ਅਸ਼ੋਕ ਵਰਮਾ
ਬਠਿੰਡਾ, 8 ਅਪਰੈਲ 2020 - ਬਠਿੰਡਾ ਸ਼ਹਿਰ ’ਚ ਸਮਾਜਸੇਵੀਆਂ ਦਾ ਕਾਫਲਾ ਕੋਰੋਨਾ ਦੇ ਖੌਫ ਦੌਰਾਨ ਵੀ ਬੇਖੌਫ ਹੋਕੇ ਸੇਵਾ ਦੇ ਰਾਹ ਉੱਤੇ ਚੱਲਿਆ ਹੈ। ਸ਼ਹਿਰ ਦੇ ਗਰੀਬਾਂ ਨੂੰ ਕੋਈ ਫਿਕਰ ਨਹੀਂ ਹੈ। ਸ਼ਹਿਰ ਦੀਆਂ ਸਮਾਜਿਕ ਸੰਸਥਾਵਾਂ ਸਵੇਰ ਸ਼ਾਮ ਲੰਗਰ ਪੁੱਜਦਾ ਕਰ ਰਹੀਆਂ ਹਨ। ਅੱਧੀ ਦਰਜਨ ਦੇ ਕਰੀਬ ਸੰਸਥਾਵਾਂ ਰਾਸ਼ਨ ਇਕੱਠਾ ਕਰਦੀਆਂ ਹਨ ਤੇ ਰੋਟੀਆਂ ਬਨਾਉਣ ਉਪਰੰਤ ਗਰੀਬ ਘਰਾਂ ਵਿਚ ਵੰਡ ਦਿੱਤਾ ਜਾਂਦਾ ਹੈ। ਪੰਜਾਬ ਦੀ ਤਾਲੇਬੰਦੀ ਦੌਰਾਨ ਇਹ ਸਮਾਜ ਸੇਵੀ ਗਰੀਬਾਂ ਦੀ ਦੇਹਲੀ ’ਤੇ ਪੁੱਜ ਰਹੇ ਹਨ ਜਿਨਾਂ ਚੋਂ ਕਿਸੇ ਨੂੰ ਆਪਣੀ ਭੁੱਖ ਦਾ ਫਿਕਰ ਨਹੀਂ। ਹੁਣ ਤਾਂ ਇਹ ਹਾਲ ਹੈ ਕਿ ਬਹੁਤੇ ਲੋੜਵੰਦਾਂ ਨੂੰ ਭੋਜਨ ਦੀ ਕੋਈ ਤੋਟ ਨਹੀਂ ਰਹੀ।
ਨੌਜਵਾਨ ਵੈਲਫੇਅਰ ਸੋਸਾਇਟੀ ਦਾ ਪ੍ਰਧਾਨ ਕਰਫਿਊ ਲੱਗਣ ਵਾਲੇ ਦਿਨ ਤੋਂ ਹੀ ਲੰਗਰ ਸੇਵਾ ’ਚ ਜੁਟਿਆ ਹੋਇਆ ਹੋਇਆ ਹੈ। ਲੋੜਵੰਦ ਘਰਾਂ ਦੀ ਸ਼ਨਾਖ਼ਤ ਕੀਤੀ ਗਈ ਹੈ, ਜਿਨਾਂ ਵਿਚ ਟੀਮ ਖਾਣ ਪੀਣ ਦਾ ਸਮਾਨ ਪੁੱਜਦਾ ਕਰਦੀ ਹੈ। ਸੁਸਾਇਟੀ ਦੇ ਵਲੰਟੀਅਰ ਦੇਰ ਰਾਤ ਤੱਕ ਲੋੜਵੰਦਾਂ ਨੂੰ ਭੋਜਨ ਛਕਾਉਂਦੇ ਹਨ। ਬਿਨਾਂ ਕਿਸੇ ਸਖ਼ਤੀ ਤੋਂ ਪੂਰਾ ਮੋਰਚਾ ਜ਼ਾਬਤੇ ਵਿਚ ਰਹਿ ਕੇ ਚਲਾਇਆ ਜਾ ਰਿਹਾ ਹੈ। ਵੱਡੇ ਤੜਕੇ ਹੀ ਇਹ ਕਾਫਲਾ ਫਿਰ ਤੋਂ ਖਾਣਾ ਤਿਆਰ ਕਰਨ ’ਚ ਲੱਗ ਜਾਂਦਾ ਹੈ। ਸੁਸਾਇਟੀ ਦੇ ਵਲੰਟੀਅਰਾਂ ਵੱਲੋਂ ਤਾਂ ਬੇਜੁਬਾਨ ਪਸ਼ੂਆਂ ਨੂੰ ਹਰਾ ਚਾਰਾ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਸੋਨੂੰ ਮਹੇਸ਼ਵਰੀ ਆਖਦਾ ਹੈ ਕਿ ਬੇਜੁਬਾਨ ਤਾਂ ਕਿਸੇ ਨੂੰ ਕੁੱਝ ਬੋਲ ਕੇ ਵੀ ਨਹੀਂ ਦੱਸ ਸਕਦੇ ਹਨ।
ਅਜਿਹੇ ਜੁਝਾਰੂ ਨੌਜਵਾਨਾਂ ਦੀ ਲੜੀ ’ਚ ਬਠਿੰਡਾ ਦੇ ਗੁਰਵਿੰਦਰ ਸ਼ਰਮਾ ਦਾ ਨਾਮ ਵੀ ਆਉਂਦਾ ਹੈ । ਗੁਰਵਿੰਦਰ ਪਹਿਲੀ ਵਾਰ ਉਦੋਂ ਚਰਚਾ ’ਚ ਆਇਆ ਜਦੋਂ ਉਸ ਨੇ ਪੇਰੈਂਟਸ ਐਸੋਸੀਏਸ਼ਨ ਬਣਾ ਕੇ ਪ੍ਰਾਈਵੇਟ ਸਕੂਲਾਂ ਵੱਲੋਂ ਫੀਸਾਂ ਤੇ ਫੰਡਾਂ ਰਾਹੀਂ ਮਾਪਿਆਂ ਦੀ ਕੀਤੀ ਜਾਂਦੀ ਕਥਿਤ ਲੁੱਟ ਖਿਲਾਫ ਝੰਡਾ ਚੁੱਕਿਆ ਸੀ। ਹੁਣ ਸਹਿਯੋਗ ਵੈਲਫੇਅਰ ਕਲੱਬ ਰਾਹੀਂ ਲੋਕਾਂ ਦੇ ਦੁੱਖਾਂ ਦੀ ਦਾਰੂ ਬਨਣ ਵਾਲੇ ਗੁਰਵਿੰਦਰ ਅਤੇ ਉਸ ਦੀ ਟੀਮ ਨੇ ਫੈਸਲਾ ਕੀਤਾ ਹੈ ਕਿ ਕਿਸੇ ਨੂੰ ਭੁੱਖਾ ਨਹੀਂ ਸੌਣ ਦੇਣਾ ਹੈ। ਕਰੀਬ ਇੱਕ ਦਰਜਨ ਤੋਂ ਵੱਧ ਨੌਜਵਾਨ ਆਪਣੇ ਹੱਥੀਂ ਖਾਣਾ ਤਿਆਰ ਕਰਦੇ ਹਨ ਜਿਸ ਦੀ ਦੇਖ ਰੇਖ ਗੁਰਵਿੰਦਰ ਕਰਦਾ ਹੈ। ਵੱਖ ਵੱਖ ਮਹਿਕਮਿਆਂ ਦੇ ਕਈ ਸੀਨੀਅਰ ਅਫਸਰ ਉਸ ਨੂੰ ਸਹਿਯੋਗ ਦਿੰਦੇ ਹਨ। ਫੌਜੀ ਦਾ ਪੁੱਤਰ ਗੁਰਵਿੰਦਰ ਆਖਦਾ ਹੈ ਕਿ ਜਿੰਨਾਂ ਚਿਰ ਸਾਹ ਵਗਦੇ ਹਨ ਓਨਾਂ ਸਮਾਂ ਮਾਨਵਤਾ ਦੇ ਲੇਖੇ ਲਾਉਣ ਦਾ ਫੈਸਲਾ ਕੀਤਾ ਹੋਇਆ ਹੈ।
ਇਸੇ ਤਰਾਂ ਹੀ ਸਹਾਰਾ ਜਨਸੇਵਾ ਆਪਣੇ ਪ੍ਰਧਾਨ ਵਿਜੇ ਗੋਇਲ ਦੀ ਅਗਵਾਈ ਹੇਠ ਜਰੂਰਤਮੰਦ ਲੋਕਾਂ ਦੀ ਸੇਵਾ ਲਈ ਮੈਦਾਨ ’ਚ ਡਟੀ ਹੋਈ ਹੈ। ਕਿਸੇ ਵੀ ਹੰਗਾਮੀ ਹਾਲਤ ਨਾਂਲ ਨਿਪਟਣ ਲਈ ਸੰਸਥਾ ਦੀਆਂ ਗੱਡੀਆਂ ਹਰ ਵੇਲੇ ਤਿਆਰ ਰਹਿੰਦੀਆਂ ਹਨ। ਕਿਸੇ ਨੂੰ ਦਵਾਈ ਦੀ ਲੋੜ ਹੈ, ਕਿਸੇ ਨੂੰ ਰਾਸ਼ਨ ਪਾਣੀ ਦੀ, ਸੰਸਥਾ ਦੇ ਵਲੰਟੀਅਰਾਂ ਦੀ ਟੀਮ ਹੋਮ ਡਿਲਿਵਰੀ ਦਿੰਦੀ ਹੈ। ਉਨਾਂ ਦੱਸਿਆ ਕਿ ਦਾਨਂ ਸੱਜਣ ਆਖ ਗਏ ਹਨ ਕਿ ਸੇਵਾ ਬੰਦ ਨਹੀਂ ਹੋਣ ਦੇਣੀ ਕਿਸੇ ਫਿਕਰ ਦੀ ਲੋੜ ਨਹੀਂ ਹੈ। ਸਹਰਾ ਵਰਕਰਾਂ ਨੇ ਕਰਫਿਊ ਦੇ ਸ਼ੁਰੂਆਤੀ ਦੌਰ ’ਚ ਦੁੱਧ ਦੇ ਪੈਕਟ ਵੀ ਵੰਡੇ ਤੇ ਚਾਹ ਆਦਿ ਵੀ ਵੰਡੀ ਹੈ।
ਸਮਾਜਸੇਵੀ ਸਾਧੂ ਰਾਮ ਕੁਸਲਾ ਪਿਛਲੇ ਕਈ ਦਿਨਾਂ ਤੋਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਮੋਢੇ ਨਾਂਲ ਮੋਢਾ ਜੋੜ ਕੇ ਉੜੀਆ ਕਲੋਨੀ ਦੇ ਘਰ ਘਰ ’ਚ ਭੋਜਨ ਵੰਡ ਰਿਹਾ ਹੈੇ। ਉਹ ਸ਼ਹਿਰ ਦੀਆਂ ਸਮਾਜਿਕ ਧਿਰਾਂ ਦੀ ਜੱਥੇਬੰਦੀ ਬੈਂਗੋ ਦਾ ਆਗੂ ਹੈ। ਕੁਸਲਾ ਦਾ ਕਹਿਣਾ ਸੀ ਉਹ ਇਨਸਾਨੀ ਫਰਜ਼ ਨਿਭਾ ਰਹੇ ਹਨ, ਕਿਸੇ ’ਤੇ ਕੋਈ ਵੀ ਅਹਿਸਾਨ ਨਹੀਂ ਕਰ ਰਿਹਾ ਹੈ। ਇਵੇਂ ਹੀ ਆਸਰਾ ਵੈਲਫੇਅਰ ਸੁਸਾਇਟੀ, ਪ੍ਰਧਾਨ ਰਮੇਸ਼ ਮਹਿਤਾ ਦੀ ਅਗਵਾਈ ਹੇਠ ਕਰਫਿਊ ਦੌਰਾਨ 3600 ਤੋਂ ਵੱਧ ਲੋਕਾਂ ਨੂੰ ਖਾਣਾ ਮੁਹੱਈਆ ਕਰਵਾ ਚੁੱਕੀ ਹੈ। ਰਮੇਸ਼ ਮਹਿਤਾ ਆਖਦੇ ਹਨ ਕਿ ਇਾ ਸਿਲਸਿਲਾ ਜਾਰੀ ਰੱਖਿਆ ਜਾਏਗਾ।