕੀਤਾ ਜਾ ਚੁੱਕਾ ਹੈ। ਪਿੰਡ ਵਾਸੀਆਂ ਵੱਲੋਂ ਇਸ ਚੋਰੀ ਦੀ ਵਾਰਦਾਤ ਨੂੰ ਅਤਿ ਨਿੰਦਣਯੋਗ ਕਰਾਰ ਦਿੰਦਿਆ ਕਿਹਾ ਕਿ ਸਕੂਲਾਂ ਵਿਚ ਇਸ ਪ੍ਰਕਾਰ ਦੀਆਂ ਚੋਰੀਆਂ ਜਿਨ੍ਹਾਂ ਵਿਚ ਬੱਚਿਆਂ ਦੀ ਸਿਹਤ ਲਈ ਖਾਣਾ ਅਤੇ ਪੜਾਈ ਲਈ ਜ਼ਰੂਰੀ ਸਮਾਨ ਚੋਰੀ ਕਰਨਾ ਬਹੁਤ ਹੀ ਮੰਦਭਾਗਾ ਹੈ ਅਤੇ ਇਹ ਇਨਸਾਨੀਅਤ ਕਦਰਾਂ-ਕੀਮਤਾ ਵਿਰੋਧੀ ਕਦਮ ਹੈ।