ਅਸ਼ੋਕ ਵਰਮਾ
ਬਠਿੰਡਾ, 7 ਅਪ੍ਰੈਲ 2020 - ਕੋਵਿਡ-19 ਇੱਕ ਵਾਇਰਸ ਹੈ ਇਹ ਇਕ ਤੋਂ ਦੂਜੇ ਨੂੰ ਮੂੰਹ ਅਤੇ ਨੱਕ ਵਿੱਚੋਂ ਨਿਕਲੇ ਵਾਸ਼ਪ ਨਾਲ ਫੈਲਦਾ ਹੈ ਇਸ ਤੋਂ ਡਰਨ ਦੀ ਲੋੜ ਹੈ ਪਰ ਘਬਰਾਉਣ ਦੀ ਲੋੜ ਨਹੀਂ। ਕੋਰੋਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ ਸਰਬਜੀਤ ਸਿੰਘ ਸੀਨੀਅਰ ਮੈਡੀਕਲ ਅਫਸਰ ਕਮਿਊਨਿਟੀ ਹੈਲਥ ਸੈਂਟਰ ਨੇ ਦੱਸਿਆ ਕਿ ਇਸ ਸਮੇਂ ਕੋਰੋਨਾ ਵਾਇਰਸ ਪੂਰੇ ਸੰਸਾਰ ਵਿੱਚ ਫੈਲ ਚੁੱਕਾ ਹੈ।
ਸਿਹਤ ਵਿਭਾਗ ਦੁਆਰਾ ਆਪਣਾ ਕੰਮ ਕੀਤਾ ਜਾ ਰਿਹਾ ਹੈ ਪਰ ਇਕੱਲੇ ਸਿਹਤ ਵਿਭਾਗ ਦੁਆਰਾ ਕੀਤੇ ਜਾਣ ਵਾਲੇ ਕੰਮ ਕਾਫ਼ੀ ਨਹੀਂ ਹਨ। ਇਸ ਲਈ ਆਮ ਲੋਕਾਂ ਨੂੰ ਵੀ ਆਪਣਾ ਫ਼ਰਜ਼ ਸਮਝਣ ਦੀ ਜਰੂਰਤ ਹੈ। ਇਹ ਵਾਇਰਸ ਇਕ ਤੋਂ ਦੂਜੇ ਤੱਕ ਮੂੰਹ ਅਤੇ ਨੱਕ ਵਿੱਚੋਂ ਨਿਕਲੇ ਵਾਸ਼ਪ ਨਾਲ ਫੈਲਦਾ ਹੈ। ਇਸ ਲਈ ਇਕ ਦੂਜੇ ਤੋਂ ਦੂਰੀ ਬਣਾਏ ਰੱਖਣੀ ਜਰੂਰੀ ਹੈ ਅਤੇ ਇਸ ਦੇ ਨਾਲ ਹੀ ਇਕ ਦੂਜੇ ਦੀ ਲਾਗ ਤੋਂ ਬਚਣ ਲਈ ਆਪਣੇ ਹੱਥਾਂ ਦੀ ਸਾਫ਼ ਸਫ਼ਾਈ ਦੀ ਬਹੁਤ ਜ਼ਰੂਰਤ ਹੈ।
ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਸ ਤੋਂ ਤੁਹਾਨੂੰ ਹੋਰ ਕੋਈ ਨਹੀਂ ਬਚਾਅ ਸਕਦਾ, ਜਦੋਂ ਤੱਕ ਤੁਸੀਂ ਖੁਦ ਆਪਣੇ ਆਪ ਨੂੰ ਨਹੀਂ ਬਚਾਉਂਦੇ। ਕਿਉਂਕਿ ਕੋਰੋਨਾ ਉਦੋਂ ਤੱਕ ਤੁਹਾਡੇ ਘਰ ਨਹੀਂ ਆਏਗਾ ਜਦੋਂ ਤੱਕ ਤੁਸੀਂ ਖ਼ੁਦ ਘਰੋਂ ਬਾਹਰ ਨਹੀਂ ਜਾਉਂਗੇ। ਸਾਨੂੰ ਇਸ ਕਰਫਿਊ ਨੂੰ ਘਰ ਰਹਿ ਕੇ ਸਫ਼ਲ ਬਣਾਉਣਾ ਚਾਹੀਦਾ ਹੈ ਜਿਸ ਵਿੱਚ ਸਾਡਾ ਆਪਣਾ ਪਰਿਵਾਰ ਅਤੇ ਸਮਾਜ ਦਾ ਵੀ ਫ਼ਾਇਦਾ ਹੈ। ਇਹ ਗੱਲ ਵੀ ਧਿਆਨ ਵਿੱਚ ਰੱਖਣ ਵਾਲੀ ਹੈ ਕਿ ਇਸ ਵਾਇਰਸ ਨਾਲ ਮੌਤ ਦਰ ਬਹੁਤ ਘੱਟ ਹੈ। ਇਸ ਵਾਇਰਸ ਤੋਂ ਡਰਨ ਦੀ ਲੋੜ ਹੈ ਪਰ ਇਸ ਤੋਂ ਘਬਰਾਉਣ ਦੀ ਜਰੂਰਤ ਨਹੀਂ ਹੈ।
ਸਾਹਿਲ ਪੁਰੀ ਬਲਾਕ ਹੈਲਥ ਐਜੂਕੇਟਰ ਨੇ ਕਿਹਾ ਕਿ ਸਾਡੇ ਸਰੀਰਾਂ ਵਿੱਚ ਰੋਗਾਂ ਨਾਲ ਲੜਨ ਦੀ ਸ਼ਕਤੀ ਮੌਜੂਦ ਹੈ ਅਤੇ ਇਕ ਤੰਦਰੁਸਤ ਵਿਅਕਤੀ ਇਸ ਵਾਇਰਸ ਨਾਲ ਪੀੜਤ ਹੋਣ ਤੋਂ ਬਾਅਦ ਠੀਕ ਹੋ ਸਕਦਾ ਹੈ ਜੇਕਰ ਉਹ ਇਲਾਜ ਕਰ ਰਹੇ ਡਾਕਟਰ ਤੇ ਯਕੀਨ ਰੱਖੇ ਅਤੇ ਚੜਦੀ ਕਲਾ ਵਿੱਚ ਰਹੇ। ਇਸ ਸਮੇਂ ਅਸੀਂ ਸਾਰੇ ਇੱਕ ਲੜਾਈ ਲੜ ਰਹੇ ਹਾਂ ਅਤੇ ਲੜਾਈਆਂ ਹੌਸਲੇ ਨਾਲ ਜਿੱਤੀਆਂ ਜਾਂਦੀਆਂ ਹਨ।
ਕਿਸੇ ਵਿਅਕਤੀ ਦੀ ਰਿਪੋਰਟ ਪੋਜਟਿਵ ਆਉਣ ਦਾ ਇਹ ਮਤਲਬ ਨਹੀਂ ਹੁੰਦਾ ਕਿ ਉਹ ਮਰਨ ਵਾਲਾ ਹੈ। ਯਕੀਨ ਅਤੇ ਹੌਸਲੇ ਨਾਲ ਹਰ ਲੜਾਈ ਜਿੱਤੀ ਜਾ ਸਕਦੀ ਹੈ। ਆਪਣੀ ਖੁਰਾਕ ਸਹੀ ਰੱਖੋ, ਖੁਸ਼ ਰਹੋ, ਚੜਦੀ ਕਲਾ ਵਿੱਚ ਰਹੋ, ਇਕ ਦੂਜੇ ਤੋਂ ਦੂਰੀ ਬਣਾ ਕੇ ਰੱਖੋ ਅਤੇ ਆਪਣੇ ਹੱਥਾਂ ਨੂੰ ਬਿਨ੍ਹਾਂ ਧੋਤਿਆਂ ਆਪਣੇ ਮੂੰਹ ਨੂੰ ਨਾ ਛੂਹੋ। ਸਿਹਤ ਵਿਭਾਗ ਦੀ ਮੈਡੀਕਲ ਅਤੇ ਪੈਰਾ ਮੈਡੀਕਲ ਟੀਮ ਦਿਨ ਰਾਤ ਆਪ ਦੀ ਸੇਵਾ ਵਿਚ ਹਾਜ਼ਰ ਹੈ ਲੇਕਿਨ ਤੁਹਾਨੂੰ ਵੀ ਸਾਥ ਦੇਣਾ ਹੋਵੇਗਾ। ਇਸ ਲੜਾਈ ਨੂੰ ਜਿਤਣ ਲਈ ਜਨਤਾ ਦੇ ਸਹਿਯੋਗ ਤੋਂ ਬਿਨ੍ਹਾਂ ਕੋਰੋਨਾ ਨਾਲ ਚੱਲ ਰਹੀ ਲੜਾਈ ਨਹੀਂ ਜਿੱਤ ਸਕਾਂਗੇ।